Canada ’ਚ Gasoline ਦੀ ਕੀਮਤ 2 ਡਾਲਰ ਪ੍ਰਤੀ ਲਿਟਰ ਤੋਂ ਟੱਪੀ
ਅਮਰੀਕਾ-ਈਰਾਨ ਜੰਗ ਦਰਮਿਆਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਗੈਸੋਲੀਨ ਦੀ ਕੀਮਤ 2 ਡਾਲਰ ਪ੍ਰਤੀ ਲਿਟਰ ਤੋਂ ਟੱਪ ਗਈ ਅਤੇ ਇਹ ਵਾਧਾ ਲਗਾਤਾਰ ਜਾਰੀ ਰਹੇਗਾ
ਵੈਨਕੂਵਰ : ਅਮਰੀਕਾ-ਈਰਾਨ ਜੰਗ ਦਰਮਿਆਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਗੈਸੋਲੀਨ ਦੀ ਕੀਮਤ 2 ਡਾਲਰ ਪ੍ਰਤੀ ਲਿਟਰ ਤੋਂ ਟੱਪ ਗਈ ਅਤੇ ਇਹ ਵਾਧਾ ਲਗਾਤਾਰ ਜਾਰੀ ਰਹੇਗਾ। ਡੀਜ਼ਲ ਦਾ ਭਾਅ ਵੀ ਵਧ ਰਿਹਾ ਹੈ ਜਿਸ ਦਾ ਸਿੱਧਾ ਅਸਰ ਕਾਰੋਬਾਰੀਆਂ ਅਤੇ ਖਪਤਕਾਰਾਂ ਉਤੇ ਹੋਵੇਗਾ। ਮਿਡਲ ਈਸਟ ਵਿਚ ਮੰਗਲਵਾਰ ਨੂੰ ਕੱਚੇ ਤੇਲ ਦਾ ਭਾਅ 153 ਡਾਲਰ ਪ੍ਰਤੀ ਬੈਰਲ ’ਤੇ ਪੁੱਜ ਗਿਆ ਅਤੇ ਜੰਗ ਨਾ ਰੁਕੀ ਤਾਂ 200 ਡਾਲਰ ਦਾ ਅੰਕੜਾ ਜ਼ਿਆਦਾ ਦੂਰ ਨਹੀਂ। ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਮੁਲਕ ਵਿਚ ਗੈਸ ਦੀ ਔਸਤ ਕੀਮਤ 1.64 ਪ੍ਰਤੀ ਲਿਟਰ ਦਰਜ ਕੀਤੀ ਗਈ।
ਬ੍ਰਿਟਿਸ਼ ਕੋਲੰਬੀਆ ਵਿਚ ਵਿਕ ਰਿਹਾ ਸਭ ਤੋਂ ਮਹਿੰਗਾ ਤੇਲ
ਦੂਜੇ ਪਾਸੇ ਗੈਸਬਡੀ ਡਾਟ ਕਾਮ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਬੀ.ਸੀ. ਵਿਚ ਗੈਸੋਲੀਨ ਦੀ ਔਸਤ ਕੀਮਤ 1.86 ਡਾਲਰ ਪ੍ਰਤੀ ਲਿਟਰ ਰਹੀ ਪਰ ਸੂਬੇ ਦੇ ਕ੍ਰੈਸਟਨ ਇਲਾਕੇ ਵਿਚ 1.55 ਡਾਲਰ ਪ੍ਰਤੀ ਲਿਟਰ ਤੇਲ ਵਿਕ ਰਿਹਾ ਹੈ। ਗੈਸਬਡੀ ਦੇ ਵਿਸ਼ਲੇਸ਼ਕ ਮੈਟ ਮਕਲੇਨ ਦਾ ਕਹਿਣਾ ਸੀ ਕਿ ਗੈਸੋਲੀਨ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 5 ਤੋਂ 6 ਸੈਂਟ ਦਾ ਵਾਧਾ ਹੋਣਾ ਯਕੀਨੀ ਮੰਨਿਆ ਜਾ ਰਿਹਾ ਹੈ ਅਤੇ ਬਾਕੀ ਹਾਲਾਤ ਉਤੇ ਨਿਰਭਰ ਕਰੇਗਾ। ਭਾਵੇਂ ਕੈਨੇਡਾ ਆਪਣੀ ਜ਼ਰੂਰਤ ਦਾ ਤੇਲ ਖੁਦ ਤਿਆਰ ਕਰਦਾ ਹੈ ਪਰ ਕੀਮਤਾਂ ਕੌਮਾਂਤਰੀ ਬਾਜ਼ਾਰ ਦੇ ਹਿਸਾਬ ਨਾਲ ਹੀ ਤੈਅ ਕੀਤੀਆਂ ਜਾਂਦੀਆਂ ਹਨ।
ਡੀਜ਼ਲ ਦੇ ਭਾਅ ਵੀ ਵਧੇ, ਖੁਰਾਕੀ ਵਸਤਾਂ ਹੋਣਗੀਆਂ ਮਹਿੰਗੀਆਂ
ਗੈਸੋਲੀਨ ਦੀਆਂ ਕੀਮਤਾਂ ਵਿਚ ਵਾਧੇ ਮਗਰੋਂ ਖਰਚਾ ਬਚਾਉਣ ਦੇ ਇੱਛਕ ਲੋਕਾਂ ਨੇ ਆਵਾਜਾਈ ਸੀਮਤ ਕਰ ਦਿਤੀ ਹੈ ਜਦਕਿ ਤੇਲ ਪਵਾਉਣ ਲਈ ਆਉਂਦੇ ਜਾਂਦਿਆਂ ਦਿਹਾਤੀ ਖੇਤਰਾਂ ਦੇ ਗੈਸ ਸਟੇਸ਼ਨਾਂ ਨੂੰ ਤਰਜੀਹ ਦਿਤੀ ਜਾ ਰਿਹਾ ਹੈ ਜਿਥੇ ਕੀਮਤਾਂ ਵੱਡੇ ਸ਼ਹਿਰਾਂ ਦੇ ਮੁਕਾਬਲੇ ਘੱਟ ਹਨ। ਡੀਜ਼ਲ ਦਾ ਜ਼ਿਕਰ ਕੀਤਾ ਜਾਵੇ ਤਾਂ ਬੀ.ਸੀ. ਵਿਚ ਸੋਮਵਾਰ ਦੀ ਔਸਤ ਕੀਮਤ 2.22 ਡਾਲਰ ਪ੍ਰਤੀ ਲਿਟਰ ਦਰਜ ਕੀਤੀ ਗਈ ਜਿਸ ਦਾ ਅਸਰ ਜ਼ਰੂਰੀ ਵਸਤਾਂ ’ਤੇ ਜਲਦ ਨਜ਼ਰ ਆ ਸਕਦਾ ਹੈ।