America ਵਿਚ ਬਰਫ਼ੀਲਾ ਤੂਫ਼ਾਨ, ਸੈਂਕੜੇ ਫਲਾਈਟਸ ਰੱਦ
ਅਮਰੀਕਾ ਵਿਚ ਮੁੜ ਬਰਫ਼ੀਲਾ ਤੂਫ਼ਾਨ ਦਸਤਕ ਦੇ ਚੁੱਕਾ ਹੈ ਅਤੇ ਕਈ ਰਾਜਾਂ ਵਿਚ 2 ਫੁੱਟ ਤੱਕ ਬਰਫ਼ਬਾਰੀ ਹੋਣ ਦੇ ਮੱਦੇਨਜ਼ਰ 4 ਕਰੋੜ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ
ਮਿਸ਼ੀਗਨ : ਅਮਰੀਕਾ ਵਿਚ ਮੁੜ ਬਰਫ਼ੀਲਾ ਤੂਫ਼ਾਨ ਦਸਤਕ ਦੇ ਚੁੱਕਾ ਹੈ ਅਤੇ ਕਈ ਰਾਜਾਂ ਵਿਚ 2 ਫੁੱਟ ਤੱਕ ਬਰਫ਼ਬਾਰੀ ਹੋਣ ਦੇ ਮੱਦੇਨਜ਼ਰ 4 ਕਰੋੜ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਫ਼ਲਾਈਟਸ ਰੱਦ ਹੋਣ ਦਾ ਸਿਲਸਿਲਾ ਐਤਵਾਰ ਬਾਅਦ ਦੁਪਹਿਰ ਤੋਂ ਹੀ ਆਰੰਭ ਹੋ ਗਿਆ ਅਤੇ ਮਿਨੀਆਪੌਲਿਸ ਦੇ ਸੇਂਟ ਪੌਲ ਇੰਟਰਨੈਸ਼ਨਲ ਏਅਰਪੋਰਟ ’ਤੇ 66 ਫਲਾਈਟਸ ਰੱਦ ਹੋਈਆਂ ਜਦਕਿ ਮਿਸ਼ੀਗਨ ਦੇ ਡੈਟਰਾਇਟ ਮੈਟਰੋ ਏਅਰਪੋਰਟ ’ਤੇ 25 ਤੋਂ ਵੱਧ ਫਲਾਈਟਸ ਰੱਦ ਕਰਨੀਆਂ ਪਈਆਂ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 2 ਹਜ਼ਾਰ ਤੋਂ ਵੱਧ ਫਲਾਈਟਸ ਰੱਦ ਹੋਣ ਅਤੇ ਸ਼ਨਿੱਚਰਵਾਰ ਨੂੰ 9 ਹਜ਼ਾਰ ਫਲਾਈਟਸ ਰੱਦ ਹੋਣ ਦੀ ਰਿਪੋਰਟ ਆਈ ਜਦਕਿ 29 ਹਜ਼ਾਰ ਤੋਂ ਵੱਧ ਫ਼ਲਾਈਟਸ ਦੇਰੀ ਨਾਲ ਰਵਾਨਾ ਹੋਈਆਂ ਜਾਂ ਪੁੱਜੀਆਂ।
2 ਫੁੱਟ ਤੱਕ ਬਰਫ਼ਬਾਰੀ ਦੇ ਆਸਾਰ, 4 ਕਰੋੜ ਤੋਂ ਵੱਧ ਲੋਕਾਂ ਨੂੰ ਕੀਤਾ ਸੁਚੇਤ
ਇਕੱਲੇ ਨਿਊ ਯਾਰਕ ਸ਼ਹਿਰ ਤੋਂ 1,500 ਫਲਾਈਟਸ ਰੱਦ ਹੋਈਆਂ। ਨਿਊ ਯਾਰਕ ਦੀ ਗਵਰਨਰ ਕੈਥੀ ਹੋਚਲ ਵੱਲੋਂ ਅੱਧੇ ਤੋਂ ਵੱਧ ਸੂਬੇ ਵਿਚ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਹੈ ਜਦਕਿ ਨਿਊ ਜਰਸੀ ਦੀ ਗਵਰਨਰ ਤਾਹੇਸ਼ਾ ਵੇਅ ਨੇ ਪੂਰੇ ਸੂਬੇ ਵਿਚ ਐਮਰਜੰਸੀ ਐਲਾਨ ਦਿਤੀ। ਬਰਫ਼ੀਲੇ ਮੌਸਮ ਬਾਰੇ ਪੇਸ਼ੀਨਗੋਈ ਕਹਿੰਦੀ ਹੈ ਕਿ ਨੌਰਥ ਡੈਕੋਟਾ ਤੋਂ ਮਿਨੇਸੋਟਾ ਅਤੇ ਆਇਓਵਾ ਦੇ ਹੈਵੀ ਸਨੋਅਫ਼ਾਲ ਤੋਂ ਇਲਾਵਾ 45 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਵੀ ਚੱਲਣਗੀਆਂ। ਨੌਰਥ ਡੈਕੋਟਾ ਦੇ ਫ਼ਾਰਗੋ ਇਲਾਕੇ ਵਿਚ ਐਤਵਾਰ ਤੋਂ ਹੀ ਬਰਫ਼ਬਾਰੀ ਆਰੰਭ ਹੋ ਗਈ। ਨੈਸ਼ਨਲ ਵੈਦਰ ਸਰਵਿਸ ਦੇ ਬੌਬ ਓਰਾਵੈਕ ਨੇ ਦੱਸਿਆ ਕਿ ਵਿਸਕੌਨਸਿਨ ਦੇ ਉਤਰੀ ਇਲਾਕਿਆਂ ਅਤੇ ਮਿਸ਼ੀਗਨ ਵਿਚ ਅਗਲੇ 24 ਘੰਟੇ ਦੌਰਾਨ ਭਾਰੀ ਬਰਫ਼ਬਾਰੀ ਹੋ ਸਕਦੀ ਹੈ ਅਤੇ ਵਿਜ਼ੀਬੀਲਿਟੀ ਤਕਰੀਬਨ ਸਿਫ਼ਰ ਰਹਿਣ ਦੇ ਆਸਾਰ ਹਨ। ਹਵਾਈ ਸਫ਼ਰ ਦੇ ਨਾਲ-ਨਾਲ ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗੀ ਅਤੇ ਲੋਕਾਂ ਹਰ ਕਿਸਮ ਦੇ ਹਾਲਾਤ ਲਈ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿਤਾ ਗਿਆ ਹੈ।
ਨਿਊ ਯਾਰਕ ਵਿਚ ਭਾਰੀ ਮੀਂਹ ਮਗਰੋਂ ਹੜ੍ਹ ਆਉਣ ਦੀ ਚਿਤਾਵਨੀ
ਸਿਰਫ਼ ਬਰਫ਼ਬਾਰੀ ਹੀ ਮੁਸੀਬਤਾਂ ਪੈਦਾ ਨਹੀਂ ਕਰੇਗੀ ਸਗੋਂ ਨਿਊ ਯਾਰਕ ਦੇ ਬਫ਼ਲੋ ਅਤੇ ਜੇਮਜ਼ਟਾਊਨ ਇਲਾਕਿਆਂ ਵਿਚ ਡੇਢ ਇੰਚ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਅਤੇ ਲੋਕਾਂ ਨੂੰ ਫਲੈਸ਼ ਫਲੱਡਜ਼ ਤੋਂ ਸੁਚੇਤ ਕੀਤਾ ਗਿਆ ਹੈ। ਅਮਰੀਕਾ ਦੇ ਉਤਰ-ਪੂਰਬੀ ਰਾਜਾਂ ਵਿਚ ਨਿਊ ਇੰਗਲੈਂਡ ਅਤੇ ਮੇਨ ਵਿਖੇ ਸਭ ਤੋਂ ਜ਼ਿਆਦਾ ਸਨੋਅਫ਼ਾਲ ਦੇ ਆਸਾਰ ਹਨ। ਦੂਜੇ ਪਾਸੇ ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਸਨੋਅਫ਼ਾਲ ਅਤੇ ਫਰੀਜ਼ਿੰਗ ਰੇਨ ਦੀ ਚਿਤਾਵਨੀ ਦਿਤੀ ਗਈ ਹੈ। ਸੋਮਵਾਰ ਸਵੇਰ ਤੋਂ ਹੀ ਮੀਂਹ ਸ਼ੁਰੂ ਹੋ ਸਕੋਦਾ ਹੈ ਅਤੇ ਬਾਅਦ ਦੁਪਹਿਰ ਤੱਕ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਤੋਂ ਬਾਅਦ 2 ਸੈਂਟੀਮਟਰ ਤੱਕ ਬਰਫ਼ ਡਿੱਗਣ ਆਸਾਰ ਹਨ ਅਤੇ ਤਾਪਮਾਨ ਮਾਇਨਸ 4 ਡਿਗਰੀ ਹੋਣ ਦੇ ਬਾਵਜੂਦ ਮਾਇਨਸ 15 ਡਿਗਰੀ ਸੈਲਸੀਅਸ ਵਰਗੀ ਠੰਢ ਮਹਿਸੂਸ ਹੋਵੇਗੀ।