ਬਠਿੰਡਾ DC ਦਫ਼ਤਰ ਸਾਹਮਣੇ ਹੋਵੇਗਾ ਵੱਡਾ ਇਕੱਠ, 6 ਮਾਰਚ ਨੂੰ ਜੁੜਨਗੇ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਵਿਦਿਆਰਥੀ

ਕਿਸਾਨ ਆਉਂਦੀ 6 ਮਾਰਚ ਨੂੰ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਇੱਕ ਵੱਡਾ ਇਕੱਠ ਕਰਨਗੇ। ਇਹ ਐਲਾਨ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀ ਦੀਆਂ ਵੱਖੋ–ਵੱਖਰੀਆਂ ਜਥੇਬੰਦੀਆਂ ਵੱਲੋਂ ਕੀਤਾ ਗਿਆ ਹੈ

Update: 2026-02-28 12:56 GMT

ਪੁਲਿਸ ਕਾਰਵਾਈਆਂ ਤੋਂ ਡਾਢੇ ਨਾਖ਼ੁਸ਼ ਹਨ ਕਿਸਾਨ

ਬਠਿੰਡਾ: ਕਿਸਾਨ ਆਉਂਦੀ 6 ਮਾਰਚ ਨੂੰ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਇੱਕ ਵੱਡਾ ਇਕੱਠ ਕਰਨਗੇ। ਇਹ ਐਲਾਨ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀ ਦੀਆਂ ਵੱਖੋ–ਵੱਖਰੀਆਂ ਜਥੇਬੰਦੀਆਂ ਵੱਲੋਂ ਕੀਤਾ ਗਿਆ ਹੈ। ਇਹ ਇਕੱਠ ਜਮਹੂਰੀ ਹੱਕਾਂ ਦੀ ਰਾਖੀ ਅਤੇ ਪੁਲਿਸ ਕਾਰਵਾਈਆਂ ਦੇ ਵਿਰੋਧ 'ਚ ਹੋਵੇਗਾ। ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਦੌਰਾਨ ਕਿਸਾਨਾਂ ਦੇ ਸ਼ਾਂਤਮਈ ਮੁਜ਼ਾਹਰਿਆਂ ਨੂੰ ਰੋਕਣ ਲਈ ਦਮਨਕਾਰੀ ਨੀਤੀ ਅਪਣਾਈ ਗਈ।

ਪਹਿਲਾਂ ਵੀ ਦੋ ਵਾਰ ਡੀਸੀ ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਪੁਲਿਸ ਨੇ ਪਹਿਲਾਂ ਹੀ ਜ਼ਬਰਦਸਤ ਨਾਕੇ ਲਾ ਕੇ ਕਿਸਾਨਾਂ ਨੂੰ ਰਾਹਾਂ 'ਚ ਹੀ ਰੋਕ ਦਿੱਤਾ ਸੀ। ਜਿਸ ਕਾਰਣ ਉਨ੍ਹਾਂ ਦੇ ਸਾਰੇ ਪ੍ਰੋਗਰਾਮ ਨਾਕਾਮ ਹੋ ਕੇ ਰਹਿ ਗਏ ਸਨ।

ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਬਠਿੰਡਾ ਲਾਗਲੇ ਪਿੰਡ ਜਿਉਂਦ 'ਚ ਪੁਲਿਸ ਨੇ ਕਿਸਾਨਾਂ ਉਤੇ ਹੰਝੂ–ਗੈਸ ਦੇ ਗੋਲ਼ੇ ਸੁੱਟੇ ਤੇ ਲਾਠੀਚਾਰਜ ਵੀ ਕੀਤਾ। ਅਜਿਹੇ ਦੋਸ਼ ਵੀ ਲੱਗੇ ਹਨ ਕਿ ਇੱਕ ਕਿਸਾਨ ਦੀਆਂ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ। ਕਿਸਾਨ ਯੂਨੀਅਨਾਂ ਦੇ ਲੀਡਰਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ।

ਹੁਣ ਕਿਸਾਨ ਨੇਤਾਵਾਂ ਨੇ ਬਠਿੰਡਾ ਦੇ SSP ਜਿਓਤੀ ਯਾਦਵ ਨੂੰ ਚੁਣੌਤੀ ਦਿੱਤੀ ਹੈ ਕਿ ਪ੍ਰਸ਼ਾਸਨ ਆਉਂਦੀ ਛੇ ਮਾਰਚ ਦਾ ਸ਼ਾਂਤਮਈ ਇਕੱਠ ਰੋਕ ਕੇ ਵਿਖਾਏ। ਉਨ੍ਹਾਂ ਕਿਹਾ ਹੈ ਕਿ ਸ਼ਾਂਤੀਪੂਰਨ ਇਕੱਠ ਕਰਨਾ ਕਿਸਾਨਾਂ ਦਾ ਹੱਕ ਹੈ ਤੇ ਇਸ ਲਈ ਕਿਸਾਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਕਿਸਾਨਾਂ ਦੇ ਇਸ ਇਕੱਠ ਨੂੰ ਮਜ਼ਦੂਰ, ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਨੇ ਆਪਣੀ ਮੁਕੰਮਲ ਹਮਾਇਤ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ।

ਕਿਸਾਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਆਉਂਦੀ ਛੇ ਮਾਰਚ ਦਾ ਇਕੱਠ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਮੌਕੇ ਹੋਣ ਵਾਲ਼ੀ ਕਿਸੇ ਵੀ ਨਾਂਹ–ਪੱਖੀ ਗੜਬੜੀ ਲਈ ਸਿਰਫ਼ ਤੇ ਸਿਰਫ਼ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ।

Tags:    

Similar News