ਜਲਿਆਂਵਾਲਾ ਬਾਗ ਸਾਕੇ ਲਈ ਮੁਆਫ਼ੀ ਮੰਗੇ ਬਰਤਾਨਵੀ ਸਰਕਾਰ

ਜਲਿਆਂਵਾਲਾ ਬਾਗ ਸਾਕੇ ਦਾ ਮੁੱਦਾ ਵੀਰਵਾਰ ਨੂੰ ਬਰਤਾਨੀਆ ਦੀ ਸੰਸਦ ਵਿਚ ਗੂੰਜਿਆ ਅਤੇ ਵਿਰੋਧੀ ਧਿਰ ਦੇ ਐਮ.ਪੀ. ਬੌਬ ਬਲੈਕਮੈਨ ਵੱਲੋਂ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਲੋਕਾਂ ਤੋਂ ਮੁਆਫ਼ੀ ਮੰਗਣ ਦੀ ਗੁਜ਼ਾਰਿਸ਼

Update: 2025-03-28 12:04 GMT

ਲੰਡਨ : ਜਲਿਆਂਵਾਲਾ ਬਾਗ ਸਾਕੇ ਦਾ ਮੁੱਦਾ ਵੀਰਵਾਰ ਨੂੰ ਬਰਤਾਨੀਆ ਦੀ ਸੰਸਦ ਵਿਚ ਗੂੰਜਿਆ ਅਤੇ ਵਿਰੋਧੀ ਧਿਰ ਦੇ ਐਮ.ਪੀ. ਬੌਬ ਬਲੈਕਮੈਨ ਵੱਲੋਂ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਨੂੰ ਭਾਰਤ ਦੇ ਲੋਕਾਂ ਤੋਂ ਮੁਆਫ਼ੀ ਮੰਗਣ ਦੀ ਗੁਜ਼ਾਰਿਸ਼ ਕੀਤੀ ਗਈ। ਬਲੈਕਮੈਨ ਨੇ ਕਿਹਾ ਕਿ ਬਰਤਾਨੀਆ ਸਰਕਾਰ ਨੂੰ 13 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਨੇ ਸੰਸਦ ਵਿਚ ਕਿਹਾ ਕਿ ਅਪ੍ਰੈਲ 1919 ਵਿਚ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਵਿਚ ਲੋਕ ਸ਼ਾਂਤਮਈ ਤਰੀਕੇ ਨਾਲ ਜਲਿਆਂਵਾਲਾ ਬਾਗ ਵਿਚ ਇਕੱਤਰ ਹੋਏ ਪਰ ਜਨਰਲ ਡਾਇਰ ਨੇ ਆਪਣੀ ਫੌਜ ਨੂੰ ਮਾਸੂਮ ਲੋਕਾਂ ਉਤੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿਤਾ।

ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਨੇ ਸੰਸਦ ਵਿਚ ਉਠਾਇਆ ਮੁੱਦਾ

ਉਨ੍ਹਾਂ ਅੱਗੇ ਕਿਹਾ ਕਿ ਜਲਿਆਂਵਾਲਾ ਬਾਗ ਦਾ ਸਾਕਾ ਬਰਤਾਨੀਆ ਉਤੇ ਬਦਨੁਮਾ ਦਾਗ ਹੈ ਅਤੇ ਇਸ ਨੂੰ ਮੁਆਫ਼ੀ ਨਾਲ ਹੀ ਧੋਤਾ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਅੱਜ ਤੱਕ ਬਰਤਾਨੀਆ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਜਲਿਆਂਵਾਲਾ ਬਾਗ ਸਾਕੇ ਲਈ ਮੁਆਫ਼ੀ ਨਹੀਂ ਮੰਗੀ। ਕੁਝ ਬਰਤਾਨਵੀ ਸਿਆਸਤਦਾਨ ਸਮੇਂ ਸਮੇਂ ’ਤੇ ਸੈਂਕੜੇ ਮਾਸੂਮਾਂ ਦੀ ਮੌਤ ਉਤੇ ਅਫਸੋਸ ਜ਼ਰੂਰ ਜ਼ਾਹਰ ਕਰ ਚੁੱਕੇ ਹਨ। 2013 ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਜਲਿਆਂਵਾਲਾ ਬਾਗ ਵਿਚ ਗਏ ਅਤੇ ਸਾਕੇ ਨੂੰ ਸ਼ਰਮਨਾਕ ਘਟਨਾ ਦੱਸਿਆ ਪਰ ਮੁਆਫੀ ਨਾ ਮੰਗੀ। ਇਸ ਮਗਰੋਂ ਜਲਿਆਂਵਾਲਾ ਬਾਗ ਸਾਕੇ ਦੀ 100ਵੀਂ ਬਰਸੀ ਮੌਕੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵੱਲੋਂ ਇਕ ਬਿਆਨ ਜਾਰੀ ਕਰਦਿਆਂ ਬਰਤਾਨੀਆ ਅਤੇ ਭਾਰਤ ਦੇ ਇਤਿਹਾਸ ਉਤੇ ਸ਼ਰਮਨਾਕ ਧੱਬਾ ਕਰਾਰ ਦਿਤਾ। ਉਨ੍ਹਾਂ ਵੱਲੋਂ ਵੀ ਮੁਆਫ਼ੀ ਨਾ ਮੰਗੀ ਗਈ। ਉਧਰ ਮਾਹਰਾਂ ਦਾ ਕਹਿਣਾ ਹੈ ਕਿ ਜੇ ਬਰਤਾਨੀਆ ਸਰਕਾਰ ਨੇ ਜਲਿਆਂਵਾਲਾ ਬਾਗ ਸਾਕੇ ਲਈ ਮੁਆਫ਼ੀ ਮੰਗੀ ਤਾਂ ਕਈ ਕਾਨੂੰਨੀ ਅਤੇ ਵਿੱਤੀ ਮੁਸ਼ਕਲਾਂ ਵਿਚ ਘਿਰ ਸਕਦੀ ਹੈ।

ਸਾਕੇ ਨੂੰ ਬਰਤਾਨੀਆ ਉਤੇ ਬਦਨੁਮਾ ਦਾਗ ਕਰਾਰ ਦਿਤਾ

ਮੁਆਫ਼ੀ ਮੰਗੇ ਜਾਣ ’ਤੇ ਪੀੜਤ ਪਰਵਾਰਾਂ ਨੂੰ ਮੁਆਵਜ਼ਾ ਅਦਾ ਕਰਨਾ ਪੈ ਸਕਦਾ ਹੈ ਅਤੇ ਬਰਤਾਨੀਆ ਸਰਕਾਰ ਇਸ ਆਰਥਿਕ ਬੋਝ ਤੋਂ ਬਚਣਾ ਚਾਹੁੰਦੀ ਹੈ। ਸਾਕੇ ਦੌਰਾਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਵੀ ਰੇੜਕਾ ਪੈਦਾ ਹੋ ਸਕਦਾ ਹੈ। ਬਰਤਾਨੀਆ ਸਰਕਾਰ ਸਿਰਫ਼ 379 ਮੌਤਾਂ ਮੰਨਦੀ ਹੈ ਜਦਕਿ ਅਸਲ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਗਈ। ਗੋਲੀਆਂ ਤੋਂ ਬਚਣ ਲਈ ਲੋਕਾਂ ਨੇ ਖੂਹ ਵਿਚ ਛਾਲ ਮਾਰ ਦਿਤੀ ਅਤੇ ਅੰਤ ਵਿਚ ਉਨ੍ਹਾਂ ਦੀਆਂ ਲਾਸ਼ਾਂ ਹੀ ਮਿਲੀਆਂ।

Tags:    

Similar News