ਅਮਰੀਕਾ ਵਿਚ 1850 ਪੰਜਾਬੀ ਟਰੱਕ ਡਰਾਈਵਰ ਹੋਏ ਵਿਹਲੇ
ਅਮਰੀਕਾ ਵਿਚ ਅੰਗਰੇਜ਼ੀ ਨਾ ਆਉਣ ਕਾਰਨ ਟਰੱਕ ਚਲਾਉਣ ਦੇ ਪੇਸ਼ੇ ਤੋਂ ਵਿਹਲੇ ਕੀਤੇ ਜਾ ਰਹੇ ਡਰਾਈਵਰਾਂ ਦੀ ਗਿਣਤੀ 9 ਹਜ਼ਾਰ ਤੋਂ ਟੱਪ ਚੁੱਕੀ ਹੈ ਤੇ ਇਨ੍ਹਾਂ ਵਿਚੋਂ ਤਕਰੀਬਨ 1850 ਪੰਜਾਬੀ ਦੱਸੇ ਜਾ ਰਹੇ
ਟੈਕਸਸ : ਅਮਰੀਕਾ ਵਿਚ ਅੰਗਰੇਜ਼ੀ ਨਾ ਆਉਣ ਕਾਰਨ ਟਰੱਕ ਚਲਾਉਣ ਦੇ ਪੇਸ਼ੇ ਤੋਂ ਵਿਹਲੇ ਕੀਤੇ ਜਾ ਰਹੇ ਡਰਾਈਵਰਾਂ ਦੀ ਗਿਣਤੀ 9 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ ਤਕਰੀਬਨ 1850 ਪੰਜਾਬੀ ਦੱਸੇ ਜਾ ਰਹੇ ਹਨ। ਵਰਕ ਪਰਮਿਟ ’ਤੇ ਮੌਜੂਦ ਟਰੱਕ ਡਰਾਈਵਰਾਂ ਦੀ ਲਾਇਸੰਸ ਨਵਿਆਉਣ ਦੀ ਪ੍ਰਕਿਰਿਆ ਵੀ 29 ਸਤੰਬਰ ਤੋਂ ਬੰਦ ਕੀਤੀ ਜਾ ਚੁੱਕੀ ਹੈ ਅਤੇ ਟ੍ਰਾਂਸਪੋਰਟੇਸ਼ਨ ਇੰਡਸਟਰੀ ਨੂੰ ਡਰਾਈਵਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਅਮਰੀਕਾ ਤੋਂ ਮੈਕਸੀਕੋ ਦਰਮਿਆਨ ਸਮਾਨ ਦੀ ਢੋਆ-ਢੁਆਈ ਕਰਨ ਵਾਲੇ ਤਕਰੀਬਨ 80 ਹਜ਼ਾਰ ਟਰੱਕ ਡਰਾਈਵਰਾਂ ਵਿਚੋਂ ਜ਼ਿਆਦਾਤਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਇਨ੍ਹਾਂ ਨੂੰ ਅਮਰੀਕਾ ਦੀਆਂ ਸੜਕਾਂ ’ਤੇ ਡਰਾਈਵਿੰਗ ਕਰਨ ਤੋਂ ਰੋਕਿਆ ਵੀ ਨਹੀਂ ਜਾ ਸਕਦਾ।
ਅੰਗਰੇਜ਼ੀ ਦੇ ਟੈਸਟ ਨੇ ਖੋਹਿਆ 9 ਹਜ਼ਾਰ ਤੋਂ ਵੱਧ ਡਰਾਈਵਰਾਂ ਦਾ ਰੁਜ਼ਗਾਰ
ਕੈਲੇਫੋਰਨੀਆ, ਟੈਕਸਸ ਅਤੇ ਨਿਊ ਮੈਕਸੀਕੋ ਵਰਗੇ ਰਾਜਾਂ ਵਿਚੋਂ ਇਹ ਅਮਰੀਕਾ ਵਿਚ ਦਾਖਲ ਹੁੰਦੇ ਹਨ ਅਤੇ ਲਾਅ ਐਨਫੋਰਸਮੈਂਟ ਅਫ਼ਸਰਾਂ ਦੀ ਸਖ਼ਤੀ ਇਨ੍ਹਾਂ ਵਾਸਤੇ ਮੁਸ਼ਕਲਾਂ ਪੈਦਾ ਕਰ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਫ਼ਲੋਰੀਡਾ ਵਿਚ ਹਰਜਿੰਦਰ ਸਿੰਘ ਨਾਲ ਸਬੰਧਤ ਹਾਦਸੇ ਮਗਰੋਂ ਟਰੱਕ ਡਰਾਈਵਰਾਂ ਵਾਸਤੇ ਅੰਗਰੇਜ਼ੀ ਵਿਚ ਮੁਹਾਰਤ ਦਾ ਨਿਯਮ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਇਸੇ ਦੌਰਾਨ ਵਾਸ਼ਿੰਗਟਨ ਟਾਈਮਜ਼ ਵੱਲੋਂ ਪ੍ਰਕਾਸ਼ਤ ਇਕ ਤਾਜ਼ਾ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਵੀ ਹਜ਼ਾਰਾਂ ਦੀ ਗਿਣਤੀ ਵਿਚ ਟਰੱਕ ਡਰਾਈਵਰ ਅਜਿਹੇ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਲਗਾਤਾਰ ਟਰੱਕ ਡਰਾਈਵਿੰਗ ਕਰ ਰਹੇ ਹਨ।
ਡੀ.ਐਚ.ਐਸ. ਨੇ ਸੜਕ ’ਤੇ ਘੇਰੇ ਡਰਾਈਵਰ ਦੀ ਵੀਡੀਓ ਕੀਤੀ ਵਾਇਰਲ
ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਇਕ ਟਰੱਕ ਡਰਾਈਵਰ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਨੂੰ ਲਾਅ ਐਨਫ਼ੋਰਸਮੈਂਟ ਵਾਲਿਆਂ ਨੇ ਰੋਕ ਕੇ ਅੰਗਰੇਜ਼ੀ ਵਿਚ ਸਵਾਲ ਪੁੱਛੇ ਤਾਂ ਉਹ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ। ਟਰੱਕ ਡਰਾਈਵਰ ਦੀ ਵੀਡੀਓ ’ਤੇ ਟਿੱਪਣੀ ਕਰਦਿਆਂ ਹੋਮਲੈਂਡ ਸਕਿਉਰਿਟੀ ਮੰਤਰੀ ਕ੍ਰਿਸਟੀ ਨੌਇਮ ਨੇ ਕਿਹਾ ਕਿ ਅਮਰੀਕਾ ਦੇ ਹਾਈਵੇਜ਼ ’ਤੇ ਲੋਕਾਂ ਵਾਸਤੇ ਖਤਰਾ ਪੈਦਾ ਕਰਨ ਵਾਲਿਆਂ ਨੂੰ ਡਰਾਈਵਿੰਗ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਅਤੇ ਅੰਗਰੇਜ਼ੀ ਤੋਂ ਕੋਰੇ ਹਰ ਡਰਾਈਵਰ ਨੂੰ ਹਟਾਏ ਜਾਣ ਤੱਕ ਇਹ ਮੁਹਿੰਮ ਜਾਰੀ ਰਹੇਗੀ। ਇਸੇ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਦੇਣ ਵਾਲੇ ਰਾਜਾਂ ਨਾਲ ਸਬੰਧਤ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ ਅਤੇ ਅਮਰੀਕਾ ਦੀਆਂ ਸੜਕਾਂ ’ਤੇ ਮੁੜ ਸੁਰੱਖਿਆ ਯਕੀਨੀ ਬਣਾਈ ਜਾਵੇਗੀ।