America ਦੇ airports ’ਤੇ ਲਾਵਾਰਿਸ ਹੋਏ ਮੁਸਾਫ਼ਰ

ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਦੀਆਂ ਲੰਮੀਆਂ ਕਤਾਰਾਂ ਆਮ ਗੱਲ ਹੋ ਗਈ ਹੈ ਅਤੇ ਖੱਜਲ ਖੁਆਰ ਹੋ ਰਹੇ ਮੁਸਾਫ਼ਰਾਂ ਦੀ ਸੁਣਨ ਵਾਲਾ ਕੋਈ ਨਹੀਂ

Update: 2026-03-16 12:28 GMT

ਨਿਊ ਯਾਰਕ : ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਦੀਆਂ ਲੰਮੀਆਂ ਕਤਾਰਾਂ ਆਮ ਗੱਲ ਹੋ ਗਈ ਹੈ ਅਤੇ ਖੱਜਲ ’ਤੇ ਖੁਆਰ ਹੋ ਰਹੇ ਮੁਸਾਫ਼ਰਾਂ ਦੀ ਸੁਣਨ ਵਾਲਾ ਕੋਈ ਨਹੀਂ ਜਦਕਿ ਦੂਜੇ ਪਾਸੇ ਤਨਖਾਹਾਂ ਨਾ ਮਿਲਣ ਕਰ ਕੇ ਆਰਥਿਕ ਔਕੜਾਂ ਵਿਚ ਘਿਰੇ 300 ਤੋਂ ਵੱਧ ਟ੍ਰਾਂਸਪੋਰਟ ਸੁਰੱਖਿਆ ਅਫ਼ਸਰ ਨੌਕਰੀ ਛੱਡ ਚੁੱਕੇ ਹਨ ਅਤੇ ਵੱਡੀ ਗਿਣਤੀ ਵਿਚ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਹੇ। ਜੀ ਹਾਂ, 14 ਫ਼ਰਵਰੀ ਤੋਂ ਸ਼ੁਰੂ ਹੋਏ ਸ਼ਟਡਾਊਨ ਨੇ ਏਅਰਲਾਈਨਜ਼ ਨੂੰ ਵੀ ਘੁੰਮਣਘੇਰੀ ਵਿਚ ਪਾ ਰੱਖਿਆ ਜਿਨ੍ਹਾਂ ਵਾਸਤੇ ਸਮੇਂ ਸਿਰ ਫਲਾਈਟਸ ਰਵਾਨਾ ਮੁਸ਼ਕਲ ਹੋ ਚੁੱਕੀਆਂ ਹਨ। ਮੁਸਾਫ਼ਰਾਂ ਦੀ ਗਿਣਤੀ ਦੇ ਹਿਸਾਬ ਨਾਲ ਦੁਨੀਆਂ ਦੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਐਟਲਾਂਟਾ ਦੇ ਹਾਰਟਸਫ਼ੀਲਡ ਜੈਕਸਨ ਇੰਟਰਨੈਸ਼ਨਲ ਏਅਰਪੋਰਟ ਵੱਲੋਂ ਮੁਸਾਫ਼ਰਾਂ ਨੂੰ ਤਿੰਨ ਘੰਟੇ ਪਹਿਲਾਂ ਪੁੱਜਣ ਦਾ ਸੁਝਾਅ ਦਿਤਾ ਜਾ ਰਿਹਾ ਹੈ।

ਲੰਮੀਆਂ ਕਤਾਰਾਂ ਅਤੇ ਖੱਜਲ-ਖੁਆਰੀ ਦਾ ਸਿਲਸਿਲਾ ਜਾਰੀ

ਵੱਡੀ ਗਿਣਤੀ ਵਿਚ ਮੁਸਾਫ਼ਰ ਸੋਸ਼ਲ ਮੀਡੀਆ ’ਤੇ ਵੀਡੀਓਜ਼ ਅਪਲੋਡ ਕਰ ਕੇ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਬਾਰੇ ਟਿੱਪਣੀਆਂ ਦਾ ਦੌਰ ਜਾਰੀ ਹੈ ਜਦਕਿ ਕੁਝ ਲੋਕ ਸ਼ਟਡਾਊਨ ਵਾਸਤੇ ਵਿਰੋਧੀ ਧਿਰ ਡੈਮੋਕ੍ਰੈਟਿਕ ਪਾਰਟੀ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਦੀ ਛੁੱਟੀ ਹੋ ਚੁੱਕੀ ਹੈ ਅਤੇ ਨਵੇਂ ਮੰਤਰੀ ਦੀ ਨਿਯੁਕਤੀ ਨੂੰ ਸੈਨੇਟ ਤੋਂ ਪ੍ਰਵਾਨਗੀ ਮਿਲਣੀ ਬਾਕੀ ਹੈ। ਡੀ.ਐਚ.ਐਸ. ਨੂੰ ਆਪਣੇ ਖ਼ਰਚੇ ਚਲਾਉਣ ਲਈ 64 ਅਰਬ ਡਾਲਰ ਦਾ ਪੈਕੇਜ ਲੋੜੀਂਦਾ ਹੈ ਅਤੇ ਈਰਾਨ ਜੰਗ ਵਿਚ ਉਲਝੇ ਟਰੰਪ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਡੈਮੋਕ੍ਰੈਟਿਕ ਪਾਰਟੀ ਚਾਹੁੰਦੀ ਹੈ ਕਿ ਇੰਮੀਗ੍ਰੇਸ਼ਨ ਛਾਪਿਆਂ ਵਿਚ ਸ਼ਾਮਲ ਆਈਸ ਏਜੰਟ ਆਪਣੇ ਚਿਹਰਿਆਂ ਤੋਂ ਮਾਸਕ ਹਟਾਉਣ, ਆਈ ਕਾਰਡ ਗਲ ਵਿਚ ਟੰਗੇ ਹੋਣ ਅਤੇ ਨਸਲੀ ਵਿਤਕਰਾ ਮੁਕੰਮਲ ਤੌਰ ’ਤੇ ਤਿਆਗਿਆ ਜਾਵੇ। ਭਾਵੇਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਅਤੇ ਬਾਰਡਰ ਪੈਟਰੋਲ ਵਾਲਿਆਂ ਉਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਸ਼ਟਡਾਊਨ ਦਾ ਅਸਰ ਨਹੀਂ ਪਰ ਹਵਾਈ ਅੱਡਿਆਂ ’ਤੇ ਆਵਾਜਾਈ ਪ੍ਰਭਾਵਤ ਹੋ ਰਹੀ ਹੈ। ਹਵਾਈ ਮੁਸਾਫ਼ਰਾਂ ਨੂੰ 43 ਦਿਨ ਤੱਕ ਜਾਰੀ ਰਿਹਾ ਸ਼ਟਡਾਊਨ ਚੰਗੀ ਤਰ੍ਹਾਂ ਯਾਦ ਹੈ ਜਦੋਂ ਹਜ਼ਾਰਾਂ ਫਲਾਈਟਸ ਰੱਦ ਹੋਈਆਂ ਜਾਂ ਦੇਰ ਨਾਲ ਰਵਾਨਾ ਹੋ ਸਕੀਆਂ।

ਹਜ਼ਾਰਾਂ ਟੀ.ਐਸ.ਏ. ਏਜੰਟ ਗੈਰਹਾਜ਼ਰ, 300 ਤੋਂ ਵੱਧ ਨੇ ਨੌਕਰੀ ਛੱਡੀ

ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ 95 ਫ਼ੀ ਸਦੀ ਅਫ਼ਸਰਾਂ ਨੂੰ ਜ਼ਰੂਰੀ ਕਾਮੇ ਮੰਨਿਆ ਗਿਆ ਹੈ ਜਿਸ ਦੇ ਮੱਦੇਨਜ਼ਰ ਬਗੈਰ ਤਨਖਾਹ ਤੋਂ ਵੀ ਉਨ੍ਹਾਂ ਨੂੰ ਕੰਮ ਕਰਨਾ ਹੋਵੇਗਾ। ਉਧਰ, ਸਪ੍ਰਿੰਗ ਬ੍ਰੇਕ ਦੇ ਮੱਦੇਨਜ਼ਰ ਮੁਸਾਫ਼ਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਸ਼ਟਡਾਊਨ ਖ਼ਤਮ ਕੀਤੇ ਬਗੈਰ ਮੁਸਾਫ਼ਰਾਂ ਦੀ ਪ੍ਰੇਸ਼ਾਨੀ ਖ਼ਤਮ ਨਹੀਂ ਹੋ ਸਕਦੀ। ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਟ੍ਰਾਂਸਪੋਰਟੇਸ਼ਨ ਸੁਰੱਖਿਆ ਅਫ਼ਸਰਾਂ ਦਾ ਸ਼ੁਕਰੀਆ ਅਦਾ ਕੀਤਾ ਜੋ ਬਗੈਰ ਤਨਖਾਹ ਤੋਂ ਵੀ ਕੰਮ ਕਰ ਰਹੇ ਹਨ। ਟੀ.ਐਸ.ਏ. ਏਜੰਟਾਂ ਦੀ ਸਮੱਸਿਆ ਵਾਸਤੇ ਖੱਬੇ ਪੱਖੀ ਡੈਮੋਕ੍ਰੈਟਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਟਰੰਪ ਨੇ ਕਿਹਾ ਕਿ ਵਿਰੋਧੀ ਧਿਰ ਵਾਲੇ ਕਾਤਲਾਂ ਅਤੇ ਵਿਦੇਸ਼ੀ ਨਸ਼ਾ ਤਸਕਰਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ ਪਰ ਸਰਕਾਰ ਨੂੰ ਉਮੀਦ ਹੈ ਕਿ ਟੀ.ਐਸ.ਏ. ਏਜੰਟਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।

Tags:    

Similar News