ਅਮਰੀਕਾ ਦੇ ਹਵਾਈ ਮੁਸਾਫ਼ਰਾਂ ਦੀਆਂ ਮੁਸ਼ਕਲਾਂ ਵਧੀਆਂ
ਅਮਰੀਕਾ ਵਿਚ ਸ਼ਟਡਾਊਨ ਦਾ ਅਸਰ ਵਧਦਾ ਜਾ ਰਿਹਾ ਹੈ ਅਤੇ ਸ਼ੁੱਕਰਵਾਰ ਨੂੰ 5 ਹਜ਼ਾਰ ਤੋਂ ਵੱਧ ਫਲਾਈਟਸ ਰੱਦ ਕਰਨੀਆਂ ਪਈਆਂ ਜਾਂ ਦੇਰ ਨਾਲ ਰਵਾਨਾ ਕੀਤੀਆਂ ਜਾ ਸਕੀਆਂ
ਨਿਊ ਯਾਰਕ : ਅਮਰੀਕਾ ਵਿਚ ਸ਼ਟਡਾਊਨ ਦਾ ਅਸਰ ਵਧਦਾ ਜਾ ਰਿਹਾ ਹੈ ਅਤੇ ਸ਼ੁੱਕਰਵਾਰ ਨੂੰ 5 ਹਜ਼ਾਰ ਤੋਂ ਵੱਧ ਫਲਾਈਟਸ ਰੱਦ ਕਰਨੀਆਂ ਪਈਆਂ ਜਾਂ ਦੇਰ ਨਾਲ ਰਵਾਨਾ ਕੀਤੀਆਂ ਜਾ ਸਕੀਆਂ। ਹਾਲਾਤ ਦੇ ਮੱਦੇਨਜ਼ਰ ਥੈਂਕਸ ਗਿਵਿੰਗ ਵੀਕ ਦੀਆਂ ਛੁੱਟੀਆਂ ਤੋਂ ਪਹਿਲਾਂ ਸਫ਼ਰ ਕਰਨ ਵਾਲਿਆਂ ਦੀਆਂ ਚਿੰਤਾਵਾਂ ਵਧ ਰਹੀਆਂ ਹਨ ਕਿਉਂਕਿ ਕਈ ਏਅਰਲਾਈਨਜ਼ ਵੱਲੋਂ ਆਪਣੇ ਪੱਧਰ ’ਤੇ ਫਲਾਈਟਸ ਰੱਦ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਡਾਣਾਂ ਰੱਦ ਕਰਨ ਦਾ ਸਿਲਸਿਲਾ ਹੋਰ ਵਧੇਗਾ ਅਤੇ 14 ਨਵੰਬਰ ਤੱਕ 10 ਫ਼ੀ ਸਦੀ ਤੋਂ ਵੱਧ ਫਲਾਈਟਸ ਰੱਦ ਹੋ ਸਕਦੀਆਂ ਸਨ ਅਤੇ ਘੱਟੋ ਘੱਟੋ 2 ਲੱਖ 70 ਹਜ਼ਾਰ ਮੁਸਾਫ਼ਰ ਪ੍ਰਭਾਵਤ ਹੋਣਗੇ। ਡੈਲਟਾ ਏਅਰਲਾਈਨਜ਼ ਵੱਲੋਂ ਸ਼ੁੱਕਰਵਾਰ ਨੂੰ 170 ਫਲਾਈਟਸ ਰੱਦ ਕੀਤੀਆਂ ਗਈਆਂ ਜਦਕਿ ਯੂਨਾਈਟਡ ਦਾ ਅੰਕੜਾ 200 ਰਿਹਾ।
5 ਹਜ਼ਾਰ ਫਲਾਈਟਸ ਰੱਦ ਜਾਂ ਦੇਰ ਨਾਲ ਰਵਾਨਾ
ਦੂਜੇ ਪਾਸੇ ਅਮੈਰਿਕਨ ਏਅਰਲਾਈਨਜ਼ ਵੱਲੋੀ 220 ਫਲਾਈਟਸ ਰੱਦ ਕੀਤੇ ਜਾਣ ਦੀ ਰਿਪੋਰਟ ਹੈ ਅਤੇ ਸਾਊਥ ਵੈਸਟ ਏਅਰਲਾਈਨਜ਼ ਨੇ 100 ਉਡਾਣਾਂ ਰੱਦ ਕੀਤੀਆਂ। ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਕਿੱਲਤ ਨਾਲ ਜੂਝ ਰਹੇ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਏਅਰਲਾਈਨਜ਼ ਖੁਦ ਤੈਅ ਕਰ ਰਹੀਆਂ ਹਨ ਕਿ ਕਿਹੜੀਆਂ ਫਲਾਈਟਸ ਰੱਦ ਕੀਤੀਆਂ ਜਾਣ। ਆਉਂਦੇ 10 ਦਿਨ ਵਾਸਤੇ ਹਵਾਈ ਮੁਸਾਫ਼ਰਾਂ ਨੂੰ ਐਡਵਾਇਜ਼ਰੀ ਜਾਰੀ ਕਰਦਿਆਂ ਬਦਲਵੇਂ ਪ੍ਰਬੰਧ ਰੱਖਣ ਵਾਸਤੇ ਆਖਿਆ ਗਿਆ ਹੈ। ਪ੍ਰਮੁੱਖ ਏਅਰਲਾਈਨਜ਼ ਵੱਲੋਂ ਮੁਸਾਫ਼ਰਾਂ ਨੂੰ ਬਗੈਰ ਕਿਸੇ ਐਕਸਟਰਾ ਫੀਸ ਤੋਂ ਟਿਕਟ ਬਦਲਣ ਦੀ ਸਹੂਲਤ ਦਿਤੀ ਜਾ ਰਹੀ ਹੈ ਪਰ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਥਰਡ ਪਾਰਟੀ ਵੈਬਸਾਈਟ ਤੋਂ ਬੁਕਿੰਗ ਨਾ ਕਰਦਿਆਂ ਸਬੰਧਤ ਏਅਰਲਾਈਨ ਦੀ ਵੈਬਸਾਈਟ ਹੀ ਵਰਤੀ ਜਾਵੇ। ਅਜਿਹਾ ਹੋਣ ’ਤੇ ਫਲਾਈਟ ਰੱਦ ਹੋਣ ਦੀ ਸੂਰਤ ਵਿਚ ਪੂਰਾ ਰਿਫ਼ੰਡ ਮਿਲੇਗਾ।
ਸੁਪਰੀਮ ਕੋਰਟ ਤੱਕ ਪੁੱਜਾ ਸ਼ਟਡਾਊਨ ਦਾ ਮਸਲਾ
ਇਥੇ ਦਸਣਾ ਬਣਦਾ ਹੈ ਕਿ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੇ ਨਾਲ-ਨਾਲ ਹਜ਼ਾਰਾਂ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਏਜੰਟ ਵੀ ਬਗੈਰ ਤਨਖਾਹ ਤੋਂ ਕੰਮ ਕਰ ਰਹੇ ਹਨ। 1 ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ ਅਤੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਦਾ ਮੁੱਦਾ ਸੁਪਰੀਮ ਕੋਰਟ ਤੱਕ ਪੁੱਜਾ ਚੁੱਕਾ ਹੈ। ਇਕ ਫੈਡਰਲ ਅਦਾਲਤ ਨੇ ਟਰੰਪ ਸਰਕਾਰ ਨੂੰ ਤੁਰਤ ਬਣਦੀ ਸਹਾਇਤਾ ਜਾਰੀ ਕਰਨ ਦੇ ਹੁਕਮ ਦਿਤੇ ਸਨ ਪਰ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ’ਤੇ ਆਰਜ਼ੀ ਰੋਕ ਲਾ ਦਿਤੀ ਹੈ। ਅਮਰੀਕਾ ਦੇ ਖੇਤੀ ਵਿਭਾਗ ਵੱਲੋਂ ਇਸ ਯੋਜਨਾ ਅਧੀਨ 4 ਕਰੋੜ ਤੋਂ ਵੱਧ ਲੋਕਾਂ ਨੂੰ ਖੁਰਾਕੀ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਪਰ ਸਰਕਾਰੀ ਕੰਮਕਾਜ ਠੱਪ ਹੋਣ ਕਾਰਨ ਟਰੰਪ ਸਰਕਾਰ ਤੋਂ ਬਣਦੀ ਆਰਥਿਕ ਮਦਦ ਨਹੀਂ ਮਿਲ ਰਹੀ।