ਭਾਰਤੀ ਜੋੜੇ ਵੱਲੋਂ ਗੋਰਿਆਂ ਨਾਲ 21 ਲੱਖ ਡਾਲਰ ਦੀ ਠੱਗੀ

ਬੇਹੱਦ ਸ਼ਾਤਰ ਭਾਰਤੀ ਪਤੀ-ਪਤਨੀ ਨੇ ਨਿਊਜ਼ੀਲੈਂਡ ਸਰਕਾਰ ਤੋਂ 21 ਲੱਖ ਡਾਲਰ ਠੱਗੇ ਅਤੇ ਬੋਰੀ ਬਿਸਤਰਾ ਚੁੱਕ ਕੇ ਫਰਾਰ ਹੋਣ ਦਾ ਯਤਨ ਵੀ ਕੀਤਾ ਪਰ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਹਨ।

Update: 2025-05-17 11:34 GMT

ਔਕਲੈਂਡ : ਬੇਹੱਦ ਸ਼ਾਤਰ ਭਾਰਤੀ ਪਤੀ-ਪਤਨੀ ਨੇ ਨਿਊਜ਼ੀਲੈਂਡ ਸਰਕਾਰ ਤੋਂ 21 ਲੱਖ ਡਾਲਰ ਠੱਗੇ ਅਤੇ ਬੋਰੀ ਬਿਸਤਰਾ ਚੁੱਕ ਕੇ ਫਰਾਰ ਹੋਣ ਦਾ ਯਤਨ ਵੀ ਕੀਤਾ ਪਰ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਹਨ। ਜੀ ਹਾਂ, ਨੇਹਾ ਸ਼ਰਮਾ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਦਕਿ ਪਤੀ ਅਮਨਦੀਪ ਸ਼ਰਮਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਉਸ ਨੂੰ ਸਜ਼ਾ ਦਾ ਐਲਾਨ ਜੂਨ ਵਿਚ ਕੀਤਾ ਜਾਵੇਗਾ। ਕ੍ਰਾਈਸਚਰਚ ਰਹਿੰਦੇ ਜੋੜੇ ਵਿਚੋਂ ਨੇਹਾ ਸ਼ਰਮਾ ਪ੍ਰੌਪਰਟੀ ਮੈਨੇਜਰ ਦਾ ਕੰਮ ਕਰਦੀ ਸੀ ਜਦਕਿ ਅਮਨਦੀਪ ਸ਼ਰਮਾ ਡਿਵਾਈਨ ਕੁਨੈਕਸ਼ਨ ਲਿਮ. ਨਾਂ ਦੀ ਕੰਸਟ੍ਰਕਸ਼ਨ ਕੰਪਨੀ ਦਾ ਡਾਇਰੈਕਟਰ ਸੀ। ਦੋਹਾਂ ਨੇ ਚਲਾਕੀ ਨਾਲ ਕੰਸਟ੍ਰਕਸ਼ਨ ਕੰਪਨੀ ਨੂੰ ਇਮਾਰਤਾਂ ਦੇ ਠੇਕੇ ਦੇਣ ਵਾਲੀ ਸਰਕਾਰੀ ਏਜੰਸੀ ਦੇ ਆਨਲਾਈਨ ਸਿਸਟਮ ਵਿਚ ਦਰਜ ਕਰਵਾ ਦਿਤਾ।

ਨਿਊਜ਼ੀਲੈਂਡ ਦੀ ਅਦਾਲਤ ਨੇ ਨੇਹਾ ਸ਼ਰਮਾ ਨੂੰ ਸੁਣਾਈ 3 ਸਾਲ ਦੀ ਸਜ਼ਾ

ਇਥੋਂ ਅਸਲੀ ਖੇਡ ਸ਼ੁਰੂ ਹੋ ਗਈ ਅਤੇ ਅਮਨਦੀਪ ਸ਼ਰਮਾ ਦੀ ਕੰਸਟ੍ਰਕਸ਼ਨ ਕੰਪਨੀ ਨੂੰ ਵਧੇ ਹੋਏ ਰੇਟਾਂ ’ਤੇ ਠੇਕੇ ਮਿਲਣ ਲੱਗੇ। ਦੋਹਾਂ ਨੇ ਆਪਣੇ ਰਿਸ਼ਤੇ ਦੀ ਗੱਲ ਵੀ ਲੁਕਾ ਕੇ ਰੱਖੀ। ਕੁਝ ਸਮਾਂ ਇਹ ਧੰਦਾ ਚਲਦਾ ਰਿਹਾ ਪਰ ਫਿਰ ਸ਼ੱਕ ਪੈਦਾ ਹੋਣ ’ਤੇ ਅੰਦਰੂਨੀ ਪੜਤਾਲ ਆਰੰਭ ਹੋ ਗਈ ਜਿਸ ਰਾਹੀਂ ਪਤਾ ਲੱਗਾ ਕਿ ਅਮਨਦੀਪ ਸ਼ਰਮਾ ਦੀ ਕੰਸਟ੍ਰਕਸ਼ਨ ਕੰਪਨੀ ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਵਿਚ ਨੇਹਾ ਸ਼ਰਮਾ ਦੇ ਘਰ ਦਾ ਪਤਾ ਲਿਖਿਆ ਹੋਇਆ ਹੈ। ਨੇਹਾ ਸ਼ਰਮਾ ਨੇ ਇਹ ਕਹਿੰਦਿਆਂ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ ਕਿ ਉਸ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁਝ ਦਿਨ ਬਾਅਦ ਪਤੀ-ਪਤਨੀ ਨੇ ਕੰਪਨੀ ਦੇ ਰਿਕਾਰਡ ਨਾਲ ਛੇੜਛਾੜ ਕਰਦਿਆਂ ਅਮਨਦੀਪ ਦਾ ਨਾਂ ਹਟਾ ਦਿਤਾ ਪਰ ਉਸ ਵੇਲੇ ਤੱਕ ਪਾਣੀ ਸਿਰ ਤੋਂ ਲੰਘ ਚੁੱਕਾ ਸੀ। ਸੀਰੀਅਸ ਫਰੌਡ ਔਫਿਸ ਵੱਲੋਂ ਕ੍ਰਿਮੀਨਲ ਇਨਵੈਸਟੀਗੇਸ਼ਨ ਆਰੰਭੀ ਗਈ ਤਾਂ ਪਤਾ ਲੱਗਾ ਕਿ ਤਿੰਨ ਪ੍ਰੌਪਰਟੀਜ਼ ਅਤੇ ਤਿੰਨ ਗੱਡੀਆਂ ਤੋਂ ਇਲਾਵਾ 8 ਲੱਖ ਡਾਲਰ ਦੇ ਅਸਾਸੇ ਦੋਹਾਂ ਕੋਲ ਮੌਜੂਦ ਸਨ। ਨੇਹਾ ਅਤੇ ਅਮਨਦੀਪ ਵੱਲੋਂ ਮੋਟੀ ਰਕਮ ਭਾਰਤ ਟ੍ਰਾਂਸਫਰ ਕਰਨ ਦਾ ਯਤਨ ਵੀ ਕੀਤਾ ਗਿਆ ਪਰ ਇਸੇ ਦੌਰਾਨ ਨਿਊਜ਼ੀਲੈਂਡ ਸਰਕਾਰ ਨੇ ਛਾਪਾ ਮਾਰ ਦਿਤਾ।

ਅਮਨਦੀਪ ਸ਼ਰਮਾ ਨੂੰ ਸਜ਼ਾ ਦਾ ਐਲਾਨ ਜੂਨ ਵਿਚ

ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਜਣੇ 80 ਕਿਲੋ ਵਜ਼ਨੀ ਸਮਾਨ ਲੈ ਕੇ ਚੇਨਈ ਜਾਣ ਵਾਲੀ ਫਲਾਈਟ ਵਿਚ ਚੜ੍ਹਨ ਦੇ ਯਤਨਾਂ ਦੌਰਾਨ ਕਾਬੂ ਆ ਗਏ। ਦੋਹਾਂ ਦੇ ਦੋ ਬੱਚਿਆਂ ਵਿਚੋਂ ਵੱਡੇ ਨੂੰ ਅਮਨਦੀਪ ਸ਼ਰਮਾ ਦੀ ਭੈਣ ਭਾਰਤ ਲੈ ਗਈ ਜਦਕਿ ਛੋਟਾ ਬੱਚਾ ਨੇਹਾ ਸ਼ਰਾਮ ਨਾਲ ਜੇਲ ਵਿਚ ਹੈ। ਇਥੇ ਦਸਣਾ ਬਣਦਾ ਹੈ ਕਿ ਡਿਵਾਈਨ ਕਨੈਕਸ਼ਨ ਲਿਮ ਫਰਵਰੀ 2018 ਵਿਚ ਬਣੀ ਅਤੇ ਸੰਭਾਵਤ ਤੌਰ ’ਤੇ ਦੋਹਾਂ ਨੇ ਕੰਪਨੀ ਨੂੰ ਵਰਤ ਕੇ 35 ਸਾਲ ਦੀ ਉਮਰ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਦੀ ਯੋਜਨਾ ਬਣਾ ਲਈ ਸੀ। 22 ਜੁਲਾਈ 2021 ਤੋਂ 29 ਅਕਤੂਬਰ 2022 ਦਰਮਿਆਨ ਡਿਵਾਈਨ ਕੁਨੈਕਸ਼ਨ ਲਿਮ ਨੂੰ ਸਰਕਾਰ ਤੋਂ 103 ਅਦਾਇਗੀਆਂ ਪ੍ਰਾਪਤ ਹੋਈਆਂ ਪਰ ਨਵੰਬਰ 2022 ਵਿਚ ਚਲਾਕੀ ਦਾ ਪਰਦਾ ਫਾਸ਼ ਹੋਣਾ ਸ਼ੁਰੂ ਹੋ ਗਿਆ।

Tags:    

Similar News