ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮੇਨੇ ਰਾਜ ਵਿੱਚ ਬਾਂਗੋਰ ਵਿਖੇ ਇੱਕ ਨਿਜੀ ਜੈੱਟ ਜਹਾਜ਼ ਤਬਾਹ ਹੋ ਗਿਆ ਤੇ ਉਸ ਵਿੱਚ ਸਵਾਰ ਸਾਰੇ 6 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮੁੱਢਲੀ ਰਿਪੋਰਟ ਅਨੁਸਾਰ ਹਾਦਸਾ ਖਰਾਬ ਮੌਸਮ ਕਾਰਨ ਵਾਪਰਿਆ ਹੈ। ਜਹਾਜ਼ ਹੋਸਟਨ ਦੇ ਹੌਬੀ ਏਅਰ ਪੋਰਟ ਤੋਂ ਬਾਂਗੋਰ ਇੰਟਰਨੈਸ਼ਨਲ ਏਅਰ ਪੋਰਟ 'ਤੇ ਆਇਆ ਸੀ ਜਿਥੋਂ ਉਸ ਨੇ ਪੈਰਿਸ ਦੇ ਵਾਟਰੀ ਏਅਰ ਪੋਰਟ ਲਈ ਉਡਾਨ ਭਰੀ ਸੀ। ਕੇਵਲ 2 ਮਿੰਟ ਬਾਅਦ ਹੀ ਜਹਾਜ਼ ਤਬਾਹ ਹੋ ਕੇ ਜਮੀਨ ਉਪਰ ਡਿੱਗ ਗਿਆ ਤੇ ਉਸ ਨੂੰ ਅੱਗ ਲੱਗ ਗਈ। ਹਾਦਸੇ ਦੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂਚ ਕਰ ਰਿਹਾ ਹੈ।