ਪਾਕਿ ’ਚ ‘ਇੰਡੀਅਨ’ ਹੋਣ ਦੀ ਸਜ਼ਾ ਭੁਗਤਦੈ ਇਹ ਸੋਹਣਾ ਪੰਛੀ!

ਭਾਰਤ ਅਤੇ ਪਾਕਿਸਤਾਨ ਵੱਲੋਂ ਭਾਵੇਂ ਕਿ ਆਪੋ ਆਪਣੀ ਸਰਹੱਦ ਨੂੰ ਕੰਡਾ ਤਾਰ ਲਗਾ ਕੇ ਮਜ਼ਬੂਤ ਕੀਤਾ ਹੋਇਆ ਹੋਵੇ ਅਤੇ ਵੱਧ ਤੋਂ ਵੱਧ ਫ਼ੌਜੀ ਤਾਇਨਾਤ ਕੀਤੇ ਹੋਣ ਪਰ ਕੀ ਪੰਛੀਆਂ ਲਈ ਇਹ ਸਰਹੱਦਾਂ ਕੋਈ ਮਾਇਨੇ ਰੱਖਦੀਆਂ ਨੇ? ਇਸ ਦਾ ਜਵਾਬ ਹੋਵੇਗਾ ਨਹੀਂ ਕਿਉਂਕਿ ਇਨਸਾਨ ਦੀਆਂ ਬਣਾਈਆਂ ਸਰਹੱਦਾਂ ਨਾਲ ਪੰਛੀਆਂ ਦਾ ਕੋਈ ਲੈਣਾ ਦੇਣਾ ਨਹੀਂ;

Update: 2025-01-09 14:13 GMT

ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਵੱਲੋਂ ਭਾਵੇਂ ਕਿ ਆਪੋ ਆਪਣੀ ਸਰਹੱਦ ਨੂੰ ਕੰਡਾ ਤਾਰ ਲਗਾ ਕੇ ਮਜ਼ਬੂਤ ਕੀਤਾ ਹੋਇਆ ਹੋਵੇ ਅਤੇ ਵੱਧ ਤੋਂ ਵੱਧ ਫ਼ੌਜੀ ਤਾਇਨਾਤ ਕੀਤੇ ਹੋਣ ਪਰ ਕੀ ਪੰਛੀਆਂ ਲਈ ਇਹ ਸਰਹੱਦਾਂ ਕੋਈ ਮਾਇਨੇ ਰੱਖਦੀਆਂ ਨੇ? ਇਸ ਦਾ ਜਵਾਬ ਹੋਵੇਗਾ ਨਹੀਂ ਕਿਉਂਕਿ ਇਨਸਾਨ ਦੀਆਂ ਬਣਾਈਆਂ ਸਰਹੱਦਾਂ ਨਾਲ ਪੰਛੀਆਂ ਦਾ ਕੋਈ ਲੈਣਾ ਦੇਣਾ ਨਹੀਂ ਅਤੇ ਇਹ ਅਣਭੋਲ ਪੰਛੀ ਕਦੇ ਪਾਕਿਸਤਾਨ ਵੱਲ ਅਤੇ ਕਦੇ ਭਾਰਤ ਵੱਲ ਉਡਾਰੀਆਂ ਭਰਦੇ ਰਹਿੰਦੇ ਨੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੰਛੀ ਬਾਰੇ ਦੱਸਣ ਜਾ ਰਹੇ ਆਂ, ਜੋ ਆਪਣੇ ਨਾਮ ਦੀ ਵਜ੍ਹਾ ਕਰਕੇ ਪਾਕਿਸਤਾਨ ਵਿਚ ‘ਮੌਤ ਦਾ ਸ਼ਿਕਾਰ’ ਹੋ ਰਿਹਾ ਏ। ਕੁੱਝ ਲੋਕ ਆਖਦੇ ਨੇ ਕਿ ਇਹ ਪੰਛੀ ਆਪਣੇ ਨਾਮ ਦੇ ਨਾਲ ਲੱਗੇ ‘ਇੰਡੀਅਨ’ ਸ਼ਬਦ ਦੀ ਕਰਨੀ ਭੁਗਤ ਰਿਹਾ ਏ,, ਕੀ ਵਾਕਈ ਇਹ ਸੱਚ ਐ ਜਾਂ ਕੁੱਝ ਹੋਰ? ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਉਸ ਪੰਛੀ ਦਾ ਨਾਮ ਅਤੇ ਕੀ ਐ ਇਸ ਦੀ ਪੂਰੀ ਕਹਾਣੀ?


ਪਾਕਿਸਤਾਨ ਵਿਚ ਇਕ ਪੰਛੀ ਦਾ ਸ਼ਿਕਾਰ, ਇਸ ਲਈ ਕੀਤਾ ਜਾਂਦਾ ਏ ਕਿਉਂਕਿ ਉਸ ਦੇ ਨਾਂਅ ਨਾਲ ‘ਇੰਡੀਅਨ’ ਸ਼ਬਦ ਜੁੜਿਆ ਹੋਇਆ ਏ ਅਤੇ ਇਸੇ ਕਰਕੇ ਇਸ ਖ਼ੂਬਸੂਰਤ ਪੰਛੀ ਦਾ ਪਾਕਿਸਤਾਨ ਵਿਚ ਧੜੱਲੇ ਨਾਲ ਸ਼ਿਕਾਰ ਕੀਤਾ ਜਾਂਦੈ। ਦਰਅਸਲ ਇਸ ਪੰਛੀ ਦਾ ਨਾਂਅ ਹੈ ‘ਇੰਡੀਅਨ ਗ੍ਰੇਟ ਬਸਟਰਡ’ ਯਾਨੀ ਕਿ ਭਾਰਤ ਦੀ ਸੋਨ ਚਿੜੀਆ। ਕੁੱਝ ਲੋਕਾਂ ਦਾ ਕਹਿਣਾ ਏ ਕਿ ਇਹ ਖ਼ੂਬਸੂਰਤ ਪੰਛੀ ਪਾਕਿਸਤਾਨੀ ਸ਼ਿਕਾਰੀਆਂ ਦੀ ਗੋਲੀ ਦਾ ਸਿਰਫ਼ ਇਸ ਕਰਕੇ ਸ਼ਿਕਾਰ ਹੋ ਰਿਹਾ ਏ ਕਿਉਂਕਿ ਉਸ ਦੇ ਨਾਂਅ ਨਾਲ ’ਇੰਡੀਅਨ’ ਜੁੜਿਆ ਹੋਇਆ ਏ ਪਰ ਇਸ ਤੱਥ ਵਿਚ ਸੱਚਾਈ ਘੱਟ ਹੀ ਨਜ਼ਰ ਆਉਂਦੀ ਐ ਕਿਉਂਕਿ ਇਸ ਪੰਛੀ ਨੂੰ ਪਾਕਿਸਤਾਨ ਵਿਚ ਇਸ ਕਰਕੇ ਨਹੀਂ ਮਾਰਿਆ ਜਾਂਦਾ ਕਿ ਇਸ ਦੇ ਨਾਮ ਦੇ ਨਾਲ ‘ਇੰਡੀਅਨ’ ਲਗਦਾ ਏ, ਬਲਕਿ ਇਸ ਨੂੰ ਇਸ ਕਰਕੇ ਮਾਰਿਆ ਜਾਂਦੈ ਕਿਉਂਕਿ ਇਸ ਦਾ ਮੀਟ ਕਾਫ਼ੀ ਸਵਾਦਿਸ਼ਟ ਹੁੰਦਾ ਏ ਅਤੇ ਇਹ ਪੰਛੀ ਕਾਫ਼ੀ ਵਜ਼ਨੀ ਵੀ ਹੁੰਦਾ ਏ।


ਗ੍ਰੇਟ ਇੰਡੀਅਨ ਬਸਟਰਡ ਪੰਛੀ ਆਜ਼ਾਦੀ ਦੇ ਸਮੇਂ ਤਕ ਭਾਰਤ ਵਿਚ ਵੱਡੀ ਗਿਣਤੀ ਵਿਚ ਪਾਇਆ ਜਾਂਦਾ ਸੀ ਪਰ ਹੁਣ ਪੂਰੀ ਦੁਨੀਆ ਵਿਚ ਇਸ ਖ਼ੂਬਸੂਰਤ ਪੰਛੀ ਦੀ ਗਿਣਤੀ ਕਾਫ਼ੀ ਘੱਟ ਰਹਿ ਗਈ ਐ। ਕਿਸੇ ਸਮੇਂ ਇਹ ਪੰਛੀ ਭਾਰਤ ਦੇ ਰੇਗਿਸਤਾਨੀ ਇਲਾਕਿਆਂ ਅਤੇ ਗਰਮ ਸੂਬਿਆਂ ਵਿਚ ਬੇਖ਼ੌਫ਼ ਹੋ ਕੇ ਘੁੰਮਦਾ ਹੁੰਦਾ ਸੀ ਪਰ ਹੁਣ ਇਹ ਭਾਰਤ ਵਿਚ ਸਿਰਫ਼ ਰਾਜਸਥਾਨ ਦੇ ਥਾਰ ਅਤੇ ਗੁਜਰਾਤ ਦੇ ਕੱਛ ਖੇਤਰਾਂ ਵਿਚ ਹੀ ਦੇਖਿਆ ਜਾ ਸਕਦਾ ਏ, ਉਹ ਵੀ ਟਾਂਵਾਂ ਟਾਵਾਂ।


ਵਿਗਿਆਨੀਆਂ ਮੁਤਾਬਕ ਗ੍ਰੇਟ ਇੰਡੀਅਨ ਬਸਟਰਡ ਦੀ ਪ੍ਰਜਾਤੀ ਆਲੋਪ ਹੋਣ ਦੇ ਕੰਢੇ ਪੁੱਜ ਗਈ ਐ। ਇਹ ਪੰਛੀ ਦੁਨੀਆ ਦਾ ਪਹਿਲਾ ਸਭ ਤੋਂ ਭਾਰੀ ਪੰਛੀ ਐ ਜੋ ਉਡ ਵੀ ਸਕਦਾ ਏ। ਸ਼ੁਤਰਮੁਰਗ ਵਾਂਗ ਇਸ ਦੀ ਲੰਬੀ ਗਰਦਨ ਅਤੇ ਲੰਬੇ ਪੈਰ ਹੁੰਦੇ ਨੇ। ਇਸ ਪੰਛੀ ਦਾ ਵਜ਼ਨ 15 ਕਿਲੋ ਤੱਕ ਪਹੁੰਚ ਜਾਂਦਾ ਏ, ਜਦਕਿ ਇਸ ਦੀ ਲੰਬਾਈ 1 ਮੀਟਰ ਤੱਕ ਹੋ ਸਕਦੀ ਐ। ਇਸ ਵਿਚ 20 ਤੋਂ 100 ਮੀਟਰ ਤੱਕ ਉਡਣ ਦੀ ਸਮਰੱਥਾ ਹੁੰਦੀ ਐ। ਇਕ ਰਿਪੋਰਟ ਦੇ ਅਨੁਸਾਰ ਬੈਨ ਹੋਣ ਦੇ ਬਾਵਜੂਦ ਪਾਕਿਸਤਾਨ ਵਿਚ ਇਸ ਪੰਛੀ ਦਾ ਧੜੱਲੇ ਨਾਲ ਸ਼ਿਕਾਰ ਕੀਤਾ ਜਾਂਦਾ ਏ। ਹੈਰਾਨੀ ਦੀ ਗੱਲ ਇਹ ਐ ਕਿ ਪਾਕਿਸਤਾਨ ਸਰਕਾਰ ਵੱਲੋਂ ਵੀ ਇਸ ਪੰਛੀ ਦੀ ਹੋਂਦ ਬਚਾਉਣ ਵੱਲ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਇਸ ਪੰਛੀ ਦਾ ਵਜ਼ੂਦ ਹੁਣ ਖ਼ਤਮ ਹੋਣ ਕਿਨਾਰੇ ਪਹੁੰਚ ਗਿਆ ਏ।


ਇਕ ਰਿਪੋਰਟ ਮੁਤਾਬਕ ਗੁਜਰਾਤ ਵਿਚ ਕੱਛ ਦੇ ਨਾਲੀਆ ਤੋਂ ਇਹ ਪੰਛੀ ਉਡ ਕੇ ਪਾਕਿਸਤਾਨ ਚਲਾ ਗਿਆ ਸੀ ਪਰ ਹੁਣ ਇਨ੍ਹਾਂ ਪੰਛੀਆਂ ਦੀ ਗਿਣਤੀ ਵਿਚ ਕਾਫ਼ੀ ਕਮੀ ਆ ਚੁੱਕੀ ਐ। ਪਿਛਲੇ ਕੁੱਝ ਸਾਲਾਂ ਵਿਚ ਮਹਿਜ਼ 63 ਪੰਛੀ ਹੀ ਇਸ ਇਲਾਕੇ ਵਿਚ ਦੇਖੇ ਗਏ ਸਨ, ਜਿਨ੍ਹਾਂ ਵਿਚੋਂ ਕਈ ਪੰਛੀਆਂ ਦਾ ਸ਼ਿਕਾਰ ਹੋ ਚੁੱਕਿਆ ਏ। ਇਹ ਵੀ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਵਿਚ ਪਹਿਲਾਂ ਵਾਲੀ ਨਵਾਜ਼ ਸ਼ਰੀਫ਼ ਸਰਕਾਰ ਇਸ ਪੰਛੀ ਦੇ ਸ਼ਿਕਾਰ ਲਈ ਕਾਫ਼ੀ ਬਦਨਾਮ ਹੋਈ ਸੀ ਕਿਉਂਕਿ ਪਾਕਿਸਤਾਨੀ ਸਰਕਾਰ ਨੇ ਚੰਦ ਡਾਲਰਾਂ ਦੀ ਖ਼ਾਤਰ ਸਾਊਦੀ ਅਰਬ ਦੇ ਰਾਜ ਘਰਾਣੇ ਨੂੰ ਇਸ ਪੰਛੀ ਦੇ ਸ਼ਿਕਾਰ ਦੇ ਇਜਾਜ਼ਤ ਦੇ ਦਿੱਤੀ ਸੀ। ਸਾਊਦੀ ਰਾਜ ਘਰਾਣੇ ਨੇ ਇਸ ਦੇ ਸ਼ਿਕਾਰ ਲਈ ਪਾਕਿ ਸਰਕਾਰ ਨੂੰ ਇਕ ਲੱਖ ਡਾਲਰ ਦੀ ਅਦਾਇਗੀ ਕੀਤੀ ਸੀ। ਯਾਨੀ ਕਿ ਪੈਸੇ ਭਰੋ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਸ਼ਿਕਾਰ ਕਰੋ, ਫਿਰ ਚਾਹੇ ਉਸ ਦੇ ਸ਼ਿਕਾਰ ’ਤੇ ਬੈਨ ਹੀ ਕਿਉਂ ਨਾ ਹੋਵੇ।


ਕੁੱਝ ਲੋਕਾਂ ਦਾ ਮੰਨਣਾ ਏ ਕਿ ਗ੍ਰੇਟ ਇੰਡੀਅਨ ਬਸਟਰਡ ਦਾ ਸ਼ਿਕਾਰ ‘ਇੰਡੀਅਨ’ ਨਾਮ ਦੀ ਵਜ੍ਹਾ ਕਰਕੇ ਨਹੀਂ ਬਲਕਿ ਮਾਸ ਦੇ ਲਈ ਕੀਤਾ ਜਾਂਦਾ ਏ ਕਿਉਂਕਿ ਇਸ ਪੰਛੀ ਦਾ ਵਜ਼ਨ ਕਾਫ਼ੀ ਹੁੰਦਾ ਏ ਅਤੇ ਇਸ ਵਿਚੋਂ ਕਾਫ਼ੀ ਮਾਸ ਪ੍ਰਾਪਤ ਹੋ ਜਾਂਦਾ ਏ ਜਦਕਿ ਕੁੱਝ ਲੋਕਾਂ ਦਾ ਕਹਿਣਾ ਏ ਕਿ ਇਸ ਦੇ ਨਾਮ ਨਾਲ ਇੰਡੀਅਨ ਜੁੜਨ ਕਰਕੇ ਹੀ ਇਸ ਦਾ ਸ਼ਿਕਾਰ ਕੀਤਾ ਜਾਂਦਾ ਏ। ਉਂਝ ਦੇਖਿਆ ਜਾਵੇ ਤਾਂ ਇਸ ਦਾ ਸ਼ਿਕਾਰ ਸਿਰਫ਼ ਤੇ ਸਿਰਫ਼ ਮਾਸ ਲਈ ਕੀਤਾ ਜਾਂਦਾ ਏ।

ਖ਼ੈਰ.... ਕਾਰਨ ਭਾਵੇਂ ਕੋਈ ਹੋਵੇ, ਪਰ ਹਾਲ ਦੀ ਘੜੀ ਇਹ ਇਹ ਖ਼ੂਬਸੂਰਤ ਪੰਛੀ ਪਾਕਿਸਤਾਨ ਵਿਚ ਬੇਮੌਤ ਮਾਰਿਆ ਜਾ ਰਿਹਾ ਏ, ਜਦਕਿ ਇਸ ਪੰਛੀ ਦਾ ਨਾਂਅ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ ਦੀ ਰੈੱਡ ਲਿਸਟ ਵਿਚ ਸ਼ਾਮਲ ਕੀਤਾ ਹੋਇਆ ਏ, ਜਿਸ ਦਾ ਮਤਲਬ ਇਹ ਐ ਕਿ ਇਸ ਪੰਛੀ ਦਾ ਦੁਨੀਆ ਤੋਂ ਖ਼ਾਤਮਾ ਬਹੁਤ ਨੇੜੇ ਆ ਚੁੱਕਿਆ ਏ। ਮੌਜੂਦਾ ਸਮੇਂ ਹਾਲਾਤ ਇਹ ਬਣ ਚੁੱਕੇ ਨੇ ਕਿ ਇਨ੍ਹਾਂ ਪੰਛੀਆਂ ਦੀ ਗਿਣਤੀ ਹੁਣ ਉਂਗਲਾਂ ’ਤੇ ਕੀਤੀ ਜਾ ਸਕਦੀ ਐ।


ਜੇਕਰ ਇਹੀ ਹਾਲਾਤ ਰਹੇ ਤਾਂ ਬਹੁਤ ਜਲਦ ਇਹ ਪੰਛੀ ਦੁਨੀਆ ਤੋਂ ਸਦਾ ਲਈ ਅਲੋਪ ਹੋ ਜਾਵੇਗਾ, ਸੋ ਇਸ ਪੰਛੀ ਨੂੰ ਬਚਾਉਣ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਵੱਡਾ ਹੰਭਲਾ ਮਾਰਨ ਜਾਣ ਦੀ ਲੋੜ ਐ ਤਾਂ ਜੋ ਇਸ ਖ਼ੂਬਸੂਰਤ ਪੰਛੀ ਦੀ ਹੋਂਦ ਨੂੰ ਬਚਾਇਆ ਜਾ ਸਕੇ।

ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News