ਟਰੰਪ ਵਿਰੁੱਧ ਘੜੀ ਗਈ ਸਾਜ਼ਿਸ਼, ਐਨ ਮੌਕੇ ’ਤੇ ਬੰਦ ਹੋਈਆਂ ਪੌੜੀਆਂ
ਵਾਈਟ ਹਾਊਸ ਵੱਲੋਂ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਸ਼ਣ ਦੌਰਾਨ ਟੈਲੀਪ੍ਰੌਂਪਟਰ ਬੰਦ ਹੋਣ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਪੌੜੀਆਂ ਐਨ ਮੌਕੇ ’ਤੇ ਰੁਕਣ ਦੀਆਂ ਸਮੱਸਿਆਵਾਂ ਨੂੰ ਕਿਸੇ ਸਾਜ਼ਿਸ਼ ਦਾ ਹਿੱਸਾ ਕਰਾਰ ਦਿਤਾ ਗਿਆ
ਨਿਊ ਯਾਰਕ : ਵਾਈਟ ਹਾਊਸ ਵੱਲੋਂ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਸ਼ਣ ਦੌਰਾਨ ਟੈਲੀਪ੍ਰੌਂਪਟਰ ਬੰਦ ਹੋਣ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਪੌੜੀਆਂ ਐਨ ਮੌਕੇ ’ਤੇ ਰੁਕਣ ਦੀਆਂ ਸਮੱਸਿਆਵਾਂ ਨੂੰ ਕਿਸੇ ਸਾਜ਼ਿਸ਼ ਦਾ ਹਿੱਸਾ ਕਰਾਰ ਦਿਤਾ ਗਿਆ ਹੈ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਟਰੰਪ ਜਦੋਂ ਮੇਨ ਹਾਲ ਵੱਲ ਜਾ ਰਹੇ ਸਨ ਤਾਂ ਅਚਨਚੇਤ ਐਸਕੈਲੇਟਰ ਬੰਦ ਹੋ ਗਿਆ।
ਭਾਸ਼ਣ ਤੋਂ ਪਹਿਲਾਂ ਟੈਲੀਪ੍ਰੌਂਪਟਰ ਵੀ ਬੰਦ
ਇਸ ਮੌਕੇ ਰਾਸ਼ਟਰਪਤੀ ਨਾਲ ਮਲਾਨੀਆ ਟਰੰਪ ਵੀ ਮੌਜੂਦ ਸਨ। ਮਾਮਲਾ ਇਥੇ ਹੀ ਨਹੀਂ ਰੁਕਿਆ ਅਤੇ ਭਾਸ਼ਣ ਸ਼ੁਰੂ ਹੁੰਦਿਆਂ ਹੀ ਟੈਲੀਪ੍ਰੌਂਪਟਰ ਖਰਾਬ ਹੋ ਗਿਆ ਅਤੇ ਹੈਰਾਨਕੁੰਨ ਹਾਲਾਤ ਉਸ ਵੇਲੇ ਬਣ ਗਏ ਜਦੋਂ ਰੂਸ ਦੇ ਡਿਪਲੋਮੈਟ ਨੇ ਟਰੰਪ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿਤੀ। ਬਾਅਦ ਵਿਚ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਪੋਡੀਅਮ ਤੱਕ ਜਾਣ ਵਾਲੀਆਂ ਪੌੜੀਆਂ ਰੁਕ ਗਈਆਂ ਅਤੇ ਭਾਸ਼ਣ ਦੌਰਾਨ ਟੈਲੀਪ੍ਰੌਂਪਟਰ ਖਰਾਬ ਹੋ ਗਿਆ ਪਰ ਇਨ੍ਹਾਂ ਤਕਨੀਕੀ ਖਾਮੀਆਂ ਨੇ ਭਾਸ਼ਣ ਨੂੰ ਦਿਲਚਸਪ ਬਣਾ ਦਿਤਾ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਭਾਸ਼ਣ ਸ਼ਾਨਦਾਰ ਰਿਹਾ।
ਰੂਸੀ ਡਿਪਲੋਮੈਟ ਨੇ ਬਣਾਈ ਟਰੰਪ ਦੀ ਵੀਡੀਓ
ਇਥੇ ਦਸਣਾ ਬਣਦਾ ਹੈ ਕਿ ਟਰੰਪ ਨੂੰ ਬੋਲਣ ਵਾਸਤੇ ਸਿਰਫ਼ 15 ਮਿੰਟ ਦਿਤੇ ਗਏ ਸਨ ਪਰ ਉਹ 55 ਮਿੰਟ ਤੱਕ ਬੋਲਦੇ ਰਹੇ। ਰਾਸ਼ਟਰਪਤੀ ਨੇ ਇਕ ਵਾਰ ਫਿਰ ਭਾਰਤ ਪਾਕਿਸਤਾਨ ਦੀ ਜੰਗ ਰੁਕਵਾਉਣ ਦਾ ਰਾਗ ਅਲਾਪਿਆ ਅਤੇ ਕਿਹਾ ਕਿ ਯੂਕਰੇਨ ਆਪਣੀ ਗੁਆਚੀ ਹੋਈ ਧਰਤੀ ਮੁੜ ਹਾਸਲ ਕਰ ਸਕਦਾ ਹੈ। ਆਪਣੇ ਦੂਜੇ ਕਾਰਜਕਾਲ ਦੌਰਾਨ ਟਰੰਪ ਵੱਲੋਂ ਸੰਯੁਕਤ ਰਾਸ਼ਟਰ ਵਿਚ ਇਹ ਪਹਿਲਾਂ ਭਾਸ਼ਣ ਸੀ।