America ’ਚ ਪੰਜਾਬੀਆਂ ਦਾ ਡਾਕਾ, ਇਕ ਨੇ ਕਬੂਲਿਆ crime

ਅਮਰੀਕਾ ਵਿਚ ਪੰਜਾਬੀਆਂ ਦੇ ਡਾਕੇ ਵਜੋਂ ਚਰਚਾ ਵਿਚ ਆਈ ਵਾਰਦਾਤ ਦੇ ਸ਼ੱਕੀਆਂ ਵਿਚੋਂ ਇਕ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ

Update: 2026-03-28 12:08 GMT

ਨਿਊ ਯਾਰਕ : ਅਮਰੀਕਾ ਵਿਚ ਪੰਜਾਬੀਆਂ ਦੇ ਡਾਕੇ ਵਜੋਂ ਚਰਚਾ ਵਿਚ ਆਈ ਵਾਰਦਾਤ ਦੇ ਸ਼ੱਕੀਆਂ ਵਿਚੋਂ ਇਕ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਜੀ ਹਾਂ, ਪੈਨਸਿਲਵੇਨੀਆ ਦੇ ਬੈਥਲ ਟਾਊਨਸ਼ਿਪ ਇਲਾਕੇ ਵਿਚ ਵਾਪਰੀ ਵਾਰਦਾਤ ਦੌਰਾਨ ਗੁਰਲਾਲ ਸਿੰਘ ਅਤੇ ਅਮਨਪ੍ਰੀਤ ਸਿੰਘ ਦੇ ਘਰ ਹਥਿਆਰਬੰਦ ਡਾਕਾ ਮਾਰਨ ਅਤੇ ਹਮਲਾ ਕਰਨ ਦੇ ਦੋਸ਼ ਹੇਠ ਅਮਰਬੀਰ ਸਿੰਘ, ਹਰਸ਼ਪ੍ਰੀਤ ਸਿੰਘ ਅਤੇ ਕੁਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਅਮਨਦੀਪ ਕੌਰ ਵਿਰੁੱਧ ਸਾਜ਼ਿਸ਼ ਘੜਨ ਦੇ ਦੋਸ਼ ਲੱਗੇ। ਦੂਜੇ ਪਾਸੇ ਵਾਰਦਾਤ ਦੌਰਾਨ ਗੁਰਲਾਲ ਸਿੰਘ ਦੀ ਗੋਲੀ ਨਾਲ ਕਥਿਤ ਡਕੈਤਾਂ ਵਿਚੋਂ ਇਕ ਜਣਾ ਜ਼ਖ਼ਮੀ ਹੋ ਗਿਆ ਜਿਸ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ। ਪੁਲਿਸ ਵੱਲੋਂ ਕੀਤੀ ਪੁੱਛ-ਪੜਤਾਲ ਦੌਰਾਨ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਸ਼ਖਸ ਜੋ ਉਸ ਵੇਲੇ ਤੱਕ ਠੀਕ-ਠਾਕ ਸੀ, ਸਣੇ ਅਮਰਬੀਰ ਸਿੰਘ ਅਤੇ ਹਰਸ਼ਪ੍ਰੀਤ ਸਿੰਘ ਨੂੰ ਲੈ ਕੇ ਫ਼ਲਾਈਂਗ ਜੇ ਟਰੈਵਲ ਸੈਂਟਰ ਪੁੱਜੀ ਅਤੇ ਇਕ ਚਿੱਟੇ ਟਰੈਕਟਰ ਟ੍ਰੇਲਰ ਨੇੜੇ ਉਤਾਰ ਦਿਤਾ। ਇਹ ਟਰੱਕ ਕੁਲਜਿੰਦਰ ਸਿੰਘ ਦਾ ਦੱਸਿਆ ਗਿਆ ਅਤੇ ਤਿੰਨੋ ਜਣਿਆਂ ਨੂੰ ਉਤਾਰਨ ਮਗਰੋਂ ਅਮਨਦੀਪ ਕੌਰ ਉਥੋਂ ਚਲੀ ਗਈ।

ਹਰਸ਼ਪ੍ਰੀਤ ਸਿੰਘ ਸਣੇ 6 ਜਣੇ ਹੋ ਸਕਦੇ ਨੇ ਡਿਪੋਰਟ

ਵਾਪਸੀ ਦੌਰਾਨ ਅਮਨਦੀਪ ਕੌਰ ਇੰਟਰਸਟੇਟ 78 ’ਤੇ ਰਾਹ ਭੁੱਲ ਗਈ ਅਤੇ ਇਸੇ ਦੌਰਾਨ ਚਿੱਟਾ ਟਰੱਕ ਉਸ ਨੂੰ ਮੁੜ ਨਜ਼ਰ ਆਇਆ। ਟਰੱਕ ਵਿਚੋਂ ਉਤਰੇ ਇਕ ਸ਼ਖਸ ਨੇ ਉਸ ਨੂੰ ਇਸ਼ਾਰਾ ਕੀਤਾ ਅਤੇ ਗੱਡੀ ਹਸਪਤਾਲ ਵੱਲ ਲਿਜਾਣ ਵਾਸਤੇ ਆਖਿਆ ਪਰ ਅਮਨਦੀਪ ਕੌਰ ਨੇ 911 ’ਤੇ ਕਾਲ ਕਰ ਦਿਤੀ। ਮਾਮਲੇ ਦੀ ਪੜਤਾਲ ਦੌਰਾਨ ਪੁਲਿਸ ਨੂੰ ਗੁਰਲਾਲ ਸਿੰਘ ਦੇ ਘਰ ਨੇੜਿਉਂ ਸੰਘਣੇ ਘਾਹ ਵਿਚ ਪਿਆ ਪਸਤੌਲ ਮਿਲਿਆ ਜਦਕਿ ਦੋ ਹਥਿਆਰ ਵੱਖਰੇ ਤੌਰ ’ਤੇ ਬਰਾਮਦ ਕੀਤੇ ਗਏ। ਲੀਜਨ ਡਰਾਈਵ ਵਾਲੇ ਘਰ ਵਿਚੋਂ ਕੋਕੀਨ ਅਤੇ ਹਥਿਆਰਾਂ ਦੀ ਬਰਾਮਦਗੀ ਨੇ ਮਾਮਲਾ ਹੋਰ ਉਲਝਾ ਦਿਤਾ ਅਤੇ ਪੁਲਿਸ ਨੇ ਗੁਰਲਾਲ ਸਿੰਘ ਅਤੇ ਅਮਨਪ੍ਰੀਤ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਆਇਦ ਕਰ ਦਿਤੇ। ਦੱਸ ਦੇਈਏ ਕਿ 40 ਸਾਲ ਦੀ ਅਮਨਦੀਪ ਕੌਰ ਅਤੇ 25 ਸਾਲ ਦਾ ਹਰਸ਼ਪ੍ਰੀਤ ਸਿੰਘ ਕੈਲੇਫੋਰਨੀਆ ਦੇ ਬੇਕਰਜ਼ਫੀਲਡ ਇਲਾਕੇ ਨਾਲ ਸਬੰਧਤ ਹਨ ਜਦਕਿ ਅਮਰਬੀਰ ਸਿੰਘ ਜਾਰਜੀਆ ਦੇ ਰਿਚਮੰਡ ਇਲਾਕੇ ਨਾਲ ਸਬੰਧਤ ਦੱਸਿਆ ਗਿਆ। ਫੌਰੈਂਸਿੰਕ ਜਾਂਚ ਦੌਰਾਨ ਸਾਬਤ ਹੋ ਗਿਆ ਕਿ ਪੁਲਿਸ ਵੱਲੋਂ ਬਰਾਮਦ ਹਥਿਆਰ ਹਰਸ਼ਪ੍ਰੀਤ ਸਿੰਘ ਅਤੇ ਹੋਰਨਾਂ ਨਾਲ ਸਬੰਧਤ ਹਨ। ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ 25 ਸਾਲ ਦੇ ਹਰਸ਼ਪ੍ਰੀਤ ਸਿੰਘ ਨੂੰ ਸਜ਼ਾ ਦਾ ਐਲਾਨ 9 ਜੁਲਾਈ ਨੂੰ ਕੀਤਾ ਜਾਵੇਗਾ ਅਤੇ ਉਸ ਨੂੰ ਵੱਧ ਤੋਂ ਵੱਧ 15 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦਾ ਹੈ ਜਦਕਿ 2.5 ਲੱਖ ਡਾਲਰ ਜੁਰਮਾਨਾ ਵੱਖਰੇ ਤੌਰ ’ਤੇ ਹੋ ਸਕਦਾ ਹੈ।

ਗੁਰਲਾਲ ਸਿੰਘ ਅਤੇ ਅਮਨਪ੍ਰੀਤ ਵਿਰੁੱਧ ਲੱਗੇ ਸਨ ਨਸ਼ਾ ਤਸਕਰੀ ਦੇ ਦੋਸ਼

ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਇਹ ਮਾਮਲਾ ‘ਅਪ੍ਰੇਸ਼ਨ ਟੇਕ ਬੈਕ ਅਮੈਰਿਕਾ’ ਅਧੀਨ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਕਾਰਵਾਈ ਦਾ ਹਿੱਸਾ ਹੈ। ਮੁਲਕ ਵਿਚੋਂ ਨਸ਼ਾ ਤਸਕਰਾਂ ਅਤੇ ਅਪਰਾਧਕ ਗਿਰੋਹਾਂ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਡਾਕਾ ਮਾਰਨ, ਸਾਜ਼ਿਸ਼ ਘੜਨ ਅਤੇ ਹਮਲਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰਬੀਰ ਸਿੰਘ ਦੀ ਜ਼ਮਾਨਤ ਵਾਸਤੇ 10 ਲੱਖ ਡਾਲਰ ਅਤੇ ਕੁਲਜਿੰਦਰ ਸਿੰਘ ਦੇ ਜ਼ਮਾਨਤ ਵਾਸਤੇ ਢਾਈ ਲੱਖ ਡਾਲਰ ਦਾ ਬੌਂਡ ਭਰਨ ਦੀ ਸ਼ਰਤ ਰੱਖੀ ਗਈ। ਟਰੰਪ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੀਤੀ ਜਾ ਰਹੀ ਸਖ਼ਤ ਕਾਰਵਾਈ ਨੂੰ ਵੇਖਦਿਆਂ ਹਰਸ਼ਪ੍ਰੀਤ ਸਿੰਘ ਨੂੰ ਸਜ਼ਾ ਸੁਣਾਈ ਜਾਣ ਮਗਰੋਂ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਮਾਮਲੇ ਦੇ ਹੋਰਨਾਂ ਸ਼ੱਕੀਆਂ ਦਾ ਇੰਮੀਗ੍ਰੇਸ਼ਨ ਸਟੇਟਸ ਫ਼ਿਲਹਾਲ ਜਨਤਕ ਨਹੀਂ ਕੀਤਾ ਗਿਆ।

Tags:    

Similar News