ਨਿਊਜ਼ੀਲੈਂਡ ਦੇ ਬੱਸ ਡਰਾਈਵਰਾਂ ਵਿਚ ਦਹਿਸ਼ਤ
ਨਿਊਜ਼ੀਲੈਂਡ ਵਿਚ ਬੱਸ ਡਰਾਈਵਰਾਂ ’ਤੇ ਹਮਲਿਆਂ ਦੀ ਵਾਰਦਾਤ ਵਿਚ ਵਾਧਾ ਹੋ ਰਿਹਾ ਹੈ ਅਤੇ ਭਾਰਤੀ ਮੂਲ ਦੇ ਕਈ ਡਰਾਈਵਰ ਵੀ ਜ਼ਖਮੀ ਹੋ ਚੁੱਕੇ ਹਨ।;
ਔਕਲੈਂਡ : ਨਿਊਜ਼ੀਲੈਂਡ ਵਿਚ ਬੱਸ ਡਰਾਈਵਰਾਂ ’ਤੇ ਹਮਲਿਆਂ ਦੀ ਵਾਰਦਾਤ ਵਿਚ ਵਾਧਾ ਹੋ ਰਿਹਾ ਹੈ ਅਤੇ ਭਾਰਤੀ ਮੂਲ ਦੇ ਕਈ ਡਰਾਈਵਰ ਵੀ ਜ਼ਖਮੀ ਹੋ ਚੁੱਕੇ ਹਨ। ਮੁਸਾਫ਼ਰਾਂ ਵੱਲੋਂ ਡਰਾਈਵਰਾਂ ਨਾਲ ਖਹਿਬਾਜ਼ੀ ਦੇ ਕਈ ਕਾਰਨ ਉਭਰ ਕੇ ਸਾਹਮਣੇ ਆ ਰਹੇ ਹਨ ਅਤੇ ਮੁਲਾਜ਼ਮ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਹਰ ਵੇਲੇ ਡਰ ਦੇ ਪਰਛਾਵੇਂ ਹੇਠ ਕੰਮ ਕਰਨਾ ਪੈ ਰਿਹਾ ਹੈ। ਜਨਵਰੀ 2019 ਤੋਂ ਸਤੰਬਰ 2024 ਦਰਮਿਆਨ ਔਕਲੈਂਡ ਟ੍ਰਾਂਸਪੋਰਟ ਦੀਆਂ ਬੱਸ ਚਲਾ ਰਹੇ ਡਰਾਈਵਰਾਂ ’ਤੇ 341 ਵਾਰ ਹਮਲੇ ਹੋ ਚੁੱਕੇ ਹਨ।
ਮੁਸਾਫ਼ਰਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲੇ
ਹੈਰਾਨੀ ਇਸ ਗੱਲ ਦੀ ਹੈ ਕਿ 2019 ਵਿਚ 67 ਹਮਲੇ ਹੋਏ ਅਤੇ 2020 ਵਿਚ 53 ਹਮਲੇ ਦਰਜ ਕੀਤੇ ਗਏ। 2021 ਵਿਚ 34 ਵਾਰਦਾਤਾਂ ਸਾਹਮਣੇ ਆਈਆਂ ਪਰ 2022 ਵਿਚ ਅੰਕੜਾ 90 ਤੱਕ ਪੁੱਜ ਗਿਆ। 2022 ਦੇ ਜੁਲਾਈ ਮਹੀਨੇ ਦੌਰਾਨ ਅਤਿ ਹੀ ਹੋ ਗਈ ਜਦੋਂ 26 ਮੌਕਿਆਂ ’ਤੇ ਬੱਸ ਡਰਾਈਵਰਾਂ ਨੂੰ ਮੁਸਾਫ਼ਰਾਂ ਨੇ ਕੁੱਟਿਆ। ਜੂਨ ਵਿਚ 23 ਮੌਕਿਆਂ ’ਤੇ ਹਮਲੇ ਹੋਏ। 2023 ਦੌਰਾਨ ਗਿਣਤੀ 53 ਦਰਜ ਕੀਤੀ ਗਈ ਅਤੇ 2024 ਵਿਚ ਜਨਵਰੀ ਤੋਂ ਸਤੰਬਰ ਦਰਮਿਆਨ 40 ਤੋਂ ਵੱਧ ਵਾਰਦਾਤਾਂ ਸਾਹਮਣੇ ਆਈਆਂ। ਔਕਲੈਂਡ ਟ੍ਰਾਂਸਪੋਰਟ ਅਤੇ ਫੈਡਰਲ ਸਰਕਾਰ ਵੱਲੋਂ ਬਸਾਂ ਵਿਚ ਪ੍ਰੋਟੈਕਟਿਵ ਸਕ੍ਰੀਨਜ਼ ਲਾਉਣ ਦਾ ਵਚਨਬੱਧਤਾ ਜ਼ਾਹਰ ਕੀਤੀ ਗਈ ਹੈ। ਟ੍ਰਾਂਸਪੋਰਟ ਮੰਤਰੀ ਸਿਮੀਅਨ ਬ੍ਰਾਊਨ ਨੇ ਕਿਹਾ ਕਿ ਇਸ ਕੰਮ ਲਈ 15 ਮਿਲੀਅਨ ਡਾਲਰ ਦੀ ਰਕਮ ਜਾਰੀ ਕੀਤੀ ਜਾਵੇਗੀ।
ਭਾਰਤੀ ਮੂਲ ਦੇ ਕਈ ਡਰਾਈਵਰ ਹੋਏ ਜ਼ਖਮੀ
ਦੂਜੇ ਪਾਸੇ ਔਕਲੈਂਡ ਟ੍ਰਾਂਸਪੋਰਟ ਵਿਚ ਗਰੁਪ ਮੈਨੇਜਜ ਰੇਚਲ ਕਾਰਾ ਦਾ ਕਹਿਣਾ ਸੀ ਕਿ ਡਰਾਈਵਰਾਂ ’ਤੇ ਹਰ ਵੇਲੇ ਡਰ ਦਾ ਪਰਛਾਵਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੂਨ 2026 ਤੱਕ ਡਰਾਈਵਰਾਂ ਅਤੇ ਮੁਸਾਫ਼ਰਾਂ ਦਰਮਿਆਨ ਸਕ੍ਰੀਨ ਵਾਲੀਆਂ ਬਸਾਂ ਦੀ ਗਿਣਤੀ 8 ਫ਼ੀ ਸਦੀ ਹੋ ਜਾਵੇਗੀ ਪਰ ਜ਼ਿਆਦਾ ਖਤਰੇ ਵਾਲੇ 30 ਰੂਟਾਂ ’ਤੇ ਪਹਿਲ ਦੇ ਆਧਾਰ ’ਤੇ ਸਕ੍ਰੀਨਾਂ ਲਾਈਆਂ ਜਾ ਰਹੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਔਕਲੈਂਡ ਟ੍ਰਾਂਸਪੋਰਟ ਦੀਆਂ ਬਸਾਂ ਰਾਹੀਂ ਰੋਜ਼ਾਨਾ 13 ਹਜ਼ਾਰ ਤੋਂ ਵੱਧ ਮੁਸਾਫ਼ਰ ਸਫ਼ਰ ਕਰਦੇ ਹਨ। ਸਤੰਬਰ 2024 ਵਿਚ ਭਾਰਤੀ ਮੂਲ ਦੇ ਰਜਨੀਸ਼ ਰਾਜ ਤ੍ਰੇਹਨ ’ਤੇ ਹਮਲਾ ਹੋਇਆ ਅਤੇ ਮੁਲਾਜ਼ਮ ਯੂਨੀਅਨ ਦਾ ਕਹਿਣਾ ਹੈ ਕਿ ਕੋਈ ਨਹੀਂ ਜਾਣਦਾ ਕਿ ਕਿਹੜਾ ਮੁਸਾਫ਼ਰ ਤੁਹਾਡੇ ’ਤੇ ਹਮਲਾ ਕਰ ਦੇਵੇਗਾ।