ਪੰਜਾਬੀ ਸੂਟ ਪਾ ਇਟਾਲੀਅਨ ਕੌਂਸਲਰ ਨੇ ਪੰਜਾਬੀ ’ਚ ਦਿੱਤਾ ਭਾਸ਼ਣ

ਇਟਲੀ ਵਿਚ ਸਿੱਖ ਸੰਗਤ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਏ ਕਿਉਂਕਿ ਇਨ੍ਹਾਂ ਯਤਨਾਂ ਸਦਕਾ ਹੁਣ ਇਟਲੀ ਦੇ ਬਾਸ਼ਿੰਦਿਆਂ ਨੂੰ ਵੀ ਸਿੱਖ ਧਰਮ ਅਤੇ ਨਗਰ ਕੀਰਤਨਾਂ ਦੀ ਸਮਝ ਲੱਗਣੀ ਸ਼ੁਰੂ ਹੋ ਗਈ ਐ।

Update: 2025-05-08 13:28 GMT

ਰੋਮ (ਇਟਲੀ) : ਇਟਲੀ ਵਿਚ ਸਿੱਖ ਸੰਗਤ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਏ ਕਿਉਂਕਿ ਇਨ੍ਹਾਂ ਯਤਨਾਂ ਸਦਕਾ ਹੁਣ ਇਟਲੀ ਦੇ ਬਾਸ਼ਿੰਦਿਆਂ ਨੂੰ ਵੀ ਸਿੱਖ ਧਰਮ ਅਤੇ ਨਗਰ ਕੀਰਤਨਾਂ ਦੀ ਸਮਝ ਲੱਗਣੀ ਸ਼ੁਰੂ ਹੋ ਗਈ ਐ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਅਧੀਨ ਪੈਂਦੇ ਗੁਰਦੁਆਰਾ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆ ਵਿਖੇ ਕਰਵਾਏ ਇਕ ਧਾਰਮਿਕ ਸਮਾਗਮ ਦੌਰਾਨ ਕੌਂਸਲਰ ਮੈਡਮ ਮਰੀਆ ਰੀਤਾ ਪੰਜਾਬੀ ਸੂਟ ਪਹਿਨ ਕੇ ਸ਼ਾਮਲ ਹੋਏ ਅਤੇ ਪੰਜਾਬੀ ਭਾਸ਼ਾ ਵਿਚ ਸੰਗਤ ਨੂੰ ਸੰਬੋਧਨ ਕੀਤਾ। 


ਇਟਲੀ ਵਿਚ ਹੁਣ ਸਥਾਨਕ ਲੋਕਾਂ ਵੀ ਸਿੱਖ ਧਰਮ ਅਤੇ ਉਸ ਦੇ ਧਾਰਮਿਕ ਕਾਰਜਾਂ ਦੀ ਸਮਝ ਲੱਗਣੀ ਸ਼ੁਰੂ ਹੋ ਗਈ ਐ, ਜਿਸ ਦੇ ਲਈ ਪਿਛਲੇ ਲੰਬੇ ਸਮੇਂ ਸਿੱਖ ਸੰਗਤ ਯਤਨ ਕਰਦੀ ਆ ਰਹੀ ਐ। ਦਰਅਸਲ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਅਧੀਨ ਪੈਂਦੇ ਗੁਰਦੁਆਰਾ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜਿੱਥੇ ਧਾਰਮਿਕ ਸਮਾਗਮ ਦੀ ਸਟੇਜ ਤੋਂ ਨਗਰ ਕੌਂਸਲ ਪੁਨਤੀਨੀਆ ਦੇ ਮੇਅਰ ਅਲੀਜਿਓ ਤੋਮਬੋਲੀਲੋ ਨੇ ਹਾਜ਼ਰ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਿੱਖਾਂ ਦੇ ਤਿਓਹਾਰਾਂ ਨੂੰ ਸਭ ਦੇ ਸਾਂਝੇ ਤਿਓਹਾਰ ਦੱਸਿਆ।


ਇਸ ਦੌਰਾਨ ਸਿੱਖ ਸੰਗਤਾਂ ਦੀ ਖ਼ੁਸ਼ੀ ਦਾ ਉਸ ਸਮੇਂ ਟਿਕਾਣਾ ਨਾ ਰਿਹਾ ਜਦੋਂ ਪੰਜਾਬੀ ਸੂਟ ਪਾ ਕੇ ਪੁੱਜੇ ਪੁਨਤੀਨੀਆ ਦੇ ਕੌਂਸਲਰ ਮੈਡਮ ਮਰੀਆ ਰੀਤਾ ਵੱਲੋਂ ਪੰਜਾਬੀ ਭਾਸ਼ਾ ਵਿਚ ਸਿੱਖ ਸੰਗਤ ਨੂੰ ਨਗਰ ਕੀਰਤਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਮੈਡਮ ਮਰੀਆ ਸਿੱਖ ਧਰਮ ਅਤੇ ਸਿੱਖਾਂ ਦੇ ਪ੍ਰਤੀ ਅਥਾਹ ਸਤਿਕਾਰ ਰੱਖਦੇ ਨੇ ਅਤੇ ਮਹਾਨ ਸਿੱਖ ਧਰਮ ਨੂੰ ਸਮਝਣ ਲਈ ਸੰਜ਼ੀਦਗੀ ਭਰੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਨੇ। ਹਾਲਾਂਕਿ ਉਨ੍ਹਾਂ ਵੱਲੋਂ ਬੋਲੀ ਗਈ ਪੰਜਾਬੀ ਭਾਸ਼ਾ ਓਨੀ ਸ਼ੁੱਧ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਦੀ ਇਸ ਕੋਸ਼ਿਸ਼ ’ਤੇ ਸਾਰੇ ਸਿੱਖ ਭਾਈਚਾਰੇ ਦੇ ਲੋਕ ਖ਼ੁਸ਼ ਹੋ ਗਏ।


ਸਭ ਤੋਂ ਖ਼ਾਸ ਗੱਲ ਇਹ ਐ ਕਿ ਮੌਜੂਦਾ ਸਮੇਂ ਇਟਲੀ ਦੇ ਲਗਭਗ ਸਾਰੇ ਨਗਰ ਕੀਰਤਨਾਂ ਵਿਚ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਜਾਂਦੀ ਐ ਜੋ ਇਸ ਗੱਲ ਦੀ ਹਾਮੀ ਭਰਦੀ ਐ ਕਿ ਉਹ ਦਿਨ ਦੂਰ ਨਹੀਂ ਜਦੋਂ ਇਟਲੀ ਵਿਚ ਮਹਾਨ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੇ ਇਤਿਹਾਸ ਫ਼ੈਸਲੇ ਦੀ ਸੰਪੂਰਨਤਾ ਹੋਵੇਗੀ ਕਿਉਂਕਿ ਹੁਣ ਇਸ ਮੁਹਿੰਮ ਵਿਚ ਇਕੱਲੇ ਸਿੱਖ ਹੀ ਨਹੀਂ ਬਲਕਿ ਇਟਾਲੀਅਨ ਲੋਕ ਵੀ ਸਿੱਖਾਂ ਦੇ ਮੋਢੇ ਨਾਲ ਮੋਢਾ ਜੋੜਨ ਲਈ ਲਾਮਬੰਦ ਹੋ ਰਹੇ ਨੇ।

Tags:    

Similar News