ਅਫ਼ਰੀਕਾ ਵਿਚ ਭੇਤਭਰੇ ਵਾਇਰਸ ਨੇ ਪਸਾਰੇ ਪੈਰ
ਅਫ਼ਰੀਕੀ ਮੁਲਕ ਯੁਗਾਂਡਾ ਵਿਚ ਭੇਤਭਰੀ ਬਿਮਾਰੀ ਲਗਾਤਾਰ ਪੈਰ ਪਸਾਰ ਰਹੀ ਹੈਅਤੇ ਹਿਸ ਨੂੰ ਡਿੰਗਾ ਡਿੰਗਾ ਵਾਇਰਸ ਦਾ ਨਾਂ ਦਿਤਾ ਗਿਆ ਹੈ।;
ਕੰਪਾਲਾ : ਅਫ਼ਰੀਕੀ ਮੁਲਕ ਯੁਗਾਂਡਾ ਵਿਚ ਭੇਤਭਰੀ ਬਿਮਾਰੀ ਲਗਾਤਾਰ ਪੈਰ ਪਸਾਰ ਰਹੀ ਹੈਅਤੇ ਹਿਸ ਨੂੰ ਡਿੰਗਾ ਡਿੰਗਾ ਵਾਇਰਸ ਦਾ ਨਾਂ ਦਿਤਾ ਗਿਆ ਹੈ। ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ ਜ਼ਿਆਦਾਤਰ ਔਰਤਾਂ ਜਾਂ ਕੁੜੀਆਂ ਹਨ ਜਿਨ੍ਹਾਂ ਦੇ ਸਰੀਰ ਵਿਚ ਐਨੀ ਤੇਜ਼ ਕੰਬਣੀ ਛਿੜਦੀ ਹੈ ਕਿ ਸਾਹਮਣੇ ਵਾਲਿਆਂ ਨੂੰ ਲਗਦਾ ਹੈ ਕਿ ਮਰੀਜ਼ ਡਾਂਸ ਕਰ ਰਿਹਾ ਹੈ। ਵਾਇਰਸ ਦਾ ਇਨਫੈਕਸ਼ਨ ਵਧਣ ਦੀ ਸੂਰਤ ਵਿਚ ਮਰੀਜ਼ ਨੂੰ ਅਧਰੰਗ ਵੀ ਹੋ ਸਕਦਾ ਹੈ ਅਤੇ ਇਸ ਦਾ ਸਭ ਤੋਂ ਵੱਧ ਅਸਰ ਯੁਗਾਂਡਾ ਦੇ ਬੁੰਦੀਬਗਿਓ ਜ਼ਿਲ੍ਹੇ ਵਿਚ ਦੇਖਣ ਨੂੰ ਮਿਲਿਆ ਹੈ।
ਕਾਂਗੋ ਮਗਰੋਂ ਯੁਗਾਂਡਾ ਵਿਚ ਹਾਲਾਤ ਬਦਤਰ
ਜ਼ਿਲ੍ਹੇ ਦੇ ਸਿਹਤ ਅਫਸਰ ਕੇਈਤਾ ਕ੍ਰਿਸਟਫੋਰ ਨੇ ਦੱਸਿਆ ਕਿ ਵਾਇਰਸ ਬਾਰੇ ਪਹਿਲੀ ਵਾਰ 2023 ਵਿਚ ਪਤਾ ਲੱਗਾ ਅਤੇ ਯੁਗਾਂਡਾ ਸਰਕਾਰ ਇਸ ਦੀ ਪੜਤਾਲ ਕਰਵਾ ਰਹੀ ਹੈ। ਹੁਣ ਤੱਕ ਡਿੰਗਾ ਡਿੰਗਾ ਵਾਇਰਸ ਨਾਲ ਕੋਈ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਮਾਂ ਰਹਿੰਦੇ ਦਵਾਈ ਲੈਣ ਦਾ ਸੁਝਾਅ ਦਿਤਾ ਜਾ ਰਿਹਾ ਹੈ। ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਬੁੰਦੀਬਗਿਓ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਰੀਜ਼ਾਂ ਦੇ ਇਲਾਜ ਵਾਸਤੇ ਕੋਈ ਵੈਕਸੀਨ ਨਾ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਐਂਟੀਬਾਇਓਟਿਕਸ ਅਤੇ ਹੋਰ ਦਵਾਈਆਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਵਾਇਰਸ ਤੋਂ ਪੀੜਤ ਮਰੀਜ਼ ਨੂੰ ਠੀਕ ਹੋਣ ਵਿਚ ਤਕਰੀਬਨ ਇਕ ਹਫ਼ਤੇ ਦਾ ਸਮਾਂ ਲਗਦਾ ਹੈ। ਕੁਝ ਲੋਕ ਹਰਬਲ ਦਵਾਈਆਂ ਰਾਹੀਂ ਇਲਾਜ ਦਾ ਦਾਅਵਾ ਕਰ ਰਹੇ ਹਨ ਪਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਹਸਪਾਤਲ ਆਉਣ ਦਾ ਸੁਝਾਅ ਦਿਤਾ ਗਿਆ ਹੈ। ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਸਾਫ ਸਫਾਈ ਦਾ ਖਾਸ ਖਿਆਲ ਰੱਖਣ ਦੀ ਹਦਾਇਤ ਦਿਤੀ ਗਈ ਹੈ ਅਤੇ ਵਾਇਰਸ ਦੀ ਲਪੇਟ ਵਿਚ ਆਏ ਲੋਕਾਂ ਤੋਂ ਦੂਰ ਰਹਿਣ ਲਈ ਆਖਿਆ ਹੈ।
ਲੋਕਾਂ ਨੇ ‘ਡਿੰਗਾ-ਡਿੰਗਾ’ ਵਾਇਰਸ ਨਾਂ ਰੱਖਿਆ
ਇਸ ਬਿਮਾਰੀ ਨੂੰ ਫਰਾਂਸ ਵਿਚ 500 ਸਾਲ ਪਹਿਲਾਂ ਫੈਲੀ ਡਾਂਸਿੰਗ ਪਲੇਗ ਵਰਗੀ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਮਰੀਜ਼ਾਂ ਦੀ ਕੰਬਣੀ ਕਈ ਦਿਨ ਤੱਕ ਜਾਰੀ ਰਹਿੰਦੀ ਹੈ। ਵਾਇਰਸ ਦਾ ਕੋਈ ਵਿਗਿਆਨਕ ਨਾਂ ਫਿਲਹਾਲ ਨਹੀਂ ਰੱਖਿਆ ਗਿਆ ਅਤੇ ਆਮ ਲੋਕ ਆਪਣੀ ਭਾਸ਼ਾ ਵਿਚ ਡਿੰਗਾ ਡਿੰਗਾ ਕਹਿ ਰਹੇ ਹਨ। ਚੇਤੇ ਰਹੇ ਕਿ ਅਫਰੀਕਾ ਦੇ ਹੀ ਕਾਂਗੋ ਮੁਲਕ ਵਿਚ ਇਕ ਹੋਰ ਭੇਤਭਰੀ ਬਿਮਾਰੀ ਹੁਣ ਤੱਕ 143 ਜਣਿਆਂ ਦੀ ਜਾਨ ਲੈ ਚੁੱਕੀ ਹੈ। ਇਹ ਬਿਮਾਰੀ ਵੀ ਕਿਸੇ ਵਾਇਰਸ ਨਾਲ ਹੁੰਦੀ ਹੈ ਅਤੇ ਬੁਖਾਰ, ਸਿਰਦਰਦ, ਖੰਘ ਜਾਂ ਗੰਭੀਰ ਫਲੂ ਵਰਗੇ ਲੱਛਣ ਨਜ਼ਰ ਆਉਂਦੇ ਹਨ।