ਪੰਜਾਬ ’ਚ ਪਾਰਟੀਆਂ ਨੂੰ ਮਹਿੰਗੀਆਂ ਪਈਆਂ ਇਹ ਗ਼ਲਤੀਆਂ
ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ, ਜਿਸ ਨੂੰ 7 ਸੀਟਾਂ ਹਾਸਲ ਹੋਈਆਂ, ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 3, ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ਹਾਸਲ ਹੋਈ ਜਦਕਿ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਹੁਣ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਕਮੀਆਂ ’ਤੇ ਮੰਥਨ ਕੀਤਾ ਜਾ ਰਿਹਾ ਏ ਕਿ ਕਿੱਥੇ ਕਿੱਥੇ ਉਨ੍ਹਾਂ ਕੋਲੋਂ ਕਮੀਆਂ ਰਹੀਆਂ।;
ਚੰਡੀਗੜ੍ਹ: ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ, ਜਿਸ ਨੂੰ 7 ਸੀਟਾਂ ਹਾਸਲ ਹੋਈਆਂ, ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 3, ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ਹਾਸਲ ਹੋਈ ਜਦਕਿ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਹੁਣ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਕਮੀਆਂ ’ਤੇ ਮੰਥਨ ਕੀਤਾ ਜਾ ਰਿਹਾ ਏ ਕਿ ਕਿੱਥੇ ਕਿੱਥੇ ਉਨ੍ਹਾਂ ਕੋਲੋਂ ਕਮੀਆਂ ਰਹੀਆਂ। ਸੋ ਆਓ ਦੱਸਦੇ ਆਂ ਕਿ ਸਿਆਸੀ ਮਾਹਿਰਾਂ ਮੁਤਾਬਕ ਕਿਹੜੀ ਪਾਰਟੀ ਕੋਲੋਂ ਹੋਈਆਂ ਕਿਹੜੀਆਂ ਕਿਹੜੀਆਂ ਗ਼ਲਤੀਆਂ।
ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚੋਂ ਨੰਬਰ ਇਕ ’ਤੇ ਰਹਿਣ ਵਾਲੀ ਕਾਂਗਰਸ ਪਾਰਟੀ ਤੋਂ ਹੀ ਗੱਲ ਸ਼ੁਰੂ ਕਰਦੇ ਆਂ, ਜਿਸ ਵੱਲੋਂ ਭਾਵੇਂ 7 ਸੀਟਾਂ ’ਤੇ ਜਿੱਤ ਦਰਜ ਕੀਤੀ ਗਈ ਐ ਪਰ ਸਿਆਸੀ ਮਾਹਿਰਾਂ ਦੇ ਅਨੁਸਾਰ ਜੇਕਰ ਕਾਂਗਰਸ ਸਹੀ ਤਰੀਕੇ ਨਾਲ ਉਮੀਦਵਾਰਾਂ ਦੀ ਚੋਣ ਕਰਦੀ ਤਾਂ ਇਹ ਪ੍ਰਦਰਸ਼ਨ ਹੋਰ ਬਿਹਤਰ ਹੋ ਸਕਦਾ ਸੀ। ਕਾਂਗਰਸ ਪਾਰਟੀ ਨੇ ਸੰਗਰੂਰ ਤੋਂ ਸੰਗਰੂਰ ਤੋਂ ਸੁਖਪਾਲ ਖਹਿਰਾ ਨੂੰ ਖੜ੍ਹਾ ਕਰ ਦਿੱਤਾ, ਜੋ ਪਾਰਟੀ ਦੀ ਵੱਡੀ ਗ਼ਲਤੀ ਸੀ। ਸਥਾਨਕ ਉਮੀਦਵਾਰ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਦਿਖਾ ਸਕਦਾ ਸੀ। ਇਸੇ ਤਰ੍ਹਾਂ ਵਿਜੇਇੰਦਰ ਸਿੰਗਲਾ ਨੂੰ ਸੰਗਰੂਰ ਛੱਡ ਕੇ ਅਨੰਦਪੁਰ ਸਾਹਿਬ ਤੋਂ ਖੜ੍ਹਾ ਕਰ ਦਿੱਤਾ। ਭਾਵੇਂ ਕਿ ਚੰਨੀ ਅਤੇ ਰਾਜਾ ਵੜਿੰਗ ਵੀ ਆਪਣੇ ਖੇਤਰਾਂ ਵਿਚ ਬਾਹਰੀ ਸਨ ਪਰ ਉਥੇ ਸਮੀਕਰਨ ਵੱਖਰੇ ਸੀ, ਜਿਸ ਕਰਕੇ ਉਹ ਜਿੱਤਣ ਵਿਚ ਕਾਮਯਾਬ ਰਹੇ। ਫਰੀਦਕੋਟ ਵਿਚ ਵੀ ਕਾਂਗਰਸ ਪਾਰਟੀ ਮਜ਼ਬੂਤ ਉਮੀਦਵਾਰ ਖੜ੍ਹਾ ਨਹੀਂ ਕਰ ਸਕੀ। ਖਡੂਰ ਸਾਹਿਬ ਵਿਚ ਕਾਂਗਰਸ ਦੀ ਜਿੱਤ ਤੈਅ ਸੀ ਪਰ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦਾ ਸਾਰਾ ਖੇਡ ਵਿਗਾੜ ਦਿੱਤਾ।
ਹੁਣ ਗੱਲ ਕਰਦੇ ਆਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ,,, ਜਿਸ ਨੇ ਉਮੀਦਵਾਰਾਂ ਦੀ ਚੋਣ ਵਿਚ ਕਾਫ਼ੀ ਗਲਤੀਆਂ ਕੀਤੀਆਂ, ਜਿਸ ਦੇ ਨਤੀਜੇ ਵਜੋਂ ਅਕਾਲੀ ਦਲ ਨੂੰ ਮਹਿਜ਼ ਇਕ ਸੀਟ ’ਤੇ ਸਬਰ ਕਰਨਾ ਪਿਆ। ਅਕਾਲੀ ਦਲ ਵੱਲੋਂ ਸੰਗਰੂਰ ਸੀਟ ਤੋਂ ਢੀਂਡਸਾ ਪਰਿਵਾਰ ਨੂੰ ਟਿਕਟ ਨਾ ਦੇਣਾ ਵੱਡੀ ਗ਼ਲਤੀ ਸੀ ਜੋ ਇੱਥੋਂ ਵਧੀਆ ਪ੍ਰਦਰਸ਼ਨ ਦਿਖਾ ਸਕਦੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੂੰਦਾ ਨੂੰ ਟਿਕਟ ਦੇ ਕੇ ਢੀਂਡਸਾ ਪਰਿਵਾਰ ਦੀ ਨਾਰਾਜ਼ਗੀ ਸਹੇੜ ਲਈ। ਇਸੇ ਤਰ੍ਹਾਂ ਦੂਜੀ ਗ਼ਲਤੀ ਅਕਾਲੀ ਦਲ ਨੇ ਖਡੂਰ ਸਾਹਿਬ ਵਿਚ ਅੰਮ੍ਰਿਤਪਾਲ ਸਿੰਘ ਦੇ ਸਾਹਮਣੇ ਆਪਣਾ ਉਮੀਦਵਾਰ ਖੜ੍ਹਾ ਕਰਕੇ ਕੀਤੀ, ਜਿਸ ਨੂੰ ਹੁਣ ਅਕਾਲੀ ਦਲ ਦੇ ਆਗੂ ਖ਼ੁਦ ਮਹਿਸੂਸ ਕਰ ਰਹੇ ਨੇ। ਇੱਥੇ ਹੀ ਬਸ ਨਹੀਂ, ਸੁਖਬੀਰ ਬਾਦਲ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਚੋਣ ਰੈਲੀਆਂ ਵਿਚ ਪ੍ਰਚਾਰ ਵੀ ਕੀਤਾ ਗਿਆ। ਜੇਕਰ ਪਾਰਟੀ ਇਹ ਇਕ ਸੀਟ ਛੱਡ ਦਿੰਦੀ ਤਾਂ ਇਸ ਦਾ ਅਕਾਲੀ ਦਲ ਨੂੰ ਵੱਡਾ ਫ਼ਾਇਦਾ ਹੋ ਸਕਦਾ ਸੀ। ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਕੋਈ ਸਥਾਨਕ ਆਗੂ ਖੜ੍ਹਾ ਕਰਨ ਦੀ ਥਾਂ ਦਲਜੀਤ ਚੀਮਾ ਨੂੰ ਖੜ੍ਹਾ ਕਰਨਾ ਵੀ ਵੱਡੀ ਗ਼ਲਤੀ ਸੀ। ਫਤਿਹਗੜ੍ਹ ਸਾਹਿਬ, ਫਰੀਦਕੋਟ ਵਿਚ ਵੀ ਉਮੀਦਵਾਰ ਇੰਨੇ ਦਮਦਾਰ ਨਹੀਂ ਸਨ। ਇੰਝ ਲਗਦਾ ਏ ਕਿ ਜਿਵੇਂ ਕੁੱਝ ਸੀਟਾਂ ’ਤੇ ਅਕਾਲੀ ਦਲ ਨੇ ਉਮੀਦਵਾਰ ਸਿਰਫ਼ ਇਸ ਲਈ ਖੜ੍ਹੇ ਕੀਤੇ ਕਿ ਕੋਈ ਇਹ ਨਾ ਆਖੇ ਕਿ ਅਕਾਲੀ ਦਲ ਕੋਲ ਖੜ੍ਹਾ ਕਰਨ ਲਈ ਕੋਈ ਉਮੀਦਵਾਰ ਨਹੀਂ। ਜਲੰਧਰ ਵਿਚ ਪਵਨ ਟੀਨੂੰ ਐਨ ਮੌਕੇ ’ਤੇ ਸਾਥ ਛੱਡ ਗਿਆ, ਉਸ ਦਾ ਵੀ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ। ਚੰਡੀਗੜ੍ਹ ਵਿਚ ਵੀ ਇਹੀ ਕੁੱਝ ਹੋਇਆ, ਜਿੱਥੇ ਫਿਰ ਅਕਾਲੀ ਦਲ ਨੂੰ ਉਮੀਦਵਾਰ ਨਾ ਖੜ੍ਹਾਉਣ ਦਾ ਹੀ ਫ਼ੈਸਲਾ ਕਰਨਾ ਪਿਆ। ਜੇਕਰ ਅਕਾਲੀ ਦਲ ਉਮੀਦਵਾਰਾਂ ਦੀ ਸਹੀ ਚੋਣ ਕਰਦਾ ਤਾਂ ਜਿੱਤ ਤਾਂ ਭਾਵੇਂ ਫਿਰ ਵੀ ਨਹੀਂ ਸੀ ਮਿਲਣੀ ਪਰ ਇੰਨਾ ਜ਼ਰੂਰ ਐ ਕਿ ਜ਼ਮਾਨਤਾਂ ਜ਼ਰੂਰ ਬਚ ਜਾਣੀਆਂ ਸੀ।
ਇਸੇ ਤਰ੍ਹਾਂ 13-0 ਦਾ ਨਾਅਰਾ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਮਹਿਜ਼ 3 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਇੱਥੇ ਪਾਰਟੀ ਨੇ ਆਪਣਾ ਇਹ ਨਾਅਰਾ ਪੂਰਾ ਕਰਨ ਲਈ ਹੱਦੋਂ ਵੱਧ ਤਾਕਤ ਚੋਣਾਂ ਵਿਚ ਝੋਕ ਦਿੱਤੀ, ਜਿਸ ਦੇ ਚਲਦਿਆਂ ਆਪ ਨੇ ਪੰਜ ਮੰਤਰੀਆਂ ਅਤੇ ਦੋ ਵਿਧਾਇਕਾਂ ਨੂੰ ਚੋਣਾਂ ਵਿਚ ਉਮੀਦਵਾਰ ਬਣਾ ਦਿੱਤਾ, ਜਿਨ੍ਹਾਂ ਵਿਚੋਂ ਚਾਰ ਮੰਤਰੀ ਅਤੇ ਦੋ ਵਿਧਾਇਕ ਚੋਣ ਹਾਰ ਗਏ, ਸਿਰਫ ਇਕ ਮੰਤਰੀ ਮੀਤ ਹੇਅਰ ਹੀ ਚੋਣ ਜਿੱਤ ਸਕਿਆ। ਜੇਕਰ ਪਾਰਟੀ ਮੰਤਰੀਆਂ ਦੀ ਥਾਂ ’ਤੇ ਹੋਰ ਆਗੂਆਂ ਨੂੰ ਖੜ੍ਹਾ ਕਰ ਦਿੰਦੀ,, ਹਾਲਾਂਕਿ ਚੋਣ ਨਤੀਜਾ ਤਾਂ ਵੀ ਇਹੀ ਹੋਣਾ ਸੀ ਪਰ ਪਾਰਟੀ ਮੰਤਰੀਆਂ ਦੀ ਹਾਰ ਵਾਲੀ ਕਿਰਕਿਰੀ ਤੋਂ ਬਚ ਸਕਦੀ ਸੀ। ਫਿਰ ਆਮ ਆਦਮੀ ਪਾਰਟੀ ਤਾਂ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਐ ਕਿ ਵੋਟਾਂ ਚਿਹਰਿਆਂ ਨੂੰ ਨਹੀਂ ਬਲਕਿ ਪਾਰਟੀ ਦੇ ਕੰਮਾਂ ਨੂੰ ਪੈਂਦੀਆਂ ਨੇ।
ਇਸ ਤੋਂ ਇਲਾਵਾ ਆਪ ਵੱਲੋਂ ਫਤਿਹਗੜ੍ਹ ਸਾਹਿਬ ਵਿਚ ਕਾਂਗਰਸ ਵਿਚੋਂ ਆਏ ਗੁਰਪ੍ਰੀਤ ਜੀਪੀ ਅਤੇ ਜਲੰਧਰ ਤੋਂ ਅਕਾਲੀ ਦਲ ਵਿਚੋਂ ਆਏ ਪਵਨ ਕੁਮਾਰ ਟੀਨੂੰ ਨੂੰ ਉਮੀਦਵਾਰ ਬਣਾਉਣਾ ਵੱਡੀ ਗ਼ਲਤੀ ਸੀ ਕਿਉਂਕਿ ਇਸ ਦੇ ਨਾਲ ਢਾਈ ਸਾਲਾਂ ਤੋਂ ਸੱਤਾ ਵਿਚ ਮੌਜੂਦ ਪਾਰਟੀ ਵਿਰੁੱਧ ਇਹ ਸੰਦੇਸ਼ ਗਿਆ ਕਿ ਪਾਰਟੀ ਕੋਲ ਆਪਣਾ ਕੋਈ ਅਜਿਹਾ ਆਗੂ ਨਹੀਂ, ਜਿਸ ਨੂੰ ਚੋਣਾਂ ਵਿਚ ਖੜ੍ਹਾ ਕੀਤਾ ਜਾ ਸਕੇ। ਫਰੀਦਕੋਟ ਸੀਟ ’ਤੇ ਕਰਮਜੀਤ ਅਨਮੋਲ ਭਾਵੇਂ ਮਜ਼ਬੂਤ ਉਮੀਦਵਾਰ ਸੀ ਪਰ ਉਥੇ ਆਖ਼ਰੀ ਕੁੱਝ ਦਿਨਾਂ ਵਿਚ ਹੀ ਸਾਰੀ ਹਵਾ ਸਰਬਜੀਤ ਖ਼ਾਲਸਾ ਦੇ ਹੱਕ ਵਿਚ ਪਲਟ ਗਈ। ਇਸ ਤੋਂ ਇਲਾਵਾ ਆਪ ਉਮੀਦਵਾਰ ਨੂੰ ਸਵਾਲ ਪੁੱਛਣ ਵਾਲਿਆਂ ਖ਼ਿਲਾਫ਼ ਕਥਿਤ ਤੌਰ ’ਤੇ ਪਰਚੇ ਦਰਜ ਹੋਣ ਦੀ ਘਟਨਾ ਨੇ ਵੀ ਕਰਮਜੀਤ ਅਨਮੋਲ ਦਾ ਗ੍ਰਾਫ਼ ਹੇਠਾਂ ਕਰ ਦਿੱਤਾ।
ਹੁਣ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ, ਜੋ ਸੰਗਰੂਰ ਤੋਂ ਸਾਂਸਦ ਸਨ ਪਰ ਇਸ ਵਾਰ ਚੋਣ ਹਾਰ ਗਏ। ਦਰਅਸਲ ਸਿਮਰਨਜੀਤ ਸਿੰਘ ਮਾਨ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਬਣੀ ਹਵਾ ਕਾਰਨ ਜਿੱਤੇ ਸੀ ਪਰ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕੁੱਝ ਵੀ ਅਜਿਹਾ ਨਹੀਂ ਕੀਤਾ, ਜਿਸ ਬਾਰੇ ਲੋਕ ਹੁੱਬ ਕੇ ਇਹ ਆਖ ਸਕਣ ਕਿ ਸਾਡੇ ਸਾਂਸਦ ਨੇ ਆਹ ਕੰਮ ਬਹੁਤ ਵਧੀਆ ਕੀਤਾ। ਸਾਂਸਦ ਬਣਨ ਤੋਂ ਬਾਅਦ ਉਨ੍ਹਾਂ ਕੋਲ ਵਧੀਆ ਮੌਕਾ ਸੀ, ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਦਾ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ। ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਸੁਖਪਾਲ ਖਹਿਰਾ ਦੇ ਆਉਣ ਕਾਰਨ ਸਿਮਰਨਜੀਤ ਸਿੰਘ ਮਾਨ ਦੀ ਕਾਫ਼ੀ ਵੋਟ ਕੱਟੀ ਗਈ ਕਿਉਂਕਿ ਸੁਖਪਾਲ ਖਹਿਰਾ ਵੀ ਐਨਐਸਏ, ਯੂਏਪੀਏ ਸਮੇਤ ਸਿੱਖਾਂ ਦੇ ਮਸਲਿਆਂ ਨੂੰ ਵਧੀਆ ਤਰੀਕੇ ਨਾਲ ਉਠਾਉਂਦੇ ਰਹੇ ਨੇ।
ਲੋਕ ਸਭਾ ਚੋਣਾਂ ਦੌਰਾਨ ਇਸ ਵਾਰ ਪੰਜਾਬ ਵਿਚ ਭਾਜਪਾ ਨੇ ਵੀ ਜ਼ਬਰਦਸਤ ਐਂਟਰੀ ਕੀਤੀ ਹੋਈ ਸੀ। ਭਾਵੇਂ ਕਿ ਉਸ ਕੋਲ ਆਪਣੇ ਉਮੀਦਵਾਰਾਂ ਤਾਂ ਕੁੱਝ ਹੀ ਹਲਕਿਆਂ ਵਿਚ ਸਨ ਪਰ ਉਸ ਨੇ ਜ਼ਿਆਦਾਤਰ ਸੀਟਾਂ ’ਤੇ ਦੂਜੀਆਂ ਪਾਰਟੀਆਂ ਤੋਂ ਆਏ ਉਮੀਦਵਾਰਾਂ ਨੂੰ ਟਿਕਟ ਦਿੱਤੀ। ਭਾਜਪਾ ਦਾ ਭਾਵੇਂ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ ਪਰ ਵੋਟ ਬੈਂਕ ਵਧਾਉਣ ਵਿਚ ਭਾਜਪਾ ਦੀ ਇਹ ਰਣਨੀਤੀ ਕਾਫ਼ੀ ਕਾਰਗਰ ਸਾਬਤ ਹੋਈ, ਜਿਸ ਦੇ ਨਤੀਜੇ ਵਜੋਂ ਭਾਜਪਾ ਦੇ ਉਮੀਦਵਾਰ ਦੂਜੇ ਅਤੇ ਤੀਜੇ ਨੰਬਰ ’ਤੇ ਰਹੇ ਅਤੇ ਭਾਜਪਾ ਦਾ ਵੋਟ ਫ਼ੀਸਦੀ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਵਧਿਆ। ਭਾਜਪਾ ਦੀ ਸਭ ਤੋਂ ਵੱਡੀ ਗ਼ਲਤੀ ਇਹ ਰਹੀ ਕਿ ਉਸ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਮਸਲੇ ਹੱਲ ਨਹੀਂ ਕੀਤੇ, ਜੇਕਰ ਕੀਤੇ ਹੁੰਦੇ ਤਾਂ ਚਾਰ ਤੋਂ ਪੰਜ ਸੀਟਾਂ ਭਾਜਪਾ ਦੇ ਖਾਤੇ ਜਾ ਸਕਦੀਆਂ ਸੀ। ਹੁਣ ਇਸ ਵਧੇ ਹੋਏ ਵੋਟ ਫ਼ੀਸਦੀ ਨੂੰ ਦੇਖ ਭਾਜਪਾ ਕੱਛਾਂ ਵਜਾ ਰਹੀ ਐ ਕਿ ਵਿਧਾਨ ਸਭਾ ਵਿਚ ਉਸ ਦੀਆਂ 15 ਤੋਂ 20 ਸੀਟਾਂ ਪੱਕੀਆਂ ਨੇ,,, ਹੋ ਸਕਦਾ ਏ ਕਿ ਵਿਧਾਨ ਸਭਾ ਚੋਣਾਂ ਵੀ ਭਾਜਪਾ ਵੱਲੋਂ ਇਕੱਲਿਆਂ ਹੀ ਲੜੀਆਂ ਜਾਣ ਕਿਉਂਕਿ ਭਾਜਪਾ ਨੇ ਆਪਣੇ ਪਰ ਤੋਲ ਕੇ ਦੇਖ ਲਏ ਜੋ ਵੋਟ ਫ਼ੀਸਦੀ ਦੇ ਹਿਸਾਬ ਨਾਲ ਅਕਾਲੀ ਦਲ ਨਾਲੋਂ ਭਾਰੀ ਸਾਬਤ ਹੋਏ।
ਰਿਪੋਰਟ -ਸ਼ਾਹ