Canada : 3 ਪੰਜਾਬੀ tow truck ਅਪ੍ਰੇਟਰਾਂ ਨੂੰ ਮਿਲੀ ਰਾਹਤ
ਕੈਨੇਡਾ ਵਿਚ ਤਿੰਨ ਪੰਜਾਬੀ ਟੋਅ ਟਰੱਕ ਅਪ੍ਰੇਟਰਾਂ ਸਣੇ 11 ਜਣਿਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਐਡਮਿੰਟਨ ਪੁਲਿਸ ਨੇ ਚੁੱਪ ਚਪੀਤੇ ਧੋਖਾਧੜੀ ਦੇ ਦੋਸ਼ ਵਾਪਸ ਲੈ ਲਏ
ਐਡਮਿੰਟਨ : ਕੈਨੇਡਾ ਵਿਚ ਤਿੰਨ ਪੰਜਾਬੀ ਟੋਅ ਟਰੱਕ ਅਪ੍ਰੇਟਰਾਂ ਸਣੇ 11 ਜਣਿਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਐਡਮਿੰਟਨ ਪੁਲਿਸ ਨੇ ਚੁੱਪ ਚਪੀਤੇ ਧੋਖਾਧੜੀ ਦੇ ਦੋਸ਼ ਵਾਪਸ ਲੈ ਲਏ। ਪਰਮਿੰਦਰ ਸਵੈਚ, ਰਵਿੰਦਰ ਤੂਰ, ਸੁਖਜਿੰਦਰ ਸਿੰਘ ਅਤੇ ਹੋਰਨਾਂ ਵਿਰੁੱਧ ਬੀਮਾ ਕੰਪਨੀਆਂ ਨੂੰ ਜਾਅਲੀ ਬਿਲ ਭੇਜਣ ਦੇ ਦੋਸ਼ ਲੱਗੇ ਸਨ। ਪੁਲਿਸ ਨੇ ਦਾਅਵਾ ਕੀਤਾ ਸੀ ਕਿ 10 ਵੱਖ-ਵੱਖ ਟੋਅ ਟਰੱਕ ਅਪ੍ਰੇਟਰਾਂ ਵੱਲੋਂ ਬੀਮਾ ਕੰਪਨੀਆਂ ਨੂੰ 1 ਲੱਖ 20 ਹਜ਼ਾਰ ਡਾਲਰ ਤੋਂ ਵੱਧ ਰਕਮ ਦੇ ਬਿਲ ਭੇਜੇ ਗਏ ਅਤੇ ਮਾਰਚ 2025 ਤੋਂ ਮਈ 2025 ਦਰਮਿਆਨ ਪਰਮਿੰਦਰ ਸਵੈਚ ਤੇ ਰਵਿੰਦਰ ਤੂਰ ਦੀ ਐਡਮਿੰਟਨ ਟੋਇੰਗ ਸਰਵਿਸਿਜ਼ ਲਿਮ., ਸੁਖਜਿੰਦਰ ਸਿੰਘ ਦੀ ਟੀ.ਬੀ.ਟੀ. ਟੋਇੰਗ ਲਿਮ., ਮੁਸਤਫ਼ਾ ਖਲਾਫ਼ ਦੀ ਏ.ਐਮ.ਕੇ. ਟੋਇੰਗ, ਮਹਿਮੂਦ ਅਲ ਅਨਾਨ ਦੀ ਡਿਸਕਾਊਂਟ ਟੋਇੰਗ ਲਿਮ ਅਤੇ ਮਹਿਦੀ ਅਲ ਅਲੌਨ ਦੀ ਇਨਫ਼ੀਨਿਟੀ ਟੋਇੰਗ ਐਂਡ ਰਿਕਵਰੀ ਸਰਵਿਸਿਜ਼ ਕਾਰਪੋਰੇਸ਼ਨ ਸਣੇ ਹੋਰਨਾਂ ਵਿਰੁੱਧ ਫਰੌਡ ਦੇ ਦੋਸ਼ ਆਇਦ ਕੀਤੇ ਗਏ।
ਐਡਮਿੰਟਨ ਪੁਲਿਸ ਨੇ ਵਾਪਸ ਲਏ ਫਰੌਡ ਦੇ ਦੋਸ਼
ਕ੍ਰਾਊਨ ਦੀ ਤਰਜਮਾਨ ਮਿਸ਼ੇਲ ਡੈਵੀਓ ਦਾ ਕਹਿਣਾ ਸੀ ਕਿ ਐਲਬਰਟਾ ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਮਸਲੇ ਦੀ ਡੂੰਘਾਈ ਨਾਲ ਘੋਖ ਕੀਤੀ ਗਈ ਅਤੇ ਸਿੱਟਾ ਕੱਢਿਆ ਕਿ ਕੋਈ ਠੋਸ ਸਬੂਤ ਨਾ ਹੋਣ ਕਰ ਕੇ ਕਿਸੇ ਨੂੰ ਦੋਸ਼ੀ ਕਰਾਰ ਦਿਤੇ ਜਾਣ ਦੇ ਆਸਾਰ ਨਹੀਂ। ਉਧਰ ਐਡਮਿੰਟਨ ਟੋਇੰਗ ਸਰਵਿਸਿਜ਼ ਲਿਮ. ਦੇ ਮੀਡੀਆ ਮੈਨੇਜਰ ਰੌਬਿਨ ਸਵੈਚ ਨੇ ਕਿਹਾ ਕਿ ਦੋਸ਼ ਲੱਗਣੇ ਅਤੇ ਦੋਸ਼ੀ ਕਰਾਰ ਦੇਣਾ, ਦੋਵੇਂ ਬਿਲਕੁਲ ਵੱਖੋ ਵੱਖਰੀਆਂ ਚੀਜ਼ਾਂ ਹਨ। ਰੌਬਿਨ ਸਵੈਚ ਮੁਤਾਬਕ ਉਨ੍ਹਾਂ ਦੇ ਸਟਾਫ਼ ਇਕ ਬੰਦਾ ਕਥਿਤ ਤੌਰ ’ਤੇ ਗਲਤ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਨਟਾਰੀਓ ਤੋਂ ਇਕ ਸਬ ਕੌਂਟਰੈਕਟਰ ਦੀਆਂ ਸੇਵਾਵਾਂ ਲਈਆਂ ਗਈਆਂ ਜੋ ਲੋਕਾਂ ਤੋਂ ਵੱਧ ਰਕਮ ਲੈ ਕੇ ਆਪਣੀ ਜੇਬ ਭਰ ਲੈਂਦਾ ਸੀ। ਇਸੇ ਦੌਰਾਨ ਐਲਬਰਟਾ ਮੋਟਰ ਐਸੋਸੀਏਸ਼ਨ ਨੇ ਕਿਹਾ ਕਿ 2024 ਤੱਕ ਟੋਅ ਟਰੱਕ ਐਕਸੀਡੈਂਟ ਚੇਜ਼ਰਜ਼ ਦਾ ਨਾਮੋ ਨਿਸ਼ਾਨ ਨਹੀਂ ਸੀ ਪਬ 2025 ਦੀਆਂ ਗਰਮੀਆਂ ਦੌਰਾਨ ਐਡਮਿੰਟਨ ਅਤੇ ਕੈਲਗਰੀ ਵਿਖੇ ਸ਼ਿਕਾਇਤਾਂ ਦਾ ਹੜ੍ਹ ਆ ਗਿਆ।