ਰੂਸ ’ਚ ਐਮਆਈ 8ਟੀ ਹੈਲੀਕਾਪਟਰ ਹੋਇਆ ਲਾਪਤਾ, 22 ਲੋਕ ਸਨ ਸਵਾਰ
ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਵੱਡੀ ਖ਼ਬਰ ਰੂਸ ਤੋਂ ਸਾਹਮਣੇ ਆ ਰਹੀ ਐ, ਜਿੱਥੇ ਰੂਸ ਦਾ ਇਕ ਐਮਆਈ 8 ਟੀ ਹੈਲੀਕਾਪਟਰ ਉਡਾਨ ਤੋਂ ਕੁੱਝ ਘੰਟੇ ਬਾਅਦ ਅਚਾਨਕ ਲਾਪਤਾ ਹੋ ਗਿਆ। ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਏ।;
ਸੇਂਟ ਪੀਟਰਸਬਰਗ : ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਵੱਡੀ ਖ਼ਬਰ ਰੂਸ ਤੋਂ ਸਾਹਮਣੇ ਆ ਰਹੀ ਐ, ਜਿੱਥੇ ਰੂਸ ਦਾ ਇਕ ਐਮਆਈ 8 ਟੀ ਹੈਲੀਕਾਪਟਰ ਉਡਾਨ ਤੋਂ ਕੁੱਝ ਘੰਟੇ ਬਾਅਦ ਅਚਾਨਕ ਲਾਪਤਾ ਹੋ ਗਿਆ। ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਏ। ਜਿਸ ਸਮੇਂ ਹੈਲੀਕਾਪਟਰ ਲਾਪਤਾ ਹੋਇਆ, ਉਸ ਸਮੇਂ ਉਸ ਵਿਚ ਤਿੰਨ ਕਰੂ ਮੈਂਬਰਾਂ ਸਮੇਤ ਕੁੱਲ 22 ਲੋਕ ਸਵਾਰ ਸਨ।
ਰੂਸ ਦਾ ਐਮਆਈ 8ਟੀ ਹੈਲੀਕਾਪਟਰ ਅਚਾਨਕ ਲਾਪਤਾ ਹੋ ਗਿਆ, ਜਿਸ ਤੋਂ ਬਾਅਦ ਰੂਸ ਦੀ ਫ਼ੌਜ ਨੂੰ ਭਾਜੜਾਂ ਪਈਆਂ ਹੋਈਆਂ ਨੇ ਕਿਉਂਕਿ ਉਸ ਹੈਲੀਕਾਪਟਰ ਵਿਚ 3 ਕਰੂ ਮੈਂਬਰਾਂ ਸਮੇਤ 22 ਲੋਕ ਸਵਾਰ ਸਨ ਅਤੇ ਉਸ ਹੈਲੀਕਾਪਟਰ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ। ਨਿਊਜ਼ ਏਜੰਸੀ ਮੁਤਾਬਕ ਰੂਸ ਦੀ ਏਅਰ ਟਰਾਂਸਪੋਰਟ ਏਜੰਸੀ ਦਾ ਕਹਿਣਾ ਏ ਕਿ ਹੈਲੀਕਾਪਟਰ ਨੇ ਕਾਮਚਟਕਾ ਇਲਾਕੇ ਵਿਚ ਵਾਚਕਾਝੇਟਸ ਜਵਾਲਾਮੁਖੀ ਦੇ ਨੇੜਿਓਂ ਇਕ ਸਾਈਟ ਤੋਂ 25 ਕਿਲੋਮੀਟਰ ਦੂਰ ਸਥਿਤ ਨਿਕੋਲਵੇਕਾ ਦੇ ਲਈ ਉਡਾਨ ਭਰੀ ਸੀ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਐ ਕਿ ਹੈਲੀਕਾਪਟਰ ਝੀਲ ਵਿਚ ਡਿੱਗ ਗਿਆ। ਇਹ ਹੈਲੀਕਾਪਟਰ ਮਾਸਕੋ ਅਤੇ ਸੇਂਟ ਪੀਟਰਸਬਰਗ ਤੋਂ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਸੀ।
ਭਾਰਤੀ ਸਮੇਂ ਮੁਤਾਬਕ ਹੈਲੀਕਾਪਟਰ ਨੇ ਸਾਢੇ 9 ਵਜੇ ਬੇਸ ’ਤੇ ਵਾਪਸ ਪਰਤਣਾ ਸੀ ਪਰ ਉਹ ਵਾਪਸ ਨਹੀਂ ਆਇਆ। ਕਰੂ ਮੈਂਬਰਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਾਰੀਆਂ ਕੋਸ਼ਿਸ਼ਾਂ ਫ਼ੇਲ੍ਹ ਸਾਬਤ ਹੋਈਆਂ। ਹੈਲੀਕਾਪਟਰ ਦੇ ਲਾਪਤਾ ਹੋਣ ਦੀ ਖ਼ਬਰ ਮਿਲਦਿਆਂ ਹੀ ਬਚਾਅ ਕਰਮੀ ਲਗਾਤਾਰ ਹੈਲੀਕਾਪਟਰ ਦੀ ਭਾਲ ਵਿਚ ਜੁਟ ਗਏ ਨੇ। ਹੈਲੀਕਾਪਟਰ ਦੀ ਭਾਲ ਲਈ ਹੋਰ ਏਅਰਕ੍ਰਾਫਟ ਭੇਜਿਆ ਗਿਆ ਏ। ਇਹ ਵੀ ਖ਼ਬਰ ਮਿਲ ਰਹੀ ਐ ਕਿ ਜਿਸ ਇਲਾਕੇ ਵਿਚ ਹੈਲੀਕਾਪਟਰ ਲਾਪਤਾ ਹੋਇਆ, ਉਥੇ ਬੂੰਦਾਂਬਾਂਦੀ ਅਤੇ ਕੋਹਰਾ ਛਾਇਆ ਹੋਇਆ ਏ, ਜਿਸ ਕਾਰਨ ਬਚਾਅ ਕਾਰਜਾਂ ਵਿਚ ਵੀ ਕਾਫ਼ੀ ਦਿੱਕਤਾਂ ਸਾਹਮਣੇ ਆ ਰਹੀਆਂ ਨੇ।
ਕਾਮਚਟਕਾ ਮਾਸਕੋ ਤੋਂ ਕਰੀਬ 6 ਹਜ਼ਾਰ ਕਿਲੋਮੀਟਰ ਪੂਰਬ ਅਤੇ ਅਲਾਸਕਾ ਤੋਂ ਕਰੀਬ 2 ਹਜ਼ਾਰ ਕਿਲੋਮੀਟਰ ਪੱਛਮ ਵਿਚ ਸਥਿਤ ਐ। ਇਹ ਇਲਾਕਾ ਆਪਣੀ ਸੁੰਦਰਤਾ ਦੇ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਏ। ਇਸ ਕਰਕੇ ਇੱਥੇ ਦੁਨੀਆ ਭਰ ਤੋਂ ਸੈਲਾਨੀ ਘੁੰਮਣ ਦੇ ਲਈ ਆਉਂਦੇ ਨੇ। ਇਸ ਇਲਾਕੇ ਵਿਚ ਕਰੀਬ 160 ਜਵਾਲਾਮੁਖੀ ਸਥਿਤ ਨੇ ਅਤੇ ਉਨ੍ਹਾਂ ਵਿਚੋਂ 29 ਅਜੇ ਵੀ ਸਰਗਰਮ ਨੇ।
ਦੱਸ ਦਈਏ ਕਿ ਐਮਆਈ 8 ਟੀ ਹੈਲੀਕਾਪਟਰ ਸਭ ਤੋਂ ਜ਼ਿਆਦਾ ਵਰਤੋਂ ਕੀਤਾ ਗਿਆ ਵਰਜ਼ਨ ਐ। ਇਸ ਨੂੰ ਪਹਿਲੀ ਵਾਰ 60 ਦੇ ਦਹਾਕੇ ਵਿਚ ਡਿਜ਼ਾਇਨ ਕੀਤਾ ਗਿਆ ਸੀ। 1967 ਵਿਚ ਪਹਿਲੀ ਵਾਰ ਇਸ ਨੂੰ ਰੂਸੀ ਫ਼ੌਜ ਦੇ ਲਈ ਵਰਤੋਂ ਵਿਚ ਲਿਆਂਦਾ ਗਿਆ ਸੀ। ਇਸ ਦੀ ਕੀਮਤ 15 ਮਿਲੀਅਨ ਡਾਲਰ ਯਾਨੀ 125 ਕਰੋੜ ਦੇ ਕਰੀਬ ਐ। ਇਹ ਦੁਨੀਆ ਵਿਚ ਸਭ ਤੋਂ ਜ਼ਿਆਦਾ ਵਰਤੋਂ ਹੋਣ ਵਾਲੇ ਹੈਲੀਕਾਪਟਰਾਂ ਵਿਚੋਂ ਇਕ ਐ। ਰੂਸ ਇਸ ਦੇ 17 ਹਜ਼ਾਰ ਤੋਂ ਜ਼ਿਆਦਾ ਯੂਨਿਟਸ ਬਣਾ ਚੁੱਕਿਆ ਏ। ਭਾਰਤ ਚੀਨ, ਇਰਾਨ ਸਮੇਤ 50 ਤੋਂ ਵੀ ਜ਼ਿਆਦਾ ਦੇਸ਼ ਇਸ ਹੈਲੀਕਾਪਟਰ ਦੀ ਵਰਤੋਂ ਫ਼ੌਜ ਅਤੇ ਸਿਵਲ ਦੋਵੇਂ ਖੇਤਰਾਂ ਵਿਚ ਕਰਦੇ ਨੇ।