‘Russian ਫ਼ੌਜ ਵੱਲੋਂ ਲੜ ਰਹੇ 900 ਭਾਰਤੀ’
ਰੂਸੀ ਫ਼ੌਜ ਵਿਚ ਭਰਤੀ ਤਿੰਨ ਪੰਜਾਬੀ ਨੌਜਵਾਨਾਂ ਸਣੇ 10 ਭਾਰਤੀ ਨਾਗਰਿਕਾਂ ਦੇ ਮਾਰੇ ਜਾਣ ਅਤੇ 4 ਜਣਿਆਂ ਦੇ ਲਾਪਤਾ ਹੋਣ ਦਾ ਨਵਾਂ ਖੁਲਾਸਾ ਹੋਇਆ ਹੈ
ਕਪੂਰਥਲਾ (ਇੰਦਰਜੀਤ ਚਹਿਲ) : ਰੂਸੀ ਫ਼ੌਜ ਵਿਚ ਭਰਤੀ ਤਿੰਨ ਪੰਜਾਬੀ ਨੌਜਵਾਨਾਂ ਸਣੇ 10 ਭਾਰਤੀ ਨਾਗਰਿਕਾਂ ਦੇ ਮਾਰੇ ਜਾਣ ਅਤੇ 4 ਜਣਿਆਂ ਦੇ ਲਾਪਤਾ ਹੋਣ ਦਾ ਨਵਾਂ ਖੁਲਾਸਾ ਹੋਇਆ ਹੈ ਜਦਕਿ ਕੁਝ ਦਿਨ ਪਹਿਲਾਂ ਆਈ ਰਿਪੋਰਟ ਵਿਚ 50 ਭਾਰਤੀ ਨਾਗਰਿਕਾਂ ਦੇ ਰੂਸੀ ਫੌਜ ਦੇ ਸ਼ਿਕੰਜੇ ਵਿਚ ਫਸੇ ਹੋਣ ਅਤੇ 26 ਜਣਿਆਂ ਦੇ ਮਾਰੇ ਜਾਣ ਦਾ ਜ਼ਿਕਰ ਕੀਤਾ ਗਿਆ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੁਲ 202 ਭਾਰਤੀ ਨਾਗਰਿਕ ਰੂਸੀ ਫ਼ੌਜ ਵਿਚ ਭਰਤੀ ਹੋਏ ਜਿਨ੍ਹਾਂ ਵਿਚੋਂ 119 ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਦੇ ਯਤਨ ਕੀਤੇ ਜਾ ਰਹੇ ਹਨ।
2 ਵਾਰ ਰੂਸ ਜਾ ਚੁੱਕੇ ਪੰਜਾਬੀ ਨੌਜਵਾਨ ਦਾ ਵੱਡਾ ਦਾਅਵਾ
ਇਸ ਦੇ ਉਲਟ ਆਪਣੇ ਭਰਾ ਮਨਦੀਪ ਸਿੰਘ ਦੀ ਭਾਲ ਵਿਚ ਰੂਸ ਦੇ ਦੋ ਗੇੜੇ ਲਾ ਚੁੱਕੇ ਜਗਦੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਤੇਜਪਾਲ ਸਿੰਘ ਸਣੇ ਤਿੰਨ ਪੰਜਾਬੀਆਂ ਦੀ ਮੌਤ ਬਾਰੇ ਜਾਣਕਾਰੀ ਹਾਸਲ ਹੋਈ ਹੈ। ਜਗਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੇ ਭਰਾ ਬਾਰੇ ਤਸੱਲੀਬਖ਼ਸ਼ ਜਾਣਕਾਰੀ ਨਾ ਮਿਲੀ ਤਾਂ ਉਸ ਨੇ ਰੂਸ ਜਾਣਦਾ ਫੈਸਲਾ ਕੀਤਾ ਅਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇਸ ਕੰਮ ਵਿਚ ਮਦਦ ਕੀਤੀ। ਜਗਦੀਪ ਸਿੰਘ ਦੋ ਵਾਰ ਰੂਸ ਅਤੇ ਪਹਿਲੀ ਵਾਰ 21 ਦਿਨ ਰਹਿਣ ਮਗਰੋਂ ਪਰਤ ਆਇਆ।
3 ਪੰਜਾਬੀਆਂ ਸਣੇ 10 ਜਣਿਆਂ ਦੀ ਮੌਤ, 4 ਲਾਪਤਾ
ਦੂਜੇ ਗੇੜੇ ਦੌਰਾਨ ਜਗਦੀਪ ਸਿੰਘ ਤਕਰੀਬਨ ਦੋ ਮਹੀਨੇ ਰੂਸ ਵਿਚ ਰਿਹਾ ਅਤੇ ਅਹਿਮ ਜਾਣਕਾਰੀ ਇਕੱਤਰ ਕੀਤੀ। ਜਗਦੀਪ ਸਿੰਘ ਮੁਤਾਬਕ ਰੂਸੀ ਫੌਜ ਵੱਲੋਂ ਲੜਦਿਆਂ ਮਾਰੇ ਗਏ ਭਾਰਤੀਆਂ ਵਿਚ ਯੂ.ਪੀ. ਨਾਲ ਸਬੰਤ ਅਰਵਿੰਦ ਕੁਮਾਰ, ਧੀਰੇਂਦਰ ਕੁਮਾਰ, ਵਿਨੋਦ ਯਾਦਵ, ਯੋਗਿੰਦਰ ਯਾਦਵ ਅਤੇ ਪੰਜ ਹੋਰ ਨੌਜਵਾਨ ਸ਼ਾਮਲ ਹਨ ਜਦਕਿ ਦੀਪਕ, ਯੋਗੇਸ਼ਵਰ ਪ੍ਰਸਾਦ, ਅਜ਼ਹਰੂਦੀਨ ਖ਼ਾਨ ਅਤੇ ਰਾਮ ਚੰਦਰ ਹੁਣ ਤੱਕ ਲਾਪਤਾ ਹਨ। ਇਸੇ ਦੌਰਾਨ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤੀ ਨੌਜਵਾਨਾਂ ਦੀ ਰੂਸੀ ਫ਼ੌਜ ਵਿਚ ਭਰਤੀ ਮੁਕੰਮਲ ਤੌਰ ’ਤੇ ਬੰਦ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਬਾਰੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਪੱਤਰ ਵੀ ਲਿਖ ਚੁੱਕੇ ਹਨ।