ਪੈਰਿਸ ਓਲੰਪਿਕ ’ਚ ਭਾਰਤੀ ਹਾਕੀ ਟੀਮ ਨੇ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ’ਚ ਬਣਾਈ ਜਗ੍ਹਾ

ਭਾਰਤੀ ਹਾਕੀ ਟੀਮ ਅਤੇ ਬ੍ਰਿਟੇਨ ਵਿਚਾਲੇ ਹੋਏ ਮੁਕਾਬਲੇ ਦੌਰਾਨ ਮੈਚ ਇਕ ਇਕ ਦੀ ਬਰਾਬਰੀ ’ਤੇ ਰਿਹਾ, ਜਿਸ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਵਿਚ ਕੀਤਾ ਗਿਆ, ਜਿਸ ਵਿਚ ਭਾਰਤ ਨੇ ਬ੍ਰਿਟੇਨ ਨੂੰ 4-2 ਦੇ ਫ਼ਰਕ ਨਾਲ ਮਾਤ ਦੇ ਦਿੱਤੀ।;

Update: 2024-08-04 10:51 GMT

ਪੈਰਿਸ : ਭਾਰਤ ਪੈਰਿਸ ਓਲੰਪਿਕ ਵਿਚ ਮੈਨਜ਼ ਹਾਕੀ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ ਏ। ਭਾਰਤੀ ਹਾਕੀ ਟੀਮ ਅਤੇ ਬ੍ਰਿਟੇਨ ਵਿਚਾਲੇ ਹੋਏ ਮੁਕਾਬਲੇ ਦੌਰਾਨ ਮੈਚ ਇਕ ਇਕ ਦੀ ਬਰਾਬਰੀ ’ਤੇ ਰਿਹਾ, ਜਿਸ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਵਿਚ ਕੀਤਾ ਗਿਆ, ਜਿਸ ਵਿਚ ਭਾਰਤ ਨੇ ਬ੍ਰਿਟੇਨ ਨੂੰ 4-2 ਦੇ ਫ਼ਰਕ ਨਾਲ ਮਾਤ ਦੇ ਦਿੱਤੀ। ਮੈਚ ਦੇ 22ਵੇਂ ਮਿੰਟ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਉਨ੍ਹਾਂ ਦਾ ਇਹ ਪੈਰਿਸ ਓਲੰਪਿਕ ਵਿਚ 7ਵਾਂ ਗੋਲ ਐ। ਇਸ ਤੋਂ ਪਹਿਲਾਂ ਕੁਆਟਰ ਵਿਚ ਕਿਸੇ ਟੀਮ ਨੇ ਗੋਲਨਹੀਂ ਕੀਤਾ। ਉਥੇ ਹੀ 27ਵੇਂ ਮਿੰਟ ਵਿਚ ਬ੍ਰਿਟੇਨ ਦੇ ਲੀ ਮਾਰਟਨ ਨੇ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ ਸੀ।

ਇਸ ਮੈਚ ਦੌਰਾਨ ਭਾਰਤੀ ਗੋਲਕੀਪਰ ਸ੍ਰੀਜੇਸ਼ ਜਿੱਤ ਦੇ ਹੀਰੋ ਰਹੇ, ਜਿਨ੍ਹਾਂ ਨੇ ਦੋ ਗੋਲ ਬਚਾਏ। ਭਾਰਤੀ ਟੀਮ ਦੀ ਇਹ ਜਿੱਤ ਇਸ ਲਈ ਵੀ ਅਹਿਮ ਐ ਕਿਉਂਕਿ ਟੀਮ ਸਿਰਫ਼ 10 ਖਿਡਾਰੀਆਂ ਨਾਲ ਖੇਡ ਰਹੀ ਸੀ। 60 ਮਿੰਟ ਦੇ ਖੇਡ ਵਿਚ 48 ਮਿੰਟ ਭਾਰਤੀ ਡਿਫੈਂਡਰ ਅਮਿਤ ਰੋਹੀਦਾਸ ਮੈਚ ਤੋਂ ਬਾਹਰ ਰਹੇ। ਉਨ੍ਹਾਂ ਨੂੰ ਰੈਫਰੀ ਨੇ 12ਵੇਂ ਮਿੰਟ ਵਿਚ ਰੈੱਡ ਕਾਰਡਡ ਦਿੱਤਾ ਸੀ, ਹਾਲਾਂਕਿ ਰੈਫ਼ਰੀ ਦਾ ਇਹ ਆਖ਼ਰੀ ਫ਼ੈਸਲਾ ਵਿਵਾਦਾਂ ਵਿਚ ਆ ਗਿਆ। ਸਾਬਕਾ ਭਾਰਤੀ ਓਲੰਪਿਅਨ ਜੁਗਰਾਜ ਸਿੰਘ ਨੇ ਆਖਿਆ ਕਿ ਇਸ ਫਾਊਲ ਦੇ ਲਈ ਯੈਲੋ ਕਾਰਡ ਦੇਣਾ ਹੀ ਕਾਫ਼ੀ ਸੀ। ਭਾਰਤੀ ਹਾਕੀ ਟੀਮ ਦੀ ਇਸ ਜਿੱਤ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਭਾਰਤੀ ਟੀਮ ਨੂੰ ‘ਚੱਕ ਦੇ ਇੰਡੀਆ’ ਲਿਖ ਕੇ ਮੁਬਾਰਕਵਾਦ ਦਿੱਤੀ ਗਈ ਐ।

ਵਰਲਡ ਨੰਬਰ ਪੰਜ ਭਾਰਤੀ ਟੀਮ ਕਾਫੀ ਜ਼ਿਆਦਾ ਆਤਮ ਵਿਸਵਾਸ਼ ਦੇ ਨਾਲ ਭਰੀ ਹੋਈ ਸੀ ਕਿਉਂਕਿ ਬੀਤੇ ਦਿਨੀਂ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 3-2 ਨਾਲ ਮਾਤ ਦਿੱਤੀ ਸੀ। ਖੇਡਾਂ ਦੇ ਇਤਿਹਾਸ ਵਿਚ ਭਾਰਤ ਨੇ ਹਾਕੀ ਵਿਚ 52 ਸਾਲਾਂ ਮਗਰੋਂ ਆਸਟ੍ਰੇਲੀਆ ਨੂੰ ਹਰਾਇਆ। ਟੀਮ ਨੂੰ ਆਖ਼ਰੀ ਜਿੱਤ ਸੰਨ 1972 ਦੇ ਮਿਊਨਿਖ ਓਲੰਪਿਕ ਵਿਚ ਮਿਲੀ ਸੀ। ਦੁਨੀਆ ਦੀ ਦੂਜੇ ਨੰਬਰ ਦੀ ਟੀਮ ਗ੍ਰੇਟ ਬ੍ਰਿਟੇਨ ਨੂੰ ਆਪਣੇ ਆਖਰੀ ਲੀਗ ਮੈਚ ਦੌਰਾਨ ਜਰਮਨੀ ਦੇ ਖ਼ਿਲਾਫ਼ 1-2 ਦੀ ਹਾਰ ਝੱਲਣੀ ਪਈ। ਆਸਟ੍ਰੇਲੀਆ ’ਤੇ ਜਿੱਤ ਦੇ ਨਾਲ ਹੀ ਭਾਰਤ ਪੂਲ ਬੀ ਵਿਚ ਡਿਫੈਂਡਿੰਗ ਚੈਂਪੀਅਨ ਬੈਲਜ਼ੀਅਮ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ, ਜਦਕਿ ਬ੍ਰਿਟੇਨ ਪੂਲ ਏ ਵਿਚ ਤੀਜੇ ਨੰਬਰ ’ਤੇ ਰਿਹਾ ਸੀ।

ਦੱਸ ਦਈਏ ਕਿ ਇਸ ਮੈਚ ਦੌਰਾਨ ਦੋ ਗੋਲ ਬਚਾਉਣ ਵਾਲੇ ਪੀਆਰ ਸ੍ਰੀਜੇਸ਼ ਆਪਣੀ ਆਖ਼ਰੀ ਟੂਰਨਾਮੈਂਟ ਖੇਡ ਰਹੇ ਨੇ। 36 ਸਾਲਾਂ ਦੇ ਇਸ ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਕੁੱਝ ਦਿਨ ਪਹਿਲਾਂ ਹੀ ਆਖਿਆ ਸੀ ਕਿ ਪੈਰਿਸ ਓਲੰਪਿਕ ਉਨ੍ਹਾਂ ਦਾ ਆਖ਼ਰੀ ਇੰਟਰਨੈਸ਼ਨਲ ਟੂਰਨਾਮੈਂਟ ਹੋਵੇਗਾ।

Tags:    

Similar News