Canada ਵਿਚ Indian ਪਰਵਾਰ ਦੇ ਘਰ ’ਤੇ ਗੋਲੀਬਾਰੀ

ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਗੋਲੀਬਾਰੀ ਦਾ ਸਿਲਸਿਲਾ ਹੋਰ ਅੱਗੇ ਵਧ ਗਿਆ ਜਦੋਂ ਅਣਪਛਾਤੇ ਸ਼ੱਕੀਆਂ ਨੇ ਬਰੈਂਪਟਨ ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾ ਦਿਤੀਆਂ

Update: 2026-02-16 14:11 GMT

ਚਿਲੀਵੈਕ/ਬਰੈਂਪਟਨ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਗੋਲੀਬਾਰੀ ਦਾ ਸਿਲਸਿਲਾ ਹੋਰ ਅੱਗੇ ਵਧ ਗਿਆ ਜਦੋਂ ਅਣਪਛਾਤੇ ਸ਼ੱਕੀਆਂ ਨੇ ਬਰੈਂਪਟਨ ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾ ਦਿਤੀਆਂ। ਗੋਲੀਬਾਰੀ ਦੌਰਾਨ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਚਿਲੀਵੈਕ ਵਿਖੇ ਇਕ ਘਰ ਅੰਦਰ ਗੋਲੀਆਂ ਚੱਲਣ ਅਤੇ ਇਕ ਜਣੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚਿਲੀਵੈਕ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਐਤਵਾਰ ਸਵੇਰੇ ਤਕਰੀਬਨ 8.40 ਵਜੇ ਮੇਲਾਰਡ ਐਵੇਨਿਊ ਦੇ ਘਰ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕਾ ਏ ਵਾਰਦਾਤ ’ਤੇ ਪੁੱਜੇ ਅਫ਼ਸਰਾਂ ਨੂੰ ਦੋ ਜਣੇ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ ਇਕ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ।

ਬਰੈਂਪਟਨ ਦੀ ਵਾਰਦਾਤ ਦੌਰਾਨ ਇਕ ਜਣਾ ਜ਼ਖ਼ਮੀ

ਆਈ ਹਿਟ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਹੇ ਅਤੇ ਜਲਦ ਹੀ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਹਾਂ ਜਣਿਆਂ ਨੇ ਇਕ ਦੂਜੇ ਉਤੇ ਗੋਲੀਆਂ ਚਲਾਈਆਂ ਅਤੇ ਦੋਵੇਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਫ਼ਿਲਹਾਲ ਦੋਹਾਂ ਦੇ ਰਿਸ਼ਤੇ ਬਾਰੇ ਕੋਈ ਤੱਥ ਉਭਰ ਕੇ ਸਾਹਮਣੇ ਨਹੀਂ ਆਇਆ। ਇਸੇ ਦੌਰਾਨ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਅਤੇ ਮਿਸੀਸਾਗਾ ਵਿਖੇ 15 ਜਨਵਰੀ ਤੋਂ 15 ਫ਼ਰਵਰੀ ਘਰਾਂ ਜਾਂ ਕਾਰੋਬਾਰੀਆਂ ਟਿਕਾਣਿਆਂ ਵਿਚ ਚੋਰੀ ਦੀਆਂ 159 ਵਾਰਦਾਤਾਂ ਸਾਹਮਣੇ ਆਈਆਂ। ਪੁਲਿਸ ਮੁਤਾਬਕ 113 ਵਾਰਦਾਤਾਂ ਮਿਸੀਸਾਗਾ ਅਤੇ 46 ਬਰੈਂਪਟਨ ਵਿਖੇ ਦਰਜ ਕੀਤੀਆਂ ਗਈਆਂ। ਵਿਸਤਾਰਤ ਜਾਣਕਾਰੀ ਕਹਿੰਦੀ ਹੈ ਕਿ 59 ਘਰ, ਅੱਠ ਅਪਾਰਟਮੈਂਟ, ਦੋ ਰਿਹਾਇਸ਼ੀ ਗੈਰਾਜ ਜਾਂ ਸ਼ੈਡ, 10 ਰੈਸਟੋਰੈਂਟਸ ਅਤੇ ਤਿੰਨ ਕੰਸਟ੍ਰਕਸ਼ਨ ਸਾਈਟਸ ਨੂੰ ਨਿਸ਼ਾਨਾ ਬਣਾਇਆ ਗਿਆ।

ਬੀ.ਸੀ. ਦੇ ਚਿਲੀਵੈਕ ਵਿਖੇ ਇਕ ਜਣੇ ਦੀ ਮੌਤ, ਦੂਜਾ ਜ਼ਖਮੀ

ਇਸ ਤੋਂ ਇਲਾਵਾ ਇਕ ਫ਼ਾਰਮੇਸੀ, 15 ਸਟੋਰ, ਅਤੇ 39 ਅਣਪਛਾਤੇ ਕਾਰੋਬਾਰੀ ਟਿਕਾਣੇ ਵੀ ਸ਼ਾਮਲ ਰਹੇ। ਸਭ ਤੋਂ ਜ਼ਿਆਦਾ ਵਾਰਦਾਤਾਂ ਡੰਡਾਸ ਸਟ੍ਰੀਟ, ਲੇਕਸ਼ੋਰ ਰੋਡ ਅਤੇ ਕੁਈਨ ਸਟ੍ਰੀਟ ਵਿਚ ਸਾਹਮਣੇ ਆਈਆਂ ਜਦਕਿ ਹੁਣ ਤੱਕ 17 ਮਾਮਲੇ ਹੀ ਸੁਲਝਾਏ ਜਾ ਸਕੇ ਹਨ ਅਤੇ 134 ਦੀ ਪੜਤਾਲ ਚੱਲ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਗੈਰਾਜ ਅਤੇ ਸਕ੍ਰੀਨ ਡੋਰ ਯਕੀਨੀ ਤੌਰ ’ਤੇ ਲੌਕ ਕੀਤੇ ਜਾਣ ਅਤੇ ਘਰ ਵਿਚ ਮੌਜੂਦਗੀ ਦੌਰਾਨ ਵੀ ਅਣਗਹਿਲੀ ਨਾ ਵਰਤੀ ਜਾਵੇ।

Tags:    

Similar News