ਅਮਰੀਕਾ : ਸਿੱਖਾਂ ਬਾਰੇ ਰਾਹੁਲ ਗਾਂਧੀ ਦੇ ਬਿਆਨ ’ਤੇ ਸਿਆਸੀ ਤੂਫਾਨ
ਭਾਰਤ ਵਿਚ ਸਿੱਖਾਂ ਦੀ ਹਾਲਤ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਨੇ ਸਿਆਸਤ ਵਿਚ ਭੂਚਾਲ ਲਿਆ ਦਿਤਾ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਮੁਲਕ ਵਿਰੋਧੀ ਤਾਕਤਾਂ ਦਾ ਹੱਥ-ਠੋਕਾ ਕਰਾਰ ਦਿਤਾ ਗਿਆ ਹੈ
ਵਾਸ਼ਿੰਗਟਨ/ਨਵੀਂ ਦਿੱਲੀ : ਭਾਰਤ ਵਿਚ ਸਿੱਖਾਂ ਦੀ ਹਾਲਤ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਨੇ ਸਿਆਸਤ ਵਿਚ ਭੂਚਾਲ ਲਿਆ ਦਿਤਾ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਮੁਲਕ ਵਿਰੋਧੀ ਤਾਕਤਾਂ ਦਾ ਹੱਥ-ਠੋਕਾ ਕਰਾਰ ਦਿਤਾ ਗਿਆ ਹੈ ਜਦਕਿ ਗੁਰਪਤਵੰਤ ਸਿੰਘ ਪੰਨੂ ਵੱਲੋਂ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਬੇਬਾਕ ਅਤੇ ਲਾਮਿਸਾਲ ਕਰਾਰ ਦਿਤਾ ਜਾ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਭਾਰਤ ਵਿਰੋਧੀ ਤਾਕਤਾਂ ਦਾ ਸਾਥ ਦਿੰਦਿਆਂ ਰਾਹੁਲ ਗਾਂਧੀ ਮੁਲਕ ਨੂੰ ਵੰਡਣ ਪਾਉਣ ਦੇ ਸਾਜ਼ਿਸ਼ ਵਿਚ ਸ਼ਾਮਲ ਹਨ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਭਾਰਤ ਵਿਰੋਧੀ ਬਿਆਨ ਦੇਣੇ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਆਦਤ ਬਣ ਚੁੱਕੀ ਹੈ।
ਅਮਿਤ ਸ਼ਾਹ ਨੇ ਕਾਂਗਰਸੀ ਆਗੂ ਨੂੰ ਮੁਲਕ ਵਿਰੋਧੀ ਤਾਕਤਾਂ ਦਾ ਹੱਥ-ਠੋਕਾ ਦੱਸਿਆ
ਇਥੇ ਦਸਣਾ ਬਣਦਾ ਹੈ ਕਿ ਵਰਜੀਨੀਆ ਪੁੱਜੇ ਕਾਂਗਰਸੀ ਆਗੂ ਨੇ ਕਿਹਾ ਸੀ ਕਿ ਭਾਰਤ ਵਿਚ ਸਿਰਫ ਸਿਆਸੀ ਲੜਾਈ ਨਹੀਂ ਚੱਲ ਰਹੀ ਸਗੋਂ ਇਹ ਸੰਘਰਸ਼ ਵੀ ਚੱਲ ਰਿਹਾ ਹੈ ਕਿ ਸਿੱਖਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ, ਸਿੱਖਾਂ ਨੂੰ ਗੁਰਦਵਾਰਾ ਸਾਹਿਬ ਜਾਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਜਾਂ ਸਿੱਖ ਕੜਾ ਧਾਰਨ ਕਰ ਸਕਣਗੇ ਜਾਂ ਨਹੀਂ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇਹ ਵਰਤਾਰਾ ਸਿਰਫ ਸਿੱਖਾਂ ਨਾਲ ਨਹੀਂ ਸਗੋਂ ਹੋਰਨਾਂ ਧਰਮਾਂ ਨਾਲ ਵੀ ਜਾਰੀ ਹੈ। ਦੂਜੇ ਪਾਸੇ ਗੁਰਪਤਵੰਤ ਸਿੰਘ ਪੰਨੂ ਨੇ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਬੇਬਾਕ ਅਤੇ ਲਾਮਿਸਾਲ ਕਰਾਰ ਦਿੰਦਿਆਂ ਇਸ ਹਮਾਇਤ ਕਰਨ ਦਾ ਐਲਾਨ ਕੀਤਾ। ਇਸੇ ਦੌਰਾਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਸ਼ਿੰਗਟਨ ਡੀ.ਸੀ. ਵਿਖੇ ਰਾਹੁਲ ਗਾਂਧੀ ਦੇ ਸਮਾਗਮ ਵਾਲੀ ਥਾਂ ’ਤੇ ਵੱਡੀ ਗਿਣਤੀ ਵਿਚ ਖਾਲਿਸਤਾਨ ਹਮਾਇਤੀ ਮੌਜੂਦ ਸਨ।