America ਹੋ ਰਿਹਾ ਤਬਾਹ, 4 ਬੱਚਿਆਂ ਨੂੰ ਅਗਵਾ ਕਰ ਕੇ ਫ਼ਰਾਰ ਹੋਈ ਮਾਂ
ਅਮਰੀਕਾ ਵਿਚ ਸਾਲ ਦੇ ਅੰਤ ਤੱਕ ਵੱਡੀ ਤਬਾਹੀ ਹੋਣ ਦੇ ਵਹਿਮ ਵਿਚ ਉਲਝੀ ਇਕ ਔਰਤ ਆਪਣੇ ਹੀ ਚਾਰ ਬੱਚਿਆਂ ਨੂੰ ਅਗਵਾ ਕਰ ਕੇ ਯੂਰਪ ਫਰਾਰ ਹੋ ਗਈ
ਸਾਲਟ ਲੇਕ ਸਿਟੀ : ਅਮਰੀਕਾ ਵਿਚ ਸਾਲ ਦੇ ਅੰਤ ਤੱਕ ਵੱਡੀ ਤਬਾਹੀ ਹੋਣ ਦੇ ਵਹਿਮ ਵਿਚ ਉਲਝੀ ਇਕ ਔਰਤ ਆਪਣੇ ਹੀ ਚਾਰ ਬੱਚਿਆਂ ਨੂੰ ਅਗਵਾ ਕਰ ਕੇ ਯੂਰਪ ਫਰਾਰ ਹੋ ਗਈ। ਯੂਟਾਹ ਸੂਬੇ ਨਾਲ ਸਬੰਧਤ ਔਰਤ ਨੂੰ ਸਾਲਟ ਲੇਕ ਸਿਟੀ ਇੰਟਰਨੈਸ਼ਨਲ ਏਅਰਪੋਰਟ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਆਪਣੇ ਬੱਚਿਆਂ ਨਾਲ ਜਾਂਦੀ ਦੇਖਿਆ ਜਾ ਸਕਦਾ ਹੈ ਜਿਸ ਦੀ ਸ਼ਨਾਖ਼ਤ 35 ਸਾਲ ਦੀ ਐਲਿਸ਼ਾ ਐਨੀ ਸੀਮੌਰ ਉਰਫ਼ ਐਲੀ ਮੈਕਿਨਨ ਬ੍ਰੈਡੀ ਵਜੋਂ ਕੀਤੀ ਗਈ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਐਲਿਸ਼ਾ ਦਾ ਅਮਰੀਕਾ ਪਰਤਣ ਦਾ ਕੋਈ ਇਰਾਦਾ ਨਹੀਂ ਅਤੇ ਬੱਚਿਆਂ ਦੇ ਇਕ ਪਿਤਾ ਨੂੰ ਭੇਜੇ ਵੁਆਇਸ ਮੇਲ ਵਿਚ ਉਹ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਫਰਾਂਸ ਦੀ ਪੀ.ਆਰ. ਵਾਸਤੇ ਯੋਜਨਾ ਤਿਆਰ ਹੋ ਚੁੱਕੀ ਹੈ ਕਿਉਂਕਿ ਸਾਲਟ ਲੇਕ ਸਿਟੀ ਤਬਾਹ ਹੋਣ ਦਾ ਸਮਾਂ ਨੇੜੇ ਆ ਗਿਆ ਹੈ।
ਸਾਲਟ ਲੇਕ ਸਿਟੀ ਵਿਚ ਵਾਪਰੀ ਹੈਰਾਨਕੁੰਨ ਘਟਨਾ
ਅਮਰੀਕਾ ਛੱਡਣ ਤੋਂ ਪਹਿਲਾਂ ਐਲਿਸ਼ਾ ਨੇ ਆਪਣਾ ਫੋਨ ਵੀ ਬੰਦ ਕਰ ਦਿਤਾ ਅਤੇ ਚਾਰ ਬੱਚਿਆਂ ਵਿਚੋਂ ਤਿੰਨ ਦੇ ਪਿਤਾ ਕੈਂਡਲ ਸੀਮੌਰ ਦਾ ਕਹਿਣਾ ਹੈ ਕਿ ਐਲਿਸ਼ਾ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਤੋਂ ਵਾਰੰਟ ਜਾਰੀ ਕਰਵਾਏ ਜਾਣ। ਫ਼ਿਲਹਾਲ ਯੂਰਪ ਵਿਚ ਉਸ ਦੇ ਪਤੇ-ਟਿਕਾਣੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਕਿਉਂਕਿ ਉਸ ਫਲਾਈਟ ਐਮਸਟਰਡੈਮ ਵੱਲ ਰਵਾਨਾ ਹੋਈ ਅਤੇ ਉਥੋਂ ਉਹ ਕ੍ਰੋਏਸ਼ੀਆ ਚਲੀ ਗਈ। ਕੈਂਡਲ ਆਪਣੇ ਬੱਚਿਆਂ ਨੂੰ ਆਖਰੀ ਵਾਰ 24 ਅਤੇ 25 ਨਵੰਬਰ ਮਿਲਿਆ ਜਦੋਂ ਉਨ੍ਹਾਂ ਨੂੰ ਸਕੂਲ ਛੱਡਣ ਗਿਆ। ਇਸ ਮਗਰੋਂ ਬੱਚਿਆਂ ਦੀ ਕਸਟਡੀ ਐਲਿਸ਼ਾ ਨੂੰ ਮਿਲ ਜਾਣੀ ਸੀ। ਕੁਝ ਦਿਨ ਬਾਅਦ ਬੇਬੀਸਿਟਰ ਨੇ ਕੈਂਡਲ ਨੂੰ ਫੋਨ ਕਰ ਕੇ ਪੁੱਛਿਆ ਕਿ ਬੱਚੇ ਨਜ਼ਰ ਨਹੀਂ ਆ ਰਹੇ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਜਾਂਚਕਰਤਾਵਾਂ ਨੂੰ ਐਲਿਸ਼ਾ ਦੇ ਵੈਸਟ ਜੌਰਡਨ ਅਪਾਰਟਮੈਂਟ ਵਿਚੋਂ ਕੁਝ ਦਸਤਾਵੇਜ਼ ਅਤੇ ਬੰਦ ਕੀਤੇ ਫੋਨ ਮਿਲੇ ਹਨ। ਹੁਣ ਕੈਂਡਲ ਨੂੰ ਸਮਝ ਆ ਰਿਹਾ ਕਿ ਐਲਿਸ਼ਾ ਫਰਾਂਸ ਵਿਚ ਹੈ ਜਾਂ ਕ੍ਰੋਏਸ਼ੀਆ ਵਿਚ ਅਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਹੈ।
ਵਹਿਮਾਂ ਵਿਚ ਡੁੱਬੀ ਔਰਤ ਦਾ ਅਜੀਬੋ-ਗਰੀਬ ਕਾਰਨਾਮਾ
ਕੈਂਡਲ ਦਾ ਕਹਿਣਾ ਹੈ ਕਿ ਐਲਿਸ਼ਾ ਦੀ ਦਿਮਾਗੀ ਹਾਲਤ ਠੀਕ ਨਹੀਂ ਅਤੇ ਬੱਚਿਆਂ ਨੂੰ ਕੁਝ ਵੀ ਹੋ ਸਕਦਾ ਹੈ। ਐਲਿਸ਼ਾ ਦੀ ਮੈਡੀਕਲ ਹਿਸਟਰੀ ਤੋਂ ਪਤਾ ਲੱਗਾ ਹੈ ਕਿ ਅਤੀਤ ਵਿਚ ਉਸ ਦਾ ਵਤੀਰਾ ਪਾਗਲਾਂ ਵਰਗਾ ਰਿਹਾ। 10 ਦਸੰਬਰ ਨੂੰ ਪੁਲਿਸ ਵੱਲੋਂ ਐਲਿਸ਼ਾ ਨੂੰ ਕਿਡਨੈਪਰ ਕਰਾਰ ਦਿੰਦਿਆਂ ਖ਼ਤਰੇ ਵਿਚ ਘਿਰੇ ਚਾਰ ਬੱਚਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ। ਉਧਰ ਪਰਵਾਰਕ ਕਾਨੂੰਨਾਂ ਦੇ ਜਾਣਕਾਰ ਮਾਰਕੋ ਬ੍ਰਾਊਨ ਨੇ ਦੱਸਿਆ ਕਿ ਇਕ ਵਾਰ ਕਾਬੂ ਆਉਣ ਮਗਰੋਂ ਐਲਿਸ਼ਾ ਸੀਮੌਰ ਵੱਡੀਆਂ ਕਾਨੂੰਨੀ ਮੁਸ਼ਕਲਾਂ ਵਿਚ ਘਿਰ ਸਕਦੀ ਹੈ ਪਰ ਅਦਾਲਤ ਵਿਚ ਮਾਨਸਿਕ ਬਿਮਾਰੀ ਸਾਬਤ ਹੋ ਗਈ ਤਾਂ ਉਸ ਨੂੰ ਜੇਲ ਨਹੀਂ ਭੇਜਿਆ ਜਾ ਸਕਦਾ। ਇਸ ਵੇਲੇ ਕੈਂਡਲ ਅਤੇ ਐਲਿਸ਼ਾ ਇਕ ਇਕ ਮਹੀਨਾ ਬੱਚਿਆਂ ਨੂੰ ਆਪਣੇ ਕੋਲ ਰੱਖ ਰਹੇ ਸਨ ਪਰ ਚੌਥੇ ਬੱਚੇ ਦਾ ਪਿਤਾ ਫ਼ਿਲਹਾਲ ਸਾਹਮਣੇ ਨਹੀਂ ਆਇਆ।