ਕੈਨੇਡਾ ਛੱਡ ਕੇ ਫ਼ਰਾਰ ਹੋਏ ਸੈਂਕੜੇ ਭਾਰਤੀ
ਕੈਨੇਡਾ ਰੱਖਣ ਨੂੰ ਤਿਆਰ ਨਹੀਂ ਅਤੇ ਡੌਨਲਡ ਟਰੰਪ ਧੜਾ-ਡਿਪੋਰਟ ਕਰ ਰਹੇ ਹਨ ਪਰ ਚੱਕੀ ਦੇ ਦੋ ਪੁੜਾਂ ਵਿਚਾਲੇ ਫਸੇ ਲੱਖਾਂ ਭਾਰਤੀ ਨੌਜਵਾਨ ਆਪਣੀ ਕਿਸਮਤ ਮੁੜ ਅਜ਼ਮਾਉਣਾ ਚਾਹੁੰਦੇ ਹਨ
ਨਿਊ ਯਾਰਕ : ਕੈਨੇਡਾ ਰੱਖਣ ਨੂੰ ਤਿਆਰ ਨਹੀਂ ਅਤੇ ਡੌਨਲਡ ਟਰੰਪ ਧੜਾ-ਡਿਪੋਰਟ ਕਰ ਰਹੇ ਹਨ ਪਰ ਚੱਕੀ ਦੇ ਦੋ ਪੁੜਾਂ ਵਿਚਾਲੇ ਫਸੇ ਲੱਖਾਂ ਭਾਰਤੀ ਨੌਜਵਾਨ ਆਪਣੀ ਕਿਸਮਤ ਮੁੜ ਅਜ਼ਮਾਉਣਾ ਚਾਹੁੰਦੇ ਹਨ। ਜੀ ਹਾਂ, ਰਾਤ ਦੇ ਹਨੇਰੇ ਵਿਚ ਅਮਰੀਕਾ ਦਾ ਬਾਰਡਰ ਪਾਰ ਕਰਦਿਆਂ ਫੜੇ ਜਾਣ ਦਾ ਖ਼ਤਰਾ ਘੱਟ ਹੁੰਦਾ ਹੈ, ਸ਼ਾਇਦ ਇਹੋ ਸੋਚ ਕੇ ਭਾਰਤੀ ਨੌਜਵਾਨਾਂ ਦੀਆਂ ਦੋ ਟੋਲੀਆਂ ਕੈਨੇਡਾ ਤੋਂ ਰਵਾਨਾ ਹੋਈਆਂ ਜਿਨ੍ਹਾਂ ਵਿਚੋਂ ਇਕ ਟੋਲੀ ਬਾਰਡਰ ਏਜੰਟਾਂ ਦੇ ਅੜਿੱਕੇ ਆ ਗਈ। ਵਰਮੌਂਟ ਸੂਬੇ ਦੇ ਐਲਬਰਗ ਕਸਬੇ ਨੇੜੇ ਤਿੰਨ ਭਾਰਤੀ ਨਾਗਰਿਕਾਂ ਨੂੰ ਕਾਬੂ ਕਰਦਿਆਂ ਕਸਟਮਜ਼ ਅਤੇ ਬਾਰਡਰ ਪੈਟਰੋਲ ਏਜੰਟਾਂ ਨੇ ਦੱਸਿਆ ਕਿ ਕਿਊਬੈਕ ਸੂਬੇ ਰਾਹੀਂ ਕੁਝ ਲੋਕਾਂ ਦੇ ਅਮਰੀਕਾ ਦਾਖਲ ਹੋਣ ਦੀ ਸੂਹ ਮਿਲੀ। ਘੁੱਪ ਹਨੇਰੇ ਵਿਚ ਭਾਲ ਆਰੰਭੀ ਗਈ ਤਾਂ ਤਿੰਨ ਜਣੇ ਇਕ ਸੂਏ ਵਿਚ ਲੁਕੇ ਹੋਏ ਮਿਲੇ ਜਿਨ੍ਹਾਂ ਵਿਰੁੱਧ ਅਪਰਾਧਕ ਦੋਸ਼ ਆਇਦ ਕਰਦਿਆਂ ਆਈਸ ਦੇ ਸਪੁਰਦ ਕੀਤਾ ਜਾ ਰਿਹਾ ਹੈ। ਦੂਜੀ ਟੋਲੀ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਹਾਸਲ ਨਾ ਹੋ ਸਕੀ ਅਤੇ ਬਾਰਡਰ ਏਜੰਟਾਂ ਵੱਲੋਂ ਐਲਬਰਗ ਕਸਬੇ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਤੇਜ਼ ਕੀਤੀ ਗਈ ਹੈ। ਦੱਸ ਦੇਈਏ ਕਿ ਕੈਨੇਡਾ ਵਿਚ ਪਿਛਲੇ ਵਰ੍ਹੇ ਇੰਮੀਗ੍ਰੇਸ਼ਨ ਸਟੇਟਸ ਗਵਾਉਣ ਵਾਲੇ 20 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਵਿਚੋਂ ਅੱਧੇ ਭਾਰਤੀ ਨੌਜਵਾਨ ਹਨ ਅਤੇ ਨਵੇਂ ਵਰ੍ਹੇ ਵਿਚ ਅੰਕੜਾ ਹੋਰ ਵਧ ਰਿਹਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਡਿਪੋਰਟ ਕੀਤੇ ਜਾ ਰਹੇ ਵਿਦੇਸ਼ੀ ਨਾਗਰਿਕਾਂ ਵਿਚ ਵੀ ਭਾਰਤੀ, ਖਾਸ ਤੌਰ ’ਤੇ ਪੰਜਾਬੀ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ ਜਿਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਮਨੁੱਖੀ ਤਸਕਰਾਂ ਵੱਲੋਂ ਉਠਾਇਆ ਜਾ ਰਿਹਾ ਹੈ।
ਅਮਰੀਕਾ ਦੇ ਬਾਰਡਰ ਏਜੰਟਾਂ ਨੇ ਘੇਰੀਆਂ 2 ਟੋਲੀਆਂ
ਪੰਜਾਬੀਆਂ ਨੂੰ ਇਹ ਗੱਲ ਜਚਾਉਣ ਦੇ ਯਤਨ ਹੋ ਰਹੇ ਹਨ ਕਿ ਹੁਣ ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੀ ਰਫ਼ਤਾਰ ਮੱਠੀ ਪੈ ਚੁੱਕੀ ਹੈ ਅਤੇ ਵੱਡੇ ਪੱਧਰ ’ਤੇ ਫੜੋ-ਫੜੀ ਨਹੀਂ ਕੀਤੀ ਜਾ ਰਹੀ। ਮੌਕਾ ਦੇਖ ਬਾਰਡਰ ਪਾਰ ਕਰ ਲਿਆ ਜਾਵੇ ਤਾਂ ਭਵਿੱਖ ਬਿਹਤਰ ਹੋ ਸਕਦਾ ਹੈ। ਦੂਜੇ ਪਾਸੇ ਕੈਨੇਡਾ ਵਿਚ ਇੰਮੀਗ੍ਰੇਸ਼ਨ ਵਕੀਲਾਂ ਵੱਲੋਂ ਸੁਚੇਤ ਕੀਤਾ ਗਿਆ ਹੈ ਕਿ ਵੱਡੀ ਗਿਣਤੀ ਵਿਚ ਨੌਜਵਾਨ ਠੱਗੀ ਦਾ ਸ਼ਿਕਾਰ ਬਣ ਰਹੇ ਹਨ। ਵਰਕ ਪਰਮਿਟ ਦੀ ਮਿਆਦ ਵਧਾਉਣ ਜਾਂ ਐਲ.ਐਮ.ਆਈ.ਏ. ਦੇ ਨਾਂ ’ਤੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਕੁਝ ਨੌਜਵਾਨਾਂ ਨੂੰ ਬਾਰਡਰ ਪਾਰ ਕਰਨ ਦੇ ਸੁਝਾਅ ਦਿਤੇ ਜਾ ਰਹੇ ਹਨ। ਚੇਤੇ ਰਹੇ ਕਿ ਆਉਂਦੇ ਛੇ ਮਹੀਨੇ ਬਾਅਦ 9 ਲੱਖ 27 ਹਜ਼ਾਰ ਨੌਜਵਾਨਾਂ ਦੇ ਵਰਕ ਪਰਮਿਟ ਖ਼ਤਮ ਹੋ ਜਾਣਗੇ ਜਿਨ੍ਹਾਂ ਵਿਚ ਹਜ਼ਾਰਾਂ ਪੰਜਾਬੀ ਨੌਜਵਾਨ ਸ਼ਾਮਲ ਹਨ। ਕੈਨੇਡਾ ਵਿਚ ਰਹਿਣ ਲਈ ਇਨ੍ਹਾਂ ਨੂੰ ਘੱਟੋ ਘੱਟ ਵਿਜ਼ਟਰ ਵੀਜ਼ਾ ਲੋੜੀਂਦਾ ਹੋਵੇਗਾ ਅਤੇ ਜੇ ਉਹ ਵੀ ਨਹੀਂ ਮਿਲਦਾ ਤਾਂ ਮੁਲਕ ਵਿਚ ਨਾਜਾਇਜ਼ ਤਰੀਕੇ ਨਾਲ ਮੌਜੂਦ ਵਿਦੇਸ਼ੀ ਨਾਗਰਿਕ ਹੀ ਮੰਨੇ ਜਾਣਗੇ ਜਿਨ੍ਹਾਂ ਨੂੰ ਫੜ ਕੇ ਡਿਪੋਰਟ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸੌਂਪੀ ਗਈ ਹੈ।
ਅਮਰੀਕਾ ’ਚ ਕਿਸਮਤ ਅਜ਼ਮਾਉਣਾ ਚਾਹੁੰਦੇ ਨੇ ਹਜ਼ਾਰਾਂ ਪੰਜਾਬੀ
ਕੈਨੇਡਾ ਵਿਚ ਕਿਸਮਤ ਅਜ਼ਮਾਉਣ ਦਾ ਇਕ ਹੋਰ ਤਰੀਕਾ ਅਸਾਇਲਮ ਕਲੇਮ ਹੋ ਸਕਦਾ ਹੈ ਪਰ ਰਫ਼ਿਊਜੀ ਬੋਰਡ ਨੇ ਅਤੀਤ ਵਿਚ ਸਿਰਫ਼ 14 ਫ਼ੀ ਸਦੀ ਅਸਾਇਲਮ ਕਲੇਮ ਪ੍ਰਵਾਨ ਕੀਤੇ ਅਤੇ ਬਾਕੀ ਅਰਜ਼ੀਆਂ ਸਿੱਧੇ ਤੌਰ ’ਤੇ ਰੱਦ ਕਰ ਦਿਤੀਆਂ ਗਈਆਂ। ਵਰਕ ਪਰਮਿਟ ਦੀ ਮਿਆਦ ਲੰਘਣ ਵਾਲਿਆਂ ਵਿਚੋਂ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਵੱਲੋਂ ਪੀ.ਆਰ. ਹਾਸਲ ਕਰਨ ਦਾ ਹਰ ਢੰਗ-ਤਰੀਕਾ ਵਰਤਿਆ ਗਿਆ ਪਰ ਇਹ ਕਾਰਗਰ ਸਾਬਤ ਨਾ ਹੋਇਆ ਅਤੇ ਹੁਣ ਰੱਬ ਆਸਰੇ ਕੈਨੇਡਾ ਜਾਂ ਅਮੈਰਿਕਾ ਕਿਸੇ ਵੀ ਮੁਲਕ ਵਿਚ ਟਿਕੇ ਰਹਿਣ ਦੀਆਂ ਕੋਸ਼ਿਸ਼ਾਂ ਜਾਰੀ ਹਨ।