ਬਠਿੰਡਾ 'ਚ ਦੋ ਅੱਤਵਾਦੀ ਅਸਲੇ ਸਣੇ ਕਾਬੂ, ਪੰਜਾਬ 'ਚ ਗੜਬੜੀ ਫੈਲਾਉਣ ਦੀਆਂ ਪਾਕਿ ਸਾਜ਼ਿਸ਼ਾਂ
ਬਠਿੰਡਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇੱਕ ਭਰੋਸੇਯੋਗ ਸੂਹ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਦੋ ਕਥਿਤ ਅੱਤਵਾਦੀਆਂ ਨੂੰ ਦੋ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ
ਪੰਜ ਸਾਲਾਂ 'ਚ ਫੜੇ ਗਏ ਕਈ ਅੱਤਵਾਦੀ
ਬਠਿੰਡਾ: ਬਠਿੰਡਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇੱਕ ਭਰੋਸੇਯੋਗ ਸੂਹ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਦੋ ਕਥਿਤ ਅੱਤਵਾਦੀਆਂ ਨੂੰ ਦੋ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬੂਟਾ ਸਿੰਘ ਉਰਫ਼ ਗੁਰਪ੍ਰੀਤ ਸਿੰਘ ਉਰਫ਼ ਗੋਪੂ ਨਿਵਾਸੀ ਗਿੱਲਵਾਲੀ, ਜ਼ਿਲ੍ਹਾ ਫ਼ਿਰੋਜ਼ਪੁਰ) ਅਤੇ ਹਰਮੰਦਰ ਸਿੰਘ ਉਰਫ਼ ਨਿੱਕਾ ਨਿਵਾਸੀ ਮੋਠਾਂਵਾਲੀ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀ ਮੋਗਾ-ਫ਼ਿਰੋਜ਼ਪੁਰ ਰੋਡ ਤੋਂ ਕੀਤੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਬਰਾਮਦ ਹੋਏ ਗ੍ਰਨੇਡ ਇੱਕ ਗੈਰ-ਕਾਨੂੰਨੀ ਸਪਲਾਈ ਚੇਨ ਦਾ ਹਿੱਸਾ ਹਨ, ਜੋ ਸਰਹੱਦ ਪਾਰਲੇ ਪਾਕਿਸਤਾਨੀ ਅਨਸਰਾਂ ਨਾਲ ਜੁੜੀ ਹੋਈ ਹੈ। ਇਸ ਦਾ ਉਦੇਸ਼ ਸਰਹੱਦੀ ਸੂਬੇ ਵਿਚ ਸ਼ਾਂਤੀ ਅਤੇ ਜਨਤਕ ਸੁਰੱਖਿਆ ਨੂੰ ਭੰਗ ਕਰਨਾ ਸੀ। ਉਨ੍ਹਾਂ ਕਿਹਾ ਕਿ ਅਗਲੇ ਅਤੇ ਪਿਛਲੇ ਸਬੰਧਾਂ ਨੂੰ ਲੱਭਣ ਅਤੇ ਇਸ ਮਾਡਿਊਲ ਵਿਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।
ਏਆਈਜੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਇੱਕ ਅੱਤਵਾਦੀ ਮਾਡਿਊਲ ਨਾਲ ਜੁੜੇ ਅਨਸਰਾਂ ਨੇ ਗ੍ਰਨੇਡ ਪ੍ਰਾਪਤ ਕੀਤੇ ਹਨ। ਇਸ ਆਧਾਰ ਤੇ ਤੁਰੰਤ ਮੁਹਿੰਮ ਚਲਾਈ ਗਈ ਅਤੇ ਮੋਗਾ-ਫ਼ਿਰੋਜ਼ਪੁਰ ਰੋਡ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਗ੍ਰਨੇਡ ਬਰਾਮਦ ਕੀਤੇ ਗਏ। ਇਸ ਕਾਰਵਾਈ ਨਾਲ ਇੱਕ ਸੰਭਾਵੀ ਘਾਤਕ ਘਟਨਾ ਨੂੰ ਰੋਕਿਆ ਗਿਆ ਅਤੇ ਵੱਡਾ ਖ਼ਤਰਾ ਟਾਲਿਆ ਗਿਆ। ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਫਾਜ਼ਿਲਕਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
ਪੰਜਾਬ ਪੁਲਿਸ ਅਤੇ ਬੀਐੱਸਐੱਫ ਦੀਆਂ ਰਿਪੋਰਟਾਂ ਤੋਂ ਸਪੱਸ਼ਟ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਸੱਚਮੁੱਚ ਭਾਰਤੀ ਪੰਜਾਬ ਵਿਚ ਅਸਥਿਰਤਾ ਫੈਲਾਉਣ ਲਈ ਡ੍ਰੋਨ ਰਾਹੀਂ ਹਥਿਆਰ, ਗ੍ਰਨੇਡ ਅਤੇ ਡਰੱਗਾਂ ਦੀ ਤਸਕਰੀ ਕਰਵਾ ਰਹੀ ਹੈ। ਆਈਐੱਸਆਈ ਤੋਂ ਸਮਰਥਨ ਪ੍ਰਾਪਤ ਗੈਂਗਸਟਰ-ਅੱਤਵਾਦੀ ਮਾਡਿਊਲਾਂ ਨੂੰ ਮਲੇਸ਼ੀਆ, ਕੈਨੇਡਾ ਅਤੇ ਪਾਕਿਸਤਾਨ ਤੋਂ ਸਿੱਧੀਆਂ ਹਦਾਇਤਾਂ ਦੇ ਰਹੀ ਹੈ ਤਾਂ ਜੋ ਗ੍ਰਨੇਡ ਹਮਲੇ, ਆਈਈਡੀ ਬਲਾਸਟ ਅਤੇ ਕੱਟੜਪੰਥੀ ਵਿਚਾਰ ਫੈਲਾ ਕੇ ਚੜੜ੍ਹਦੇ ਪੰਜਾਬ ਵਿਚ ਅਫਰਾ-ਤਫਰੀ ਫੈਲਾਈ ਜਾਵੇ। 2025-26 ਵਿਚ ਇਸ ਤਰ੍ਹਾਂ ਦੇ ਕਈ ਮਾਡਿਊਲ ਫੜੇ ਗਏ ਹਨ, ਜਿਨ੍ਹਾਂ ਵਿਚ ਆਈਐੱਸਆਈ ਹੈਂਡਲਰਾਂ ਦਾ ਸਿੱਧਾ ਰੋਲ ਸਾਹਮਣੇ ਆਇਆ ਹੈ।
ਪੰਜਾਬ ਵਿਚ ਆਈਐੱਸਆਈ ਬੈਕਡ ਡ੍ਰੋਨ ਤਸਕਰੀ ਅਤੇ ਗ੍ਰਨੇਡ ਹਮਲਿਆਂ ਵਿਚ ਤੇਜ਼ੀ ਆਈ ਹੈ। ਅਧਿਕਾਰਤ ਅੰਕੜਿਆਂ ਅਨੁਸਾਰ: 2025 ਵਿਚ: ਪੰਜਾਬ ਪੁਲਿਸ ਅਤੇ ਬੀਐੱਸਐੱਫ ਨੇ 362 ਹਥਿਆਰ ਬਰਾਮਦ ਕੀਤੇ; ਜਦ ਕਿ ਸਾਲ 2024 ਵਿਚ ਸਿਰਫ 81 ਹਥਿਆਰ ਬਰਾਮਦ ਹੋਏ ਸਨ। ਇਸ ਵਿਚ 200 ਹਥਿਆਰ, 12 ਹੈਂਡ ਗ੍ਰਨੇਡ, 3,625 ਰਾਊਂਡ ਗੋਲੀਆਂ, 10.2 ਕਿਲੋ ਆਰਡੀਐਕਸ/ਆਈਈਡੀ ਅਤੇ 367.8 ਕਿਲੋਗ੍ਰਾਮ ਹੈਰੋਇਨ ਸ਼ਾਮਲ ਹਨ। ਬੀਐੱਸਐੱਫ ਨੇ 272 ਡ੍ਰੋਨ ਫੜੇ ਸਨ।
ਪੰਜਾਬ ਪੁਲਿਸ ਇੰਟਰਨਲ ਸਿਕਿਓਰਿਟੀ ਵਿੰਗ ਨੇ ਸਾਲ 2025 ਦੌਰਾਨ 19 ਮਾਡਿਊਲ ਫੜੇ, 131 ਲੋਕ ਗ੍ਰਿਫ਼ਤਾਰ। 9 ਰਾਈਫਲਾਂ, 188 ਪਿਸਤੌਲਾਂ, 12 ਆਈਈਡੀ, 11.62 ਕਿਲੋ ਆਰਡੀਐਕਸ, 54 ਹੈਂਡ ਗ੍ਰਨੇਡ, 32 ਡਿਟੋਨੇਟਰ, 4 ਆਰਪੀਜੀ, ਟਾਈਮਰ ਸਵਿੱਚ ਅਤੇ ਵਾਕੀ-ਟਾਕੀ ਬਰਾਮਦ ਕੀਤੇ ਗਏ।
2021-2024 ਦੌਰਾਨ ਡ੍ਰੋਨ ਰਾਹੀਂ ਗ੍ਰਨੇਡ ਸੁੱਟਣ ਦੇ ਕਈ ਮਾਮਲੇ ਸਾਹਮਣੇ ਆਏ ਸਨ। ਉਦਾਹਰਨ ਵਜੋਂ ਸਾਲ 2020 ਵਿਚ ਗੁਰਦਾਸਪੁਰ ਵਿਚ 11 ਗ੍ਰਨੇਡ, 2022 ਵਿਚ ਆਈਐੱਸਆਈ ਏਜੰਟ ਆਸਿਫ਼ ਡੋਂਗਰ ਵੱਲੋਂ 40 ਖੇਪਾਂ ਭੇਜੀਆਂ ਗਈਆਂ ਸਨ। 2025 ਤੱਕ ਗ੍ਰਨੇਡ ਹਮਲਿਆਂ ਵਾਲੇ ਮਾਡਿਊਲ ਵਿਚ 10 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ।
ਅੱਜ ਦੀ ਗ੍ਰਿਫ਼ਤਾਰੀ ਨਾਲ ਇੱਕ ਵੱਡਾ ਖ਼ਤਰਾ ਟਾਲਿਆ ਗਿਆ ਹੈ ਅਤੇ ਆਈਐੱਸਆਈ ਦੀ ਸਪਲਾਈ ਚੇਨ ਤੇ ਇੱਕ ਵੱਡਾ ਝਟਕਾ ਲੱਗਿਆ ਹੈ। ਪਰ ਪਿਛਲੇ 5 ਸਾਲਾਂ ਦੇ ਅੰਕੜੇ ਦਰਸਾਉਂਦੇ ਹਨ ਕਿ ਆਈਐੱਸਆਈ ਲਗਾਤਾਰ ਡ੍ਰੋਨ, ਗ੍ਰਨੇਡ ਅਤੇ ਆਈਈਡੀ ਰਾਹੀਂ ਪੰਜਾਬ ਵਿਚ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਅਤੇ ਬੀਐੱਸਐੱਫ ਵੱਲੋਂ ਤੁਰੰਤ ਕਾਰਵਾਈ ਅਤੇ ਖੁਫੀਆ ਜਾਲ ਮਜ਼ਬੂਤ ਕਰਨ ਨਾਲ ਇਸ ਖ਼ਤਰੇ ਨੂੰ ਰੋਕਿਆ ਜਾ ਰਿਹਾ ਹੈ। ਫਿਰ ਵੀ ਯਾਤਰੀਆਂ ਅਤੇ ਨਾਗਰਿਕਾਂ ਨੂੰ ਸਤਰਕ ਰਹਿਣ ਅਤੇ ਕੋਈ ਸ਼ੱਕੀ ਗਤੀਵਿਧੀ ਵੇਖਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ ਹੈ।