ਹੁਣ ਅੰਮ੍ਰਿਤਸਰ-ਕੁਆਲਾਲੰਪੁਰ ਰੋਜ਼ਾਨਾ ਉਡਾਣਾਂ ਸ਼ੁਰੂ, ਅੰਮ੍ਰਿਤਸਰ–ਮਲੇਸ਼ੀਆ ਉਡਾਣਾਂ ਨੂੰ ਮਿਲ਼ਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਲਈ ਉਡਾਣਾਂ ਅੱਜ ਸਨਿੱਚਰਵਾਰ ਤੋਂ ਰੋਜ਼ਾਨਾ ਕਰ ਦਿੱਤੀਆਂ ਗਈਆਂ ਹਨ। ਮਲੇਸ਼ੀਆ ਦੀ ਹੀ ਏਅਰਲਾਈਨ 'ਏਅਰ–ਏਸ਼ੀਆ' ਨੇ ਇਹ ਨਵੀਂ ਉਡਾਣ ਸ਼ੁਰੂ ਕੀਤੀ ਹੈ
ਅੰਮ੍ਰਿਤਸਰ ਤੋਂ ਬਹੁਤੇ ਯਾਤਰੀ ਜਾਂਦੇ ਦਿੱਲੀ, ਦੁਬਈ, ਸ਼ਾਰਜਾਹ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਲਈ ਉਡਾਣਾਂ ਅੱਜ ਸਨਿੱਚਰਵਾਰ ਤੋਂ ਰੋਜ਼ਾਨਾ ਕਰ ਦਿੱਤੀਆਂ ਗਈਆਂ ਹਨ। ਮਲੇਸ਼ੀਆ ਦੀ ਹੀ ਏਅਰਲਾਈਨ 'ਏਅਰ–ਏਸ਼ੀਆ' ਨੇ ਇਹ ਨਵੀਂ ਉਡਾਣ ਸ਼ੁਰੂ ਕੀਤੀ ਹੈ। ਅਗਸਤ 2018 ਤੋਂ ਲੈ ਕੇ ਹੁਣ ਤੱਕ ਇਹ ਫ਼ਲਾਈਟ ਇੱਕ ਹਫ਼ਤੇ 'ਚ ਚਾਰ ਵਾਰ ਚੱਲਦੀ ਰਹੀ ਹੈ।
ਅੰਮ੍ਰਿਤਸਰ ਤੋਂ ਮਲੇਸ਼ੀਆ ਉਡਾਣਾਂ ਨੂੰ ਭਰਪੂਰ ਹੁੰਗਾਰਾ ਮਿਲ਼ਦਾ ਰਿਹਾ ਹੈ। ਪਰ ਹੁਣ ਯਾਤਰੀ ਅੰਮ੍ਰਿਤਸਰ ਤੋਂ ਰੋਜ਼ਾਨਾ ਕੁਆਲਾਲੰਪੁਰ ਜਾ ਸਕਣਗੇ ਜਾਂ ਉਧਰੋਂ ਆ ਸਕਣਗੇ। ਕੁਆਲਾਲੰਪੁਰ ਦੇ ਸਥਾਨਕ ਸਮੇਂ ਮੁਤਾਬਕ ਇਹ ਉਡਾਣ ਸ਼ਾਮੀਂ 6:10 ਵਜੇ ਚੱਲੇਗੀ ਤੇ ਭਾਰਤੀ ਸਮੇਂ ਮੁਤਾਬਕ ਰਾਤੀਂ 9:45 ਵਜੇ ਅੰਮ੍ਰਿਤਸਰ ਪੁੱਜੇਗੀ। ਫਿਰ ਵਾਪਸੀ ਲਈ ਅੰਮ੍ਰਿਤਸਰ ਤੋਂ ਇਹ ਫ਼ਲਾਈਟ ਰਾਤੀਂ 10:30 ਵਜੇ ਰਵਾਨਾ ਹੋ ਕੇ ਮਲੇਸ਼ੀਆ ਦੇ ਸਮੇਂ ਮੁਤਾਬਕ ਸਵੇਰੇ 6:50 ਵਜੇ ਕੁਆਲਾਲੰਪੁਰ ਪੁੱਜੇਗੀ।
ਇਸ ਉਡਾਣ ਦਾ ਸਮਾਂ ਕੁਝ ਇਸ ਹਿਸਾਬ ਨਾਲ਼ ਰੱਖਿਆ ਗਿਆ ਹੈ ਕਿ ਜੇ ਕਿਸੇ ਨੇ ਉਸ ਤੋਂ ਅਗਾਂਹ ਕਿਸੇ ਹੋਰ ਦੇਸ਼ ਜਾਂ ਮਲੇਸ਼ੀਆ 'ਚ ਹੀ ਕਿਤੇ ਹੋਰ ਜਾਣਾ ਹੋਵੇ, ਤਾਂ ਕੁਆਲਾਲੰਪੁਰ ਦੇ ਹਵਾਈ ਅੱਡੇ ਤੋਂ ਏਅਰ–ਏਸ਼ੀਆ ਦੀਆਂ ਹੀ ਕਈ ਹੋਰ ਉਡਾਣਾਂ ਦੇ ਵਿਕਲਪ ਯਾਤਰੀਆਂ ਲਈ ਮੌਜੂਦ ਰਹਿਣਗੇ।
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਲਗਭਗ 17-18 ਸਥਾਨਾਂ ਲਈ ਸਿੱਧੀਆਂ ਉਡਾਣਾਂ ਉਪਲਬਧ ਹਨ, ਜਿਨ੍ਹਾਂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੀਆਂ ਫ਼ਲਾਈਟਸ ਸ਼ਾਮਲ ਹਨ। ਇੱਥੋਂ ਸਭ ਤੋਂ ਵੱਧ ਉਡਾਣਾਂ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਲਈ ਰਵਾਨਾ ਹੁੰਦੀਆਂ ਹਨ; ਜੋ ਸਾਰੀਆਂ ਹੀ ਏਅਰਲਾਈਨਜ਼ – ਜਿਵੇਂ ਕਿ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਨਾਲ਼ ਸਬੰਧਤ ਹਨ।
ਇਸ ਤੋਂ ਇਲਾਵਾ ਇੱਥੋਂ ਹੀ ਮੁੰਬਈ, ਬੈਂਗਲੁਰੂ, ਹੈਦਰਾਬਾਦ, ਚੇਨਈ, ਕੋਲਕਾਤਾ, ਅਹਿਮਦਾਬਾਦ, ਕੋਚੀ, ਸ੍ਰੀਨਗਰ, ਗੁਹਾਟੀ ਆਦਿ ਜਿਹੇ ਭਾਰਤੀ ਸ਼ਹਿਰਾਂ ਲਈ ਉਡਾਣਾਂ ਉਪਲਬਧ ਹਨ। ਇਸ ਦੇ ਨਾਲ਼ ਹੀ ਅੰਮ੍ਰਿਤਸਰ ਤੋਂ ਦੁਬਈ ਏਅਰ ਇੰਡੀਆ ਐਕਸਪ੍ਰੈਸ ਤੇ ਸਪਾਈਸ ਜੈੱਟ ਏਅਰਲਾਈਨਜ਼ ਦੀਆਂ ਉਡਾਣਾਂ ਹਨ। ਏਅਰ ਇੰਡੀਆ ਐਕਸਪ੍ਰੈਸ ਤੇ ਇੰਡੀਗੋ ਦੀ ਇੱਕ ਉਡਾਣ ਸੰਯੁਕਤ ਅਰਬ ਅਮੀਰਾਤ (UAE) ਦੇ ਨਗਰ ਸ਼ਾਰਜਾਹ ਲਈ ਵੀ ਜਾਂਦੀ ਹੈ। ਇਸ ਦੇ ਨਾਲ਼ ਹੀ ਕਤਰ ਏਅਰਵੇਜ਼ ਦੀ ਇੱਕ ਉਡਾਣ ਦੋਹਾ, ਏਅਰ ਇੰਡੀਆ ਦੀ ਉਡਾਣ ਬਰਮਿੰਘਮ ਤੇ ਇੱਕ ਹੋਰ ਉਡਾਣ ਲੰਡਨ ਲਈ ਵੀ ਹੈ।
ਅੰਮ੍ਰਿਤਸਰ ਤੋਂ ਟੋਰੰਟੋ ਅਤੇ ਵੈਨਕੂਵਰ ਲਈ ਵੀ ਉਡਾਣਾਂ ਉਪਲਬਧ ਹਨ। ਦਰਅਸਲ, ਅੰਮ੍ਰਿਤਸਰ ਹਵਾਈ ਅੱਡਾ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ, ਖ਼ਾਸ ਕਰਕੇ ਯੂਕੇ ਅਤੇ ਖਾੜੀ ਦੇਸ਼ਾਂ ਲਈ ਅਹਿਮ ਗੇਟਵੇਅ ਹੈ। ਇੱਥੋਂ ਸਭ ਤੋਂ ਵੱਧ ਯਾਤਰੀ ਦਿੱਲੀ, ਦੁਬਈ ਅਤੇ ਸ਼ਾਰਜਾਹ ਨੂੰ ਜਾਂਦੇ ਹਨ।