ਕੈਨੇਡਾ ਦੀ ਪੀ.ਆਰ. ਦਾ ਰਾਹ ਹੋਇਆ ਸੌਖਾ

ਕੈਨੇਡਾ ਦੀ ਪੀ.ਆਰ. ਦਾ ਰਾਹ ਸੌਖਾ ਕਰਦਿਆਂ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜੌਬ ਆਫ਼ਰ ਦੇ ਵੱਖਰੇ ਨੰਬਰਾਂ ਵਾਲਾ ਨਿਯਮ ਮੁੜ ਲਿਆਂਦਾ ਜਾ ਰਿਹਾ ਹੈ

Update: 2026-03-17 12:39 GMT

ਟੋਰਾਂਟੋ : ਕੈਨੇਡਾ ਦੀ ਪੀ.ਆਰ. ਦਾ ਰਾਹ ਸੌਖਾ ਕਰਦਿਆਂ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜੌਬ ਆਫ਼ਰ ਦੇ ਵੱਖਰੇ ਨੰਬਰਾਂ ਵਾਲਾ ਨਿਯਮ ਮੁੜ ਲਿਆਂਦਾ ਜਾ ਰਿਹਾ ਹੈ ਅਤੇ ਐਲ.ਐਮ.ਆਈ.ਏ. ਯਾਨੀ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ’ਤੇ ਆਧਾਰਤ ਨੌਕਰੀਆਂ ਦੀ ਪੇਸ਼ਕਸ਼ ਵੀ ਪ੍ਰਵਾਨ ਕੀਤੀ ਜਾਵੇਗੀ। ਸਿਰਫ਼ ਐਨਾ ਹੀ ਨਹੀਂ, ਕੈਨੇਡਾ ਵਿਚ ਕੰਮ ਦੇ ਤਜਰਬੇ ਨੂੰ ਵੀ ਤਰਜੀਹ ਦਿਤੀ ਜਾਵੇਗੀ। ਜੀ ਹਾਂ, ਮਾਰਚ 2025 ਵਿਚ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਨੌਕਰੀ ਦੀ ਪੇਸ਼ਕਸ਼ ਦੇ ਬੋਨਸ ਪੁਆਇੰਟ ਦੇਣ ਦੀ ਪ੍ਰਕਿਰਿਆ ਬੰਦ ਕਰ ਦਿਤੀ ਜਿਸ ਤਹਿਤ ਐਕਸਪ੍ਰੈਸ ਐਂਟਰੀ ਅਧੀਨ ਉਮੀਦਵਾਰਾਂ ਨੂੰ 50 ਤੋਂ 200 ਤੱਕ ਵਾਧੂ ਸੀ.ਆਰ.ਐਸ. ਪੁਆਇੰਟ ਮਿਲ ਜਾਂਦੇ ਸਨ। ਕੈਨੇਡਾ ਸਰਕਾਰ ਦੇ ਫੈਸਲੇ ਪਿੱਛੇ ਐਲ.ਐਮ.ਆਈ.ਏ. ਦੇ ਨਾਂ ’ਤੇ ਨੌਜਵਾਨਾਂ ਤੋਂ ਵਸੂਲੀਆਂ ਜਾ ਰਹੀਆਂ ਮੋਟੀਆਂ ਰਕਮਾਂ ਜਾਂ ਠੱਗੀ ਠੋਰੀ ਨੂੰ ਆਧਾਰ ਬਣਾਇਆ ਗਿਆ।

ਐਲ.ਐਮ.ਆਈ.ਏ. ਮੁੜ ਪ੍ਰਵਾਨ ਕਰੇਗਾ ਇੰਮੀਗ੍ਰੇਸ਼ਨ ਵਿਭਾਗ

ਇਹ ਗੱਲ ਵੀ ਸਾਹਮਣੇ ਆਈ ਕਿ ਸੀ.ਆਰ.ਐਸ. ਸਕੋਰ ਵਧਾਉਣ ਲਈ ਉਮੀਦਵਾਰਾਂ ਵੱਲੋਂ ਐਲ.ਐਮ.ਆਈ.ਏ. ਖਰੀਦੇ ਜਾ ਰਹੇ ਸਨ। ਦੂਜੇ ਪਾਸੇ ਤਾਜ਼ਾ ਵਿਉਂਤਬੰਦੀ ਕਹਿੰਦੀ ਹੈ ਕਿ ਇੰਮੀਗ੍ਰੇਸ਼ਨ ਖੇਤਰ ਵਿਚ ਵੱਡੇ ਸੁਧਾਰ ਕਰਨ ਦੇ ਮਕਸਦ ਤਹਿਤ ਨਵੇਂ ਸਿਰੇ ਤੋਂ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਮੋਟੀ ਤਨਖਾਹ ਵਾਲੀਆਂ ਨੌਕਰੀਆਂ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਪਰ ਅਜਿਹੀਆਂ ਨੌਕਰੀਆਂ ਬਾਰੇ ਵਿਸਤਾਰਤ ਖੁਲਾਸਾ ਨਹੀਂ ਕੀਤਾ। ਮੌਜੂਦਾ ਸਮੇਂ ਦੌਰਾਨ ਐਕਸਪ੍ਰੈਸ ਐਂਟਰੀ ਸਿਸਟਮ ਵਿਚ ਕਿਸੇ ਉਮੀਦਵਾਰ ਦੀ ਸਿਖਲਾਈ, ਸਿੱਖਿਆ, ਤਜਰਬੇ ਅਤੇ ਜ਼ਿੰਮੇਵਾਰੀਆਂ ਨੂੰ ਕਲਾਸੀਫਾਈ ਕੀਤਾ ਜਾਂਦਾ ਹੈ ਪਰ ਉਜਰਤ ਦਰਾਂ ਦਾ ਸਿੱਧੇ ਤੌਰ ’ਤੇ ਮੁਲਾਂਕਣ ਨਹੀਂ ਹੁੰਦਾ। ਕੈਨੇਡੀਅਨ ਇੰਮੀਗ੍ਰੇਸ਼ਨ ਦੇ ਹੋਰਨਾਂ ਵਰਗਾਂ ਵਿਚ ਮੋਟੀ ਤਨਖਾਹ ਨੂੰ ਕੁਝ ਵੱਖਰੇ ਤਰੀਕੇ ਨਾਲ ਪਰਿਭਾਸ਼ਤ ਕੀਤਾ ਗਿਆ ਹੈ। ਮਿਸਾਲ ਵਜੋਂ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਵਿਚ ਕਿਸੇ ਨੌਕਰੀ ਨੂੰ ਹਾਈ ਵੇਜ ਵਾਲੀ ਮੰਨਿਆ ਜਾਂਦਾ ਹੈ ਜੇ ਪ੍ਰਤੀ ਘੰਟਾ ਉਜਰਤ ਦਰ ਸੂਬੇ ਵਿਚ ਦਰਮਿਆਨੇ ਪੱਧਰ ’ਤੇ ਚੱਲ ਰਹੀ ਪ੍ਰਤੀ ਘੰਟਾ ਉਜਰਤ ਦਰ ਤੋਂ ਵੱਧ ਹੋਵੇ।

ਜੌਬ ਆਫ਼ਰ ਵਾਲਿਆਂ ਨੂੰ ਮਿਲਣਗੇ ਵਾਧੂ ਸੀ.ਆਰ.ਐਸ. ਸਕੋਰ

ਚੇਤੇ ਰਹੇ ਕਿ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਜੌਬ ਔਫ਼ਰ ਦੇ ਵੱਖਰੇ ਪੁਆਇੰਟ ਦੇਣ ਦਾ ਸਿਲਸਿਲਾ ਬੰਦ ਕੀਤਾ ਤਾਂ 60 ਹਜ਼ਾਰ ਤੋਂ ਵੱਧ ਬਿਨੈਕਾਰ ਅਜਿਹੇ ਸਨ ਜਿਨ੍ਹਾਂ ਦਾ ਸੀ.ਆਰ.ਐਸ. ਸਕੋਰ 450 ਤੋਂ 500 ਦਰਮਿਆਨ ਬਣਦਾ ਨਜ਼ਰ ਆਇਆ ਪਰ ਨੌਕਰੀ ਦੀ ਪੇਸ਼ਕਸ਼ ਹਟਾਏ ਜਾਣ ਕਰ ਕੇ ਪੀ.ਆਰ. ਤੋਂ ਦੂਰ ਹੋ ਗਏ। ਉਸ ਵੇਲੇ ਕੈਨੇਡਾ ਸਰਕਾਰ ਨੇ ਫਲੈਗ ਪੋÇਲੰਗ ਵੀ ਬੰਦ ਕੀਤੀ ਜਿਸ ਦੀ ਵਰਤੋਂ ਵਰਕ ਪਰਮਿਟ ਵਿਚ ਵਾਧੇ ਲਈ ਕਰਨ ਦਾ ਰੁਝਾਨ ਸਾਰੀਆਂ ਹੱਦਾਂ ਪਾਰ ਕਰ ਗਿਆ। ਇਸੇ ਦੌਰਾਨ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪ੍ਰੋਨਿਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ 362 ਬਿਨੈਕਾਰਾਂ ਨੂੰ ਪੀ.ਆਰ. ਲਈ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜ ਦਿਤੇ ਜਿਥੇ ਘੱਟੋ ਘੱਟ ਸੀ.ਆਰ.ਐਸ. ਸਕੋਰ 742 ਦਰਜ ਕੀਤਾ ਗਿਆ। ਸੋਮਵਾਰ ਨੂੰ ਕੱਢਿਆ ਡਰਾਅ ਮੌਜੂਦਾ ਵਰ੍ਹੇ ਦੌਰਾਨ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਦਾ ਛੇਵਾਂ ਡਰਾਅ ਦੱਸਿਆ ਜਾ ਰਿਹਾ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਹੁਣ ਤੱਕ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ 2,583 ਉਮੀਦਵਾਰਾਂ ਨੂੰ ਪੀ.ਆਰ. ਦੇ ਸੱਦੇ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕੈਨੇਡੀਅਨ ਤਜਰਬੇ ਵਾਲੇ 24 ਹਜ਼ਾਰ ਉਮੀਦਵਾਰਾਂ ਨੂੰ ਪੀ.ਆਰ. ਦੇ ਸੱਦੇ ਭੇਜੇ ਗਏ ਜਦਕਿ ਫਰੈਂਚ ਭਾਸ਼ਾ ਵਿਚ ਮੁਹਾਰਤ ਵਾਲੇ 14 ਹਜ਼ਾਰ ਉਮੀਦਵਾਰਾਂ ਨੂੰ ਕੈਨੇਡਾ ਵਿਚ ਪੱਕਾ ਹੋਣ ਦਾ ਮੌਕਾ ਦਿਤਾ ਗਿਆ।

Tags:    

Similar News