ਅਮਰੀਕਾ ਵਿਚ ਪੰਜਾਬੀਆਂ ਦੇ ਸਮਾਗਮ ਦੌਰਾਨ ਚੱਲੀਆਂ ਗੋਲੀਆਂ
ਅਮਰੀਕਾ ਵਿਚ ਦਰਜਨਾਂ ਪੰਜਾਬੀਆਂ ਦੀ ਜਾਨ ’ਤੇ ਬਣ ਆਈ ਜਦੋਂ ਫਰਿਜ਼ਨੋ ਦੇ ਇਕ ਬੈਂਕੁਇਟ ਹਾਲ ਦੇ ਬਾਹਰ ਗੋਲੀਆਂ ਚੱਲ ਗਈਆਂ।;
ਫਰਿਜ਼ਨੋ : ਅਮਰੀਕਾ ਵਿਚ ਦਰਜਨਾਂ ਪੰਜਾਬੀਆਂ ਦੀ ਜਾਨ ’ਤੇ ਬਣ ਆਈ ਜਦੋਂ ਫਰਿਜ਼ਨੋ ਦੇ ਇਕ ਬੈਂਕੁਇਟ ਹਾਲ ਦੇ ਬਾਹਰ ਗੋਲੀਆਂ ਚੱਲ ਗਈਆਂ। ਅੰਦਰ ਪਾਰਟੀ ਚੱਲ ਰਹੀ ਸੀ ਅਤੇ ਬਾਹਰ ਗੋਲੀਬਾਰੀ ਦੌਰਾਨ 29 ਸਾਲ ਦਾ ਹਰਮਨਪ੍ਰੀਤ ਸਿੰਘ ਦਮ ਤੋੜ ਗਿਆ। ਪੁਲਿਸ ਮੁਤਾਬਕ ਸ਼ੱਕੀ ਦੀ ਸ਼ਨਾਖਤ 28 ਸਾਲ ਦੇ ਲਵਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਜਿਸ ਨੇ ਇਕ ਹੋਰ ਸ਼ਖਸ ’ਤੇ ਵੀ ਗੋਲੀਆਂ ਚਲਾਈਆਂ ਪਰ ਉਹ ਵਾਲ-ਵਾਲ ਬਚ ਗਿਆ। ‘ਐਕਸ਼ਨ ਨਿਊਜ਼’ ਦੀ ਰਿਪੋਰਟ ਮੁਤਾਬਕ ਵਾਰਦਾਤ ਵੇਲੇ ਬੈਂਕੁਇਟ ਹਾਲ ਵਿਚ ਤਕਰੀਬਨ 100 ਜਣੇ ਮੌਜੂਦ ਸਨ।
29 ਸਾਲ ਦੇ ਹਰਮਨਪ੍ਰੀਤ ਸਿੰਘ ਨੇ ਦਮ ਤੋੜਿਆ
ਮਹਿਮਾਨਾਂ ਵਾਸਤੇ ਖਾਣਾ ਤਿਆਰ ਕਰ ਰਹੇ ਮਿੱਕੀ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਪੰਜ ਮਿੰਟ ਪਹਿਲਾਂ ਉਸ ਨੇ ਹਰਮਨਪ੍ਰੀਤ ਸਿੰਘ ਨੂੰ ਹਾਲ ਦੇ ਅੰਦਰ ਦੇਖਿਆ ਜੋ ਆਪਣੀ ਪਤਨੀ ਨਾਲ ਸਮਾਗਮ ਵਿਚ ਸ਼ਾਮਲ ਹੋਣ ਪੁੱਜਾ। ਇਸ ਮਗਰੋਂ ਅਚਾਨਕ ਗੋਲੀਆਂ ਦੀ ਆਵਾਜ਼ ਆਈ ਤਾਂ ਬਾਹਰ ਇਕ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਇਕ ਦੂਜੇ ਨੂੰ ਜਾਣਦੇ ਸਨ। ਪਾਰਟੀ ਵਿਚ ਸ਼ਾਮਲ ਕੁਝ ਲੋਕਾਂ ਨੇ ਤਾਂ ਇਥੋਂ ਤੱਕ ਆਖ ਦਿਤਾ ਕਿ ਮੌਡੈਸਟੋ ਨਾਲ ਸਬੰਧਤ ਦੋਵੇਂ ਜਣੇ ਦੋਸਤ ਸਨ। ਮਹਿਮਾਨਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਜਾਨ ਬਚਾਉਣ ਲਈ ਕਿਚਨ ਵੱਲ ਦੌੜੇ ਅਤੇ ਆਪਣੀ ਜਾਨ ਬਚਾਉਣ ਦੇ ਆਹਰ ਕਰਨ ਲੱਗੇ।
ਪੁਲਿਸ ਨੇ 28 ਸਾਲ ਦਾ ਲਵਪ੍ਰੀਤ ਸਿੰਘ ਕੀਤਾ ਗ੍ਰਿਫ਼ਤਾਰ
ਦੂਜੇ ਪਾਸੇ ਮਿੱਕੀ ਸਿੰਘ ਮੁਤਾਬਕ ਹਾਲ ਦੇ ਅੰਦਰ ਮੌਜੂਦ ਹਰਮਨਪ੍ਰੀਤ ਦੀ ਪਤਨੀ ਲਗਾਤਾਰ ਫੋਨ ਕਰ ਰਹੀ ਸੀ ਪਰ ਕਿਸੇ ਵਿਚ ਐਨੀ ਹਿੰਮਤ ਨਹੀਂ ਸੀ ਕਿ ਫੋਨ ਚੁੱਕ ਕੇ ਬਾਹਰ ਵਰਤੇ ਭਾਣੇ ਬਾਰੇ ਦੱਸ ਦੇਵੇ। ਇਸੇ ਦੌਰਾਨ ਪੁਲਿਸ ਨੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਕੋਲੋਂ ਸੈਮੀਆਟੋਮੈਟਿਕ ਪਸਤੌਲ ਬਰਾਮਦ ਕਰ ਲਈ। ਫਰਿਜ਼ਨੋ ਪੁਲਿਸ ਦੇ ਸਾਰਜੈਂਟ ਫੈਲੀਪੇ ਊਰੀਬੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਵੱਡੇ ਇਕੱਠ ਦੌਰਾਨ ਜਿਥੇ ਲੋਕ ਆਪਣੇ ਪਰਵਾਰਾਂ ਸਣੇ ਪੁੱਜੇ ਹੋਣ, ਵਿਖੇ ਗੋਲੀਆਂ ਦੀ ਆਵਾਜ਼ ਖੌਫ ਪੈਦਾ ਕਰ ਦਿੰਦੀ ਹੈ। ਫਿਲਹਾਲ ਗੋਲੀਬਾਰੀ ਦੇ ਮਕਸਦ ਬਾਰੇ ਪੁਲਿਸ ਕੋਈ ਚਾਨਣਾ ਨਹੀਂ ਪਾ ਸਕੀ ਪਰ ਲੋਕਾਂ ਦੇ ਦਿਲਾਂ ’ਤੇ ਐਨੀ ਡੂੰਘੀ ਸੱਟ ਵੱਜੀ ਕਿ ਉਹ ਖਾਣਾ ਖਾਧੇ ਬਗੈਰ ਹੀ ਆਪੋ ਆਪਣੇ ਘਰਾਂ ਨੂੰ ਪਰਤ ਗਏ। ਫਰਿਜ਼ਨੋ ਕਾਊਂਟੀ ਜੇਲ ਵਿਚ ਬੰਦ ਲਵਪ੍ਰੀਤ ਸਿੰਘ ਵਿਰੁੱਧ ਕਤਲ ਅਤੇ ਇਰਾਦਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।