ਅਮਰੀਕਾ ਦੇ ਖ਼ਜ਼ਾਨਾ ਵਿਭਾਗ ਵਿਚ ਚੀਨੀ ਹੈਕਰਾਂ ਨੇ ਲਾਈ ਸੰਨ੍ਹ
ਚੀਨੀ ਹੈਕਰਾਂ ਵੱਲੋਂ ਅਮਰੀਕਾ ਦੇ ਖ਼ਜ਼ਾਨਾ ਵਿਭਾਗ ਵਿਚ ਸੰਨ੍ਹ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਮਗਰੋਂ ਸਰਵਿਸ ਨੂੰ ਆਫਲਾਈਨ ਕਰ ਦਿਤਾ ਗਿਆ।;
ਵਾਸ਼ਿੰਗਟਨ : ਚੀਨੀ ਹੈਕਰਾਂ ਵੱਲੋਂ ਅਮਰੀਕਾ ਦੇ ਖ਼ਜ਼ਾਨਾ ਵਿਭਾਗ ਵਿਚ ਸੰਨ੍ਹ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਮਗਰੋਂ ਸਰਵਿਸ ਨੂੰ ਆਫਲਾਈਨ ਕਰ ਦਿਤਾ ਗਿਆ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਥਰਡ ਪਾਰਟੀ ਸਾਫ਼ਟਵੇਅਰ ਪ੍ਰੋਵਾਈਡਰ ਦੇ ਸਿਸਟਮ ਵਿਚ ਸੰਨ੍ਹ ਲਾਉਂਦਿਆਂ ਚੀਨ ਸਰਕਾਰ ਦੀ ਹਮਾਇਤ ਹਾਸਲ ਹੈਕਰਾਂ ਨੇ ਕੁਝ ਅਨਕਲਾਸੀਫਾਈਡ ਡਾਕੂਮੈਂਟਸ ਹਾਸਲ ਕਰ ਲਏ। ਹੈਕਿੰਗ ਦੀ ਘਟਨਾ ਦਸੰਬਰ ਦੇ ਸ਼ੁਰੂ ਵਿਚ ਵਾਪਰੀ ਜਿਸ ਬਾਰੇ ਟ੍ਰੈਜ਼ਰੀ ਡਿਪਾਰਟਮੈਂਟ ਵੱਲੋਂ ਹੁਣ ਜਾਣਕਾਰੀ ਦਿਤੀ ਗਈ ਹੈ।
ਕਈ ਦਸਤਾਵੇਜ਼ ਹਾਸਲ ਕਰਨ ਦਾ ਸ਼ੱਕ
ਵਿਭਾਗ ਵੱਲੋਂ ਸੰਸਦ ਮੈਂਬਰਾਂ ਨੂੰ ਲਿਖੇ ਪੱਤਰ ਵਿਚ ਹੈਕਿੰਗ ਦੇ ਤਾਜ਼ਾ ਯਤਨ ਨੂੰ ਵੱਡੀ ਵਾਰਦਾਤ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਹੋਰ ਏਜੰਸੀਆਂ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ। ਫਿਲਹਾਲ ਇਹ ਨਹੀਂ ਦੱਸਿਆ ਕਿ ਕਿੰਨੇ ਵਰਕ ਸਟੇਸ਼ਨਾਂ ਤੱਕ ਹੈਕਰ ਪਹੁੰਚਣ ਵਿਚ ਸਫ਼ਲ ਰਹੇ ਅਤੇ ਕਿਸ ਕਿਸਮ ਦੇ ਦਸਤਾਵੇਜ਼ ਹਾਸਲ ਕੀਤੇ ਗਏ। ਅਜਿਹਾ ਕੋਈ ਸੰਕੇਤ ਹੁਣ ਤੱਕ ਸਾਹਮਣੇ ਨਹੀਂ ਆਇਆ ਕਿ ਹੈਕਰਜ਼ ਕੋਲ ਟ੍ਰੈਜ਼ਰੀ ਦੀ ਅੰਦਰੂਨੀ ਜਾਣਕਾਰੀ ਪੁੱਜ ਚੁੱਕੀ ਹੈ। ਖ਼ਜ਼ਾਨਾ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਆਪਣੇ ਸਿਸਟਮ ਨੂੰ ਦਰਪੇਸ਼ ਹਰ ਖਤਰੇ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਪਿਛਲੇ ਚਾਰ ਸਾਲ ਦੌਰਾਨ ਖ਼ਜ਼ਾਨਾ ਵਿਭਾਗ ਨੇ ਆਪਣੇ ਸਾਈਬਰ ਡਿਫੈਂਸ ਨੂੰ ਬਿਹਤਰ ਬਣਾਇਆ ਹੈ ਅਤੇ ਫਾਇਨੈਂਸ਼ੀਅਲ ਸਿਸਟਮ ਨੂੰ ਹੈਕਿੰਗ ਤੋਂ ਬਚਾਉਣ ਲਈ ਪ੍ਰਾਈਵੇਟ ਅਤੇ ਪਬਲਿਕਲ ਦੋਹਾਂ ਸੈਕਟਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਹੈਕਿੰਗ ਦੀ ਵਾਰਦਾਤ ਬਾਰੇ 8 ਦਸੰਬਰ ਨੂੰ ਪਤਾ ਲੱਗਣ ’ਤੇ ਸਾਹਮਣੇ ਆਇਆ ਕਿ ਹੈਕਰਜ਼ ਵੱਲੋਂ Çਂਕ ਕੀਅ ਚੋਰੀ ਕੀਤੀ ਗਈ ਜਿਸ ਰਾਹੀਂ ਉਨ੍ਹਾਂ ਨੇ ਸਰਵਿਸ ਸਕਿਉਰਿਟੀ ਨੂੰ ਬਾਇਪਾਸ ਕਰਦਿਆਂ ਕਈ ਵਰਕ ਸਟੇਸ਼ਨਾਂ ਦਾ ਰਿਮੋਟ ਐਕਸੈਸ ਹਾਸਲ ਕਰ ਲਿਆ।
ਐਫ਼.ਬੀ.ਆਈ. ਅਤੇ ਹੋਰ ਏਜੰਸੀਆਂ ਕਰ ਰਹੀਆਂ ਪੜਤਾਲ
ਇਥੇ ਦਸਣਾ ਬਣਦਾ ਹੈ ਕਿ ਚੀਨੀ ਹੈਕਰਾਂ ਦਾ ਸਾਈਬਰ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਹਾਲ ਹੀ ਵਿਚ ਸਾਲਟ ਟਾਇਫ਼ੂਨ ਨਾਂ ਦੀ ਸਾਈਬਰ ਜਾਸੂਸੀ ਮੁਹਿੰਮ ਦਾ ਟਾਕਰਾ ਕੀਤਾ ਗਿਆ। ਜਾਸੂਸੀ ਮੁਹਿੰਮ ਦੌਰਾਨ ਅਮਰੀਕੀ ਟੈਲੀਕਮਿਊਨੀਕੇਸ਼ਨ ਕੰਪਨੀਆਂ ਦੇ ਨੈਟਵਰਕ ਨੂੰ ਹੈਕ ਕਰਦਿਆਂ ਲੋਕਾਂ ਦੇ ਕਾਲ ਰਿਾਰਡ ਅਤੇ ਪ੍ਰਾਈਵੇਟ ਮੈਸੇਜਿਜ਼ ਨੂੰ ਚੀਨ ਸਰਕਾਰ ਤੱਕ ਪਹੁੰਚਾਇਆ ਗਿਆ। ਵਾਈਟ ਹਾਊਸ ਮੁਤਾਬਕ ਸਾਈਬਰ ਹੈਕਿੰਗ ਤੋਂ ਪ੍ਰਭਾਵਤ ਟੈਲੀਕਾਮ ਕੰਪਨੀਆਂ ਦੀ ਗਿਣਤੀ 9 ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਆਈ ਰਿਪੋਰਟ ਦੌਰਾਨ ਦਾਅਵਾ ਕੀਤਾ ਗਿਆ ਸੀ ਕਿ ਚੀਨ ਦੇ ਹੈਕਰ ਅਮਰੀਕੀ ਇਨਫ਼ਰਾਸਟ੍ਰਕਚਰ ਵਿਚ ਪੰਜ ਸਾਲ ਤੱਕ ਘੁਸਪੈਠ ਕਰਦੇ ਰਹੇ ਅਤੇ ਸੁਰੱਖਿਆ ਏਜੰਸੀਆਂ ਨੂੰ ਕਾਫ਼ੀ ਸਮੇਂ ਬਾਅਦ ਇਸ ਬਾਰੇ ਭਿਣਕ ਲੱਗੀ। ਰਿਪੋਰਟ ਮੁਤਾਬਕ ਚੀਨੀ ਹੈਕਰਾਂ ਨੇ ਅਮਰੀਕਾ ਦੇ ਐਨਰਜੀ, ਟ੍ਰਾਂਸਪੋਰਟੇਸ਼ਨ ਅਤੇ ਵੇਸਟ ਵਾਟਰ ਮੈਨੇਜਮੈਂਟ ਵਰਗੇ ਅਹਿਮ ਖੇਤਰਾਂ ਵਿਚ ਡੂੰਘੀਆਂ ਜਾਣਕਾਰੀਆਂ ਹਾਸਲ ਕੀਤੀਆਂ।