POLAND ਜਾ ਰਿਹਾ CHOCOLATE ਦਾ ਟਰੱਕ ਚੋਰੀ, 12 TONNE ਚਾਕਲੇਟ ਲੈ ਗਏ ਚੋਰ
ਨੈਸਲੇ ਕੰਪਨੀ ਦੇ ਪ੍ਰਸਿੱਧ ਬ੍ਰਾਂਡ ਕਿਟਕੈਟ ਦੀ ਇੱਕ ਵੱਡੀ ਖੇਪ ਚੋਰੀ ਹੋ ਗਈ ਹੈ। ਇਸ ਘਟਨਾ ਨਾਲ ਯੂਰਪ ਵਿਚ ਈਸਟਰ ਸੀਜ਼ਨ ਤੋਂ ਪਹਿਲਾਂ ਚਾਕਲੇਟ ਦੀਆਂ ਦੁਕਾਨਾਂ ਵਿਚ ਕਮੀ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਈਸਟਰ ਮੌਕੇ ਯੂਰੋਪ 'ਚ ਹੁੰਦੀ ਹੈ ਭਾਰੀ ਵਿਕਰੀ
ਵਾਰਸਾ (ਪੋਲੈਂਡ): ਨੈਸਲੇ (NESTLE) ਕੰਪਨੀ ਦੇ ਪ੍ਰਸਿੱਧ ਬ੍ਰਾਂਡ ਕਿਟਕੈਟ (KITKAT) ਦੀ ਇੱਕ ਵੱਡੀ ਖੇਪ ਚੋਰੀ ਹੋ ਗਈ ਹੈ। ਇਸ ਘਟਨਾ ਨਾਲ ਯੂਰਪ ਵਿਚ ਈਸਟਰ (EASTER) ਸੀਜ਼ਨ ਤੋਂ ਪਹਿਲਾਂ ਚਾਕਲੇਟ (CHOCOLATE) ਦੀਆਂ ਦੁਕਾਨਾਂ ਵਿਚ ਕਮੀ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇੱਥੇ ਦੱਸ ਦੇਈਏ ਕਿ ਈਸਟਰ ਮੌਕੇ ਹਰ ਸਾਲ ਚਾਕਲੇਟ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ।
ਕੰਪਨੀ ਨੇ ਸਨਿੱਚਰਵਾਰ ਨੂੰ ਇੱਕ ਬਿਆਨ ਵਿਚ ਪੁਸ਼ਟੀ ਕੀਤੀ ਕਿ ਮੱਧ ਇਟਲੀ (ITALY) ਤੋਂ ਪੋਲੈਂਡ (POLAND) ਜਾਣ ਵਾਲੇ ਇੱਕ ਟਰੱਕ ਵਿਚ ਲੱਦੀ ਕਿਟਕੈਟ ਦੀ ਨਵੀਂ ਰੇਂਜ ਦੀ 12 ਟਨ ਖੇਪ ਗਾਇਬ ਹੋ ਗਈ ਹੈ। ਇਸ ਖੇਪ ਵਿਚ 4,13,793 ਪੈਕੇਟ ਸਨ।
ਕਿਟਕੈਟ ਦੀ ਇਹ ਖੇਪ ਇਟਲੀ ਦੀ ਇੱਕ ਫੈਕਟਰੀ ਤੋਂ ਲੱਦ ਕੇ ਯੂਰਪੀ ਦੇਸ਼ਾਂ ਵਿਚ ਵੰਡਣ ਲਈ ਪੋਲੈਂਡ ਭੇਜੀ ਜਾ ਰਹੀ ਸੀ। ਟਰੱਕ ਪਿਛਲੇ ਹਫ਼ਤੇ ਰਵਾਨਾ ਹੋਇਆ ਸੀ ਅਤੇ ਰਸਤੇ ਵਿਚ ਕਿਤੇ ਚੋਰਾਂ ਨੇ ਇਸ ਨੂੰ ਚੋਰੀ ਕਰ ਲਿਆ। ਕੰਪਨੀ ਨੇ ਦੱਸਿਆ ਕਿ ਟਰੱਕ ਅਤੇ ਉਸ ਦੀ ਸਮੱਗਰੀ ਅਜੇ ਤੱਕ ਲੱਭੀ ਨਹੀਂ ਗਈ ਹੈ। ਚੋਰੀ ਦੀ ਥਾਂ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ ਪਰ ਇਹ ਯੂਰਪੀ ਟ੍ਰਾਂਜ਼ਿਟ ਵਿਚ ਵਾਪਰੀ ਹੈ। ਪੁਲਿਸ ਅਤੇ ਸਪਲਾਈ ਚੇਨ ਪਾਰਟਨਰਾਂ ਨਾਲ ਮਿਲ ਕੇ ਤਫਤੀਸ਼ ਚੱਲ ਰਹੀ ਹੈ।
ਇਹ ਖੇਪ ਨਵੀਂ ਲਾਂਚ ਕੀਤੀ ਗਈ ਚਾਕਲੇਟ ਰੇਂਜ ਦੀ ਸੀ, ਜਿਸ ਦਾ ਭਾਰ ਲਗਭਗ 12 ਟਨ ਸੀ। ਕੰਪਨੀ ਨੇ ਇਸ ਨੂੰ ਯੂਰਪੀ ਬਾਜ਼ਾਰ ਲਈ ਤਿਆਰ ਕੀਤਾ ਸੀ ਅਤੇ ਰਸਤੇ ਵਿਚ ਵੱਖ-ਵੱਖ ਦੇਸ਼ਾਂ ਵਿਚ ਵੰਡਣ ਦੀ ਯੋਜਨਾ ਸੀ।
ਨੈਸਲੇ ਅਤੇ ਕਿਟਕੈਟ ਬ੍ਰਾਂਡ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕਿਹਾ: “ਇੱਕ ਟਰੱਕ ਵਿਚ 4,13,793 ਯੂਨਿਟ ਆਪਣੀ ਨਵੀਂ ਚਾਕਲੇਟ ਰੇਂਜ ਦੀ ਖੇਪ ਚੋਰੀ ਹੋ ਗਈ ਹੈ। ਇਸ ਨਾਲ ਸਟੋਰਾਂ ਵਿਚ ਕਿਟਕੈਟ ਦੀ ਕਮੀ ਆ ਸਕਦੀ ਹੈ ਅਤੇ ਈਸਟਰ ਤੋਂ ਪਹਿਲਾਂ ਗਾਹਕਾਂ ਨੂੰ ਆਪਣੀ ਮਨਪਸੰਦ ਚਾਕਲੇਟ ਲੱਭਣ ਵਿਚ ਮੁਸ਼ਕਲ ਆ ਸਕਦੀ ਹੈ।”
ਕੰਪਨੀ ਨੇ ਇਸ ਘਟਨਾ ਨੂੰ “ਚਾਕਲੇਟੀ ਹੀਸਟ” (ਚਾਕਲੇਟ ਚੋਰੀ) ਕਿਹਾ ਅਤੇ ਲੋਕਾਂ ਨੂੰ ਯਾਦ ਕਰਵਾਇਆ ਕਿ ਉਹ ਹਮੇਸ਼ਾ “ਹੈਵ ਏ ਬ੍ਰੇਕ” ਦੀ ਸਲਾਹ ਦਿੰਦੀ ਹੈ, ਪਰ ਚੋਰਾਂ ਨੇ ਸ਼ਾਇਦ ਇਸ ਨੂੰ ਹੋਰ ਤਰ੍ਹਾਂ ਲੈ ਲਿਆ।
ਈਸਟਰ ਮੌਕੇ ਯੂਰਪ ਵਿਚ ਚਾਕਲੇਟ ਦਾ ਬਹੁਤ ਵੱਡਾ ਸੀਜ਼ਨ ਹੁੰਦਾ ਹੈ। ਇਸ ਵੇਲੇ ਲੋਕ ਚਾਕਲੇਟ ਖਰੀਦਣ ਲਈ ਖਾਸ ਤੌਰ ’ਤੇ ਉਤਸੁਕ ਹੁੰਦੇ ਹਨ। ਇਸ ਚੋਰੀ ਨਾਲ ਯੂਰਪੀ ਬਾਜ਼ਾਰ ਵਿਚ ਕਿਟਕੈਟ ਦੀ ਉਪਲਬਧਤਾ ਘੱਟ ਹੋ ਸਕਦੀ ਹੈ। ਕੰਪਨੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਦੁਕਾਨਾਂ ਵਿਚ ਖਾਲੀ ਥਾਂਵਾਂ ਵਧ ਸਕਦੀਆਂ ਹਨ ਅਤੇ ਗਾਹਕਾਂ ਨੂੰ ਮੁਸ਼ਕਲ ਆਉਣੀ ਪੈ ਸਕਦੀ ਹੈ।
ਕਿਟਕੈਟ ਨੈਸਲੇ ਦਾ ਇੱਕ ਵਿਸ਼ਵ ਵਿਆਪੀ ਬ੍ਰਾਂਡ ਹੈ ਅਤੇ ਯੂਰਪ ਵਿਚ ਇਸ ਦੀ ਮੰਗ ਬਹੁਤ ਵੱਡੀ ਹੈ। ਇਸ ਤੋਂ ਪਹਿਲਾਂ ਵੀ ਚਾਕਲੇਟ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਖੇਪਾਂ ਚੋਰੀ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ, ਪਰ ਇਸ ਵਾਰ ਦੀ ਚੋਰੀ ਬਹੁਤ ਵੱਡੀ ਹੈ। ਇਸ ਨਾਲ ਨਾ ਸਿਰਫ਼ ਆਰਥਿਕ ਨੁਕਸਾਨ ਹੋਇਆ ਹੈ ਬਲਕਿ ਸਪਲਾਈ ਚੇਨ ਵਿਚ ਵੀ ਰੁਕਾਵਟ ਆਈ ਹੈ।
ਪੁਲਿਸ ਹਾਲ਼ੇ ਤੱਕ ਚੋਰਾਂ ਬਾਰੇ ਕੋਈ ਸਪੱਸ਼ਟ ਸੁਰਾਗ ਨਹੀਂ ਲੱਭ ਸਕੀ ਹੈ। ਟਰੱਕ ਅਤੇ ਖੇਪ ਦੀ ਲੋਕੇਸ਼ਨ ਦਾ ਹਾਲ਼ੇ ਤੱਕ ਪਤਾ ਨਹੀਂ ਲਾਇਆ ਜਾ ਸਕਿਆ ਹੈ। ਇਸ ਘਟਨਾ ਨੇ ਯੂਰਪੀ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਸਿਸਟਮ ਵਿਚ ਸੁਰੱਖਿਆ ਬਾਰੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।