ਸੁਖਬੀਰ ਸਿੰਘ ਬਾਦਲ ਦੇ 'ਦੋਸ਼' ਨੂੰ ਗਿ. ਰਘਬੀਰ ਸਿੰਘ ਦੀ 'ਚੁਣੌਤੀ'
ਹੁਣ ਕੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਗਲਾ ਕਦਮ?
ਕੀ ਸੁਖਬੀਰ ਬਾਦਲ 'ਤੇ ਭਾਰੂ ਪਵੇਗੀ ਗਿ. ਰਘਬੀਰ ਸਿੰਘ ਦੀ ਚੁਣੌਤੀ?
ਅੰਮ੍ਰਿਤਸਰ: ਸਿੱਖ ਪੰਥ ਦੀ ਸਭ ਤੋਂ ਉੱਚੇਰੀ ਅਥਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਭਾਵ ਉਨ੍ਹਾਂ ਨੂੰ ਤਨਖ਼ਾਹ ਲਾਈ ਗਈ ਸੀ। ਇਸ ਫੈਸਲੇ ਨੂੰ ਹੁਣ ਸੁਖਬੀਰ ਸਿੰਘ ਬਾਦਲ ਨੇ ਇੱਕ 'ਵੱਡੀ ਸਾਜਿਸ਼' ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਰਹਿ ਚੁੱਕੇ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਬਾਦਲ ਸਾਹਿਬ ਖੁਦ ਅਕਾਲ ਤਖ਼ਤ ਸਾਹਿਬ ਉੱਤੇ ਆ ਕੇ ਸਬੂਤ ਪੇਸ਼ ਕਰਨ ਕਿ ਇਹ ਫੈਸਲਾ ਉਨ੍ਹਾਂ ਖਿਲਾਫ਼ ਸਾਜਿਸ਼ ਤਹਿਤ ਲਿਆ ਗਿਆ ਸੀ, ਤਾਂ ਸੰਗਤ ਜੋ ਵੀ ਸਜ਼ਾ ਲਾਵੇਗੀ, ਉਹ ਗਿਆਨੀ ਰਘਬੀਰ ਸਿੰਘ ਖੁਦ ਭੁਗਤਣ ਲਈ ਤਿਆਰ ਹਨ।
ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਗਲਾ ਪੈਂਤੜਾ ਕੀ ਹੋਵੇਗਾ? ਕੀ ਉਹ ਆਪਣੇ ਕੋਲ਼ ਮੌਜੂਦ ਸਾਰੇ ਸਬੂਤ ਪੇਸ਼ ਕਰ ਕੇ ਪੰਥ ਸਾਹਵੇਂ ਇਹ ਸਿੱਧ ਕਰ ਦੇਣਗੇ ਕਿ ਉਨ੍ਹਾਂ ਨੂੰ 2 ਦਸੰਬਰ ਵਾਲ਼ੇ ਦਿਨ ਸੱਚਮੁਚ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਸੀ। ਜਾਂ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੀ ਗਈ ਚੁਣੌਤੀ ਸੁਖਬੀਰ ਬਾਦਲ ਉਤੇ ਭਾਰੂ ਪੈ ਜਾਵੇਗੀ?
ਅਗਸਤ 2024 ਵਿਚ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਹੀ ਤਨਖਾਹੀਆ ਐਲਾਨ ਦਿੱਤਾ ਗਿਆ ਸੀ। ਇਸ ਤੋਂ ਬਾਅਦ 2 ਦਸੰਬਰ 2024 ਨੂੰ ਜੱਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਪੰਜ ਸਿੰਘ ਸਾਹਿਬਾਨ ਨੇ ਅਕਾਲ ਤਖ਼ਤ ਦੀ ਫਸੀਲ ਤੋਂ ਵੱਡਾ ਫੈਸਲਾ ਸੁਣਾਇਆ। ਇਸ ਵਿਚ – ਸੁਖਬੀਰ ਬਾਦਲ ਅਤੇ 2007 ਤੋਂ 2017 ਤੱਕ ਅਕਾਲੀ ਸਰਕਾਰ ਵਿਚ ਮੰਤਰੀ ਰਹੇ ਆਗੂਆਂ ਨੂੰ ਧਾਰਮਿਕ ਗੁਨਾਹਗਾਰ ਐਲਾਨਿਆ ਗਿਆ ਸੀ। ਉਨ੍ਹਾਂ ਨੂੰ ਗਲ਼ਾਂ ਵਿਚ ਤਖ਼ਤੀਆਂ ਪਾ ਕੇ ਮਾਫੀ ਮੰਗਣੀ ਪਈ ਅਤੇ ਗੁਰੂ ਘਰ ਵਿਚ ਸੇਵਾ ਕਰਨੀ ਪਈ – ਬਾਥਰੂਮਾਂ ਦੀ ਸਫਾਈ, ਲੰਗਰ ਦੀ ਸੇਵਾ ਆਦਿ ਕਰਨੀ ਪਈ ਸੀ।
ਸ਼੍ਰੋਮਣੀ ਅਕਾਲੀ ਦਲ ਨੂੰ ਆਦੇਸ਼ ਦਿੱਤਾ ਗਿਆ ਕਿ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਅਤੇ ਪਾਰਟੀ ਨੂੰ ਨਵੀਂ ਸ਼ਕਲ ਵਿਚ ਤਿਆਰ ਕੀਤਾ ਜਾਵੇ।
ਇਸ ਫੈਸਲੇ ਨਾਲ ਸਿੱਖ ਸੰਗਤ ਵਿਚ ਵੱਡੀ ਚਰਚਾ ਹੋਈ ਸੀ। ਇਸ ਤੋਂ ਬਾਅਦ ਮਾਰਚ 2025 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਗਿਆਨੀ ਰਘਬੀਰ ਸਿੰਘ ਨੂੰ ਜੱਥੇਦਾਰ ਵਜੋਂ ਹਟਾ ਦਿੱਤਾ ਸੀ।
ਹਾਲ਼ੇ ਕੁਝ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ 2 ਦਸੰਬਰ 2024 ਵਾਲਾ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਅਤੇ ਉਨ੍ਹਾਂ ਉੱਤੇ ਲਗਾਈ ਗਈ ਧਾਰਮਿਕ ਸਜ਼ਾ ਉਨ੍ਹਾਂ ਖਿਲਾਫ਼ ਇੱਕ ਸਾਜਿਸ਼ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਰਾਹੀਂ ਉਨ੍ਹਾਂ ਉੱਤੇ ਅਤੇ ਉਨ੍ਹਾਂ ਦੀ ਪਾਰਟੀ ਉੱਤੇ ਵੱਡਾ ਹਮਲਾ ਕੀਤਾ ਗਿਆ। ਉਨ੍ਹਾਂ ਨੇ ਇਸ ਨੂੰ ਸਿਆਸੀ ਤੌਰ ਤੇ ਉਨ੍ਹਾਂ ਖਿਲਾਫ਼ ਵਰਤਿਆ ਗਿਆ ਹਥਿਆਰ ਵੀ ਕਿਹਾ ਸੀ।
ਇਸ ਬਿਆਨ ਦਾ ਜਵਾਬ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ “ਜੇ ਤੁਸੀਂ ਇਹ ਮੰਨਦੇ ਹੋ ਕਿ ਫੈਸਲਾ ਸਾਜਿਸ਼ ਤਹਿਤ ਲਿਆ ਗਿਆ ਸੀ ਤਾਂ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਆਓ। ਸਬੂਤ ਪੇਸ਼ ਕਰੋ ਕਿ ਇਹ ਫੈਸਲਾ ਤੁਹਾਡੇ ਖਿਲਾਫ਼ ਸਾਜਿਸ਼ ਤਹਿਤ ਲਿਆ ਗਿਆ ਸੀ। ਜੇ ਤੁਸੀਂ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਤਾਂ ਸੰਗਤ ਜੋ ਵੀ ਸਜ਼ਾ ਲਾਵੇਗੀ, ਉਹ ਮੈਂ ਖੁਦ ਭੁਗਤਣ ਲਈ ਤਿਆਰ ਹਾਂ।”
ਇਸ ਚੁਣੌਤੀ ਵਿਚ ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਫੈਸਲੇ ਦੀ ਪਵਿੱਤਰਤਾ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸਾਜਿਸ਼ ਵਾਲੀ ਗੱਲ ਨੂੰ ਖੁਲ੍ਹੇਆਮ ਚੁਣੌਤੀ ਦੇ ਰਹੇ ਹਨ।
ਇਹ ਮਾਮਲਾ ਸਿੱਖ ਧਰਮ ਅਤੇ ਰਾਜਨੀਤੀ ਵਿਚ ਚੱਲ ਰਹੀਆਂ ਤਣਾਅ ਭਰੀਆਂ ਘਟਨਾਵਾਂ ਨੂੰ ਫਿਰ ਤੋਂ ਉਭਾਰ ਰਿਹਾ ਹੈ। ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਧਾਰਮਿਕ ਅਥਾਰਟੀ ਵਜੋਂ ਲਿਆ ਗਿਆ ਸੀ, ਦੂਜੇ ਪਾਸੇ ਇਸ ਨੂੰ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਗਿਆਨੀ ਰਘਬੀਰ ਸਿੰਘ ਦੀ ਚੁਣੌਤੀ ਨੇ ਹਾੁਣ ਪੰਥਕ ਸਿਆਸਤ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਇਸ ਨਾਲ ਸਿੱਖ ਸੰਗਤ ਵਿਚ ਚਰਚਾ ਛਿੜ ਗਈ ਹੈ ਕਿ ਅਕਾਲ ਤਖ਼ਤ ਦੀ ਅਜ਼ਮਤ ਅਤੇ ਫੈਸਲਿਆਂ ਦੀ ਇੱਜ਼ਤ ਕਿਵੇਂ ਬਚਾਈ ਜਾਵੇ।
ਹਾਲਾਂਕਿ ਇਸ ਮਾਮਲੇ ਉੱਤੇ ਹਾਲ਼ੇ ਅਧਿਕਾਰਤ ਤੌਰ ਤੇ ਕੋਈ ਨਵੀਂ ਕਾਰਵਾਈ ਨਹੀਂ ਹੋਈ ਹੈ, ਪਰ ਗਿਆਨੀ ਰਘਬੀਰ ਸਿੰਘ ਦਾ ਬਿਆਨ ਸਾਫ਼ ਦਰਸਾਉਂਦਾ ਹੈ ਕਿ ਉਹ ਆਪਣੇ ਫੈਸਲੇ ਉੱਤੇ ਮਜ਼ਬੂਤ ਖੜ੍ਹੇ ਹਨ ਅਤੇ ਕਿਸੇ ਵੀ ਇਲਜ਼ਾਮ ਨੂੰ ਖੁਲ੍ਹੇਆਮ ਚੁਣੌਤੀ ਦੇਣ ਲਈ ਤਿਆਰ ਹਨ।
ਇਹ ਘਟਨਾ ਸਿੱਖ ਭਾਈਚਾਰੇ ਵਿਚ ਧਾਰਮਿਕ ਅਥਾਰਿਟੀ ਅਤੇ ਰਾਜਨੀਤੀ ਵਿਚਕਾਰ ਵਿਵਾਦ ਨੂੰ ਫਿਰ ਤੋਂ ਚਰਚਾ ਵਿਚ ਲੈ ਆਈ ਹੈ। ਸੰਗਤ ਇਸ ਤਰਫ਼ ਧਿਆਨ ਨਾਲ ਨਜ਼ਰ ਰੱਖ ਰਹੀ ਹੈ ਕਿ ਇਸ ਚੁਣੌਤੀ ਦਾ ਅਗਲਾ ਪੜਾਅ ਕੀ ਬਣਦਾ ਹੈ। ਕੀ ਇਸ ਬਹਿਸ ਵਿੱਚੋਂ ਕੋਈ ਨਵੇਂ ਪੰਥਕ ਸੁਧਾਰ ਸਾਹਮਣੇ ਆ ਸਕਣਗੇ? ਸੰਗਤ ਨੂੰ ਆਸ ਹੈ ਕਿ ਅਜਿਹਾ ਕੁਝ ਨਾ ਕੁਝ ਤਾਂ ਜ਼ਰੂਰ ਹੋਵੇਗਾ। ਹੁਣ ਪੰਥਕ ਨਿਬੇੜੇ ਜ਼ਰੂਰ ਹੋਣਗੇ।