ਕੈਲੇਫੋਰਨੀਆਂ ਦੇ ਜੰਗਲਾਂ ਵਿਚ ਮੁੜ ਲੱਗੀ ਅੱਗ

ਲੌਸ ਐਂਜਲਸ ਨੇੜੇ ਇਕ ਹੋਰ ਥਾਂ ’ਤੇ ਜੰਗਲਾਂ ਦੀ ਅੱਗ ਭੜਕਣ ਮਗਰੋਂ ਐਮਰਜੰਸੀ ਕਾਮਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।;

Update: 2025-01-23 13:12 GMT

ਲੌਸ ਐਂਜਲਸ : ਲੌਸ ਐਂਜਲਸ ਨੇੜੇ ਇਕ ਹੋਰ ਥਾਂ ’ਤੇ ਜੰਗਲਾਂ ਦੀ ਅੱਗ ਭੜਕਣ ਮਗਰੋਂ ਐਮਰਜੰਸੀ ਕਾਮਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਨਵੀਂ ਬਿਪਤਾ ਛਿੜਨ ਮਗਰੋਂ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਘਰ-ਬਾਰ ਛੱਡਣ ਦੇ ਹੁਕਮ ਦਿਤੇ ਗਏ ਹਨ। ਲੇਕ ਕੈਸਟੇਕ ਨੇੜੇ ਬੁੱਧਵਾਰ ਸਵੇਰੇ ਲੱਗੀ ਅੱਗ, ਹਵਾ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਕੁਝ ਹੀ ਘੰਟਿਆਂ ਵਿਚ 15 ਵਰਗ ਮੀਲ ਇਲਾਕੇ ਵਿਚ ਫੈਲ ਗਈ ਅਤੇ ਹਾਲਾਤ ਜਲਦ ਕਾਬੂ ਹੇਠ ਨਾ ਆਏ ਤਾਂ 23 ਹਜ਼ਾਰ ਹੋਰਨਾਂ ਨੂੰ ਇਲਾਕਾ ਖਾਲੀ ਕਰਨਾ ਹੋਵੇਗਾ। ਐਲ.ਏ.ਕਾਊਂਟੀ ਦੇ ਸ਼ੈਰਿਫ਼ ਰੌਬਰਟ ਲੂਨਾ ਨੇ ਦੱਸਿਆ ਕਿ ਅੱਗ ਦੀ ਮਾਰ ਹੇਠ ਆਇਆ ਨਵਾਂ ਇਲਾਕਾ ਪੈਲੀਸੇਡਜ਼ ਅਤੇ ਈਟਨ ਤੋਂ 40 ਮੀਲ ਦੂਰ ਹੈ ਜਿਥੇ ਕੁਝ ਦਿਨ ਪਹਿਲਾਂ ਅੱਗੇ ਨੇ ਭਾਰੀ ਤਬਾਹੀ ਮਚਾਈ। ਉਧਰ ਫਾਇਰ ਚੀਫ਼ ਐਂਥਨੀ ਮੈਰਨ ਨੇ ਕਿਹਾ ਕਿ ਅੱਗ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਰਿਹਾ ਹੈ ਅਤੇ ਅਹਿਤਿਆਤ ਵਜੋਂ ਇੰਟਰਸਟੇਟ 5 ਦਾ 30 ਮੀਲ ਦਾ ਟੋਟਾ ਆਵਾਜਾਈ ਵਾਸਤੇ ਬੰਦ ਕਰ ਦਿਤਾ ਗਿਆ।

50 ਹਜ਼ਾਰ ਲੋਕਾਂ ਤੋਂ ਘਰ ਖਾਲੀ ਕਰਵਾਏ

ਜ਼ਮੀਨ ’ਤੇ ਅੱਗ ਬੁਝਾਉਣ ਵਿਚ ਜੁਟੇ ਦਸਤਿਆਂ ਦੀ ਮਦਦ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਵੱਲੋਂ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਬਾਅਦ ਦੁਪਹਿਰ ਤੱਕ ਇਲਾਕੇ ਵਿਚ ਹਵਾਵਾਂ ਦੀ ਰਫ਼ਤਾਰ 42 ਮੀਲ ਪ੍ਰਤੀ ਘੰਟਾ ਤੱਕ ਪੁੱਜ ਗਈ ਅਤੇ ਸ਼ਾਮ ਤੱਕ 60 ਮੀਲ ਪ੍ਰਤੀ ਘੰਟਾ ਤੱਕ ਪੁੱਜਣ ਦੀ ਪੇਸ਼ੀਨਗੋਈ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕੈਸਟੇਕ ਝੀਲ ਨੇੜਲੀ ਅੱਗ ਬੁਝਾਉਣ ਲਈ 4 ਹਜ਼ਾਰ ਫਾਇਰ ਫਾਈਟਰਜ਼ ਨੂੰ ਤੈਨਾਤ ਕੀਤਾ ਗਿਆ ਹੈ ਪਰ ਹਰ ਤਿੰਨ ਸੈਕਿੰਡ ਵਿਚ ਫੁੱਟਬਾਲ ਦੇ ਇਕ ਮੈਦਾਨ ਦੇ ਬਰਾਬਰ ਇਲਾਕਾ ਸੜ ਕੇ ਸੁਆਹ ਵੀ ਹੋ ਰਿਹਾ ਹੈ। ਜਿਉਂ ਜਿਉਂ ਸਮਾਂ ਲੰਘ ਰਿਹਾ ਹੈ, ਲੋਕਾਂ ਨੂੰ ਆਪਣੇ ਘਰਾਂ ਦੀ ਚਿੰਤਾ ਵੱਢ ਵੱਢ ਖਾ ਰਹੀ ਹੈ। ਵੈਲੈਂਸੀਆ ਵਿਖੇ ਨਰਸ ਵਜੋਂ ਕੰਮ ਕਰਦੀ ਕਾਇਲਾ ਅਮਾਰਾ ਆਪਣੀ ਸਹੇਲੀ ਦੇ ਘਰੋਂ ਉਸ ਦਾ ਲੋੜੀਂਦਾ ਸਮਾਨ ਚੁਕਵਾਉਣ ਪੁੱਜੀ ਤਾਂ ਮੰਜ਼ਰ ਦੇਖ ਕੇ ਕੰਬ ਗਈ। ਕਾਇਲਾ ਨੇ ਦੱਸਿਆ ਕਿ ਉਹ ਕਾਰ ਵਿਚ ਜ਼ਰੂਰੀ ਸਮਾਨ ਰੱਖ ਰਹੀ ਸੀ ਕਿ ਅੱਗ ਦੇ ਤੇਜ਼ੀ ਨਾਲ ਫੈਲਣ ਦੀ ਖਬਰ ਆ ਗਈ। ਉਸ ਦੀ ਸਹੇਲੀ ਦੇ ਚਿਹਰੇ ’ਤੇ ਘਬਰਾਹਟ ਸਾਫ਼ ਨਜ਼ਰ ਆ ਰਹੀ ਸੀ ਜੋ ਆਪਣਾ ਘਰ ਨਹੀਂ ਗਵਾਉਣਾ ਚਾਹੁੰਦੀ। ਇਸ ਤੋਂ ਪਹਿਲਾਂ ਲੌਸ ਐਂਜਲਸ ਕਾਊਂਟੀ ਵਿਚ ਹਜ਼ਾਰ ਲੋਕਾਂ ਦੇ ਘਰ ਸੜ ਕੇ ਸੁਆਹ ਚੁੱਕੇ ਹਨ। ਅਮੀਰ ਲੋਕਾਂ ਨੂੰ ਭਾਵੇਂ ਜ਼ਿਆਦਾ ਫਰਕ ਨਾ ਪਵੇ ਪਰ ਕਰੜੀ ਮੁਸ਼ੱਕਤ ਕਰ ਕੇ ਮਕਾਨ ਖਰੀਦਣ ਵਾਲਿਆਂ ਵਾਸਤੇ ਨਵੇਂ ਸਿਰੇ ਤੋਂ ਆਲ੍ਹਣਾ ਤਿਆਰ ਕਰਨਾ ਬਹੁਤ ਮੁਸ਼ਕਲ ਹੈ।

ਵੀਕਐਂਡ ’ਤੇ ਮੀਂਹ ਕਾਰਨ ਲੈਂਡਸਲਾਈਡਿੰਗ ਹੋਣ ਦਾ ਖਤਰਾ

ਇਥੇ ਦਸਣਾ ਬਣਦਾ ਹੈ ਕਿ ਦੱਖਣੀ ਕੈਲੇਫੋਰਨੀਆ ਵਿਚ 7 ਜਨਵਰੀ ਨੂੰ ਅੱਗ ਦੇ ਭਾਂਬੜ ਉਠੇ ਅਤੇ ਤੇਜ਼ ਹਵਾਵਾਂ ਕਾਰਨ ਲਗਾਤਾਰ ਵਧਦੇ ਚਲੇ ਗਏ। ਹਜ਼ਾਰਾਂ ਮਕਾਨ ਅਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ ਜਦਕਿ 29 ਜਣਿਆਂ ਦੀ ਮੌਤ ਹੋ ਚੁੱਕੀ ਹੈ। ਬੀਤੇ 50 ਸਾਲ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਕੈਲੇਫੋਰਨੀਆ ਦੇ ਜੰਗਲਾਂ ਵਿਚ 78 ਵਾਰ ਅੱਗ ਲੱਗ ਚੁੱਕੀ ਹੈ ਅਤੇ ਇਸ ਦਾ ਮੁੱਖ ਕਾਰਨ ਜੰਗਲੀ ਇਲਾਕਿਆਂ ਨੇੜੇ ਵਧ ਰਹੀ ਮਨੁੱਖੀ ਰਿਹਾਇਸ਼ ਨੂੰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਭਾਰੀ ਬਾਰਸ਼ ਇਲਾਕੇ ਵਿਚ ਨਵੀਂ ਆਫ਼ਤ ਲੈ ਆ ਰਹੀ ਹੈ। ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਕਿ ਵੀਕਐਂਡ ’ਤੇ ਪੈਣ ਵਾਲਾ ਮੀਂਹ ਲੈਂਡਸਲਾਈਡਿੰਗ ਦਾ ਕਾਰਨ ਬਣ ਸਕਦਾ ਹੈ ਅਤੇ ਫਾਇਰ ਫਾਈਟਰਜ਼ ਦੀ ਜਾਨ ਵੀ ਖਤਰੇ ਵਿਚ ਘਿਰ ਸਕਦੀ ਹੈ। ਇਸੇ ਦੌਰਾਨ ਐਲ.ਏ. ਦੀ ਮੇਅਰ ਕੈਰਨ ਬੇਸ ਵੱਲੋਂ ਲੋਕਾਂ ਨੂੰ ਜ਼ਹਿਰੀਲੀ ਹਵਾ ਤੋਂ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਹੈ।

Tags:    

Similar News