ਭਾਰਤ ਸਰਕਾਰ ਕਰੇਗੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਬਹਾਲ, ਮੰਤਰੀ ਨੇ MP ਸਤਨਾਮ ਸਿੰਘ ਸੰਧੂ ਨੂੰ ਦਿੱਤਾ ਭਰੋਸਾ

ਭਾਰਤ ਸਰਕਾਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਬਹਾਲ ਕਰੇਗੀ। ਇਹ ਭਰੋਸਾ ਕੇਂਦਰੀ ਮੰਤਰੀ ਨੇ ਅੱਜ ਰਾਜ ਸਭਾ 'ਚ ਦਿੱਤਾ ਹੈ। ਦਰਅਸਲ, ਭਾਰਤੀ ਜਨਤਾ ਪਾਰਟੀ ਦੇ MP ਅਤੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਅੱਜ ਰਾਜ ਸਭਾ 'ਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮੁੱਦਾ ਉਠਾਇਆ ਸੀ

Update: 2026-03-12 19:40 GMT

'ਗਿਆਨ ਭਾਰਤਮ ਮਿਸ਼ਨ' ਕੀਤਾ ਜਾਵੇਗਾ ਇਹ ਵੱਡਾ ਕੰਮ

ਨਵੀਂ ਦਿੱਲੀ: ਭਾਰਤ ਸਰਕਾਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਬਹਾਲ ਕਰੇਗੀ। ਇਹ ਭਰੋਸਾ ਕੇਂਦਰੀ ਮੰਤਰੀ ਨੇ ਅੱਜ ਰਾਜ ਸਭਾ 'ਚ ਦਿੱਤਾ ਹੈ। ਦਰਅਸਲ, ਭਾਰਤੀ ਜਨਤਾ ਪਾਰਟੀ ਦੇ MP ਅਤੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਅੱਜ ਰਾਜ ਸਭਾ 'ਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮੁੱਦਾ ਉਠਾਇਆ ਸੀ।

ਸਤਨਾਮ ਸਿੰਘ ਸੰਧੂ ਨੇ ਸਦਨ ਨੂੰ ਦੱਸਿਆ ਕਿ ਇਹ ਲਾਇਬ੍ਰੇਰੀ 1946 'ਚ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਸਥਾਪਤ ਕੀਤੀ ਗਈ ਸੀ। ਇਸ ਵਿੱਚ 20 ਹਜ਼ਾਰ ਤੋਂ ਵੀ ਵੱਧ ਦੁਰਲੱਭ ਧਾਰਮਿਕ ਹੱਥ–ਲਿਖਤਾਂ ਸਨ। ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ–ਲਿਖਤ ਸਰੂਪ ਵੀ ਸ਼ਾਮਲ ਸਨ।

ਇੱਕ ਆਮ ਪੱਤਰਕਾਰ ਤੋਂ ਯੂਨੀਵਰਸਿਟੀ ਦੇ ਬਾਨੀ ਤੇ ਫਿਰ ਰਾਜ ਸਭਾ ਮੈਂਬਰ ਬਣੇ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੂਰਾ ਸਿੱਖ ਇਤਿਹਾਸ ਮੌਜੂਦ ਸੀ। 'ਜੂਨ 1984 'ਚ ਜਦੋਂ 'ਆਪਰੇਸ਼ਨ ਬਲੂ–ਸਟਾਰ' ਦੌਰਾਨ ਸ੍ਰੀ ਹਰਿਮੰਦਰ ਸਾਹਿਬ ਉਤੇ ਫ਼ੌਜੀ ਹਮਲਾ ਕੀਤਾ ਗਿਆ। ਤਦ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ–ਢੇਰੀ ਕਰ ਦਿੱਤਾ ਗਿਆ ਸੀ। ਤਦ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਅੱਗ ਲਾ ਦਿੱਤੀ ਗਈ ਸੀ। ਇਹ ਬਿਲਕੁਲ ਉਵੇਂ ਹੀ ਹੋਇਆ ਸੀ, ਜਿਵੇਂ ਤਕਸ਼ਿਲਾ ਤੇ ਨਾਲੰਦਾ ਯੂਨੀਵਰਸਿਟੀਆਂ ਦਾ ਅਮੀਰ ਇਤਿਹਾਸ ਸਾੜਿਆ ਗਿਆ ਸੀ।'

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਜ਼ਬਾਤੀ ਰੌਂਅ ਵਿੱਚ ਆਪਣਾ ਭਾਸ਼ਣ ਜਾਰੀ ਰੱਖਦਿਆਂ ਅੱਗੇ ਕਿਹਾ ਕਿ – 'ਤਦ ਉਸ ਬਲੂ–ਸਟਾਰ ਆਪਰੇਸ਼ਨ ਦੌਰਾਨ ਸਿੱਖ ਇਤਿਹਾਸ ਸਾੜਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਸਾੜ ਦਿੱਤੀ ਗਈ।'

ਉਨ੍ਹਾਂ ਸਦਨ 'ਚ ਸੁਆਲ ਕੀਤਾ ਕਿ ਕੀ ਡਿਜੀਟਲ ਤੇ ਅਤਿ–ਆਧੁਨਿਕ AI ਤਕਨੀਕ ਤੇ ਮਲਟੀ–ਸਪੈਕਟਰਲ ਇਮੇਜਿੰਗ ਰਾਹੀਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਮੁੜ ਤਿਆਰ ਕੀਤਾ ਜਾ ਸਕਦਾ ਹੈ?

ਸੰਧੂ ਹੁਰਾਂ ਨੇ 2024 'ਚ ਵੀ ਇਹ ਮੁੱਦਾ ਸਦਨ 'ਚ ਚੁੱਕਿਆ ਸੀ।

ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ MP ਸੰਧੂ ਦੇ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਕਿਸੇ ਵੀ ਕੁਦਰਤੀ ਆਫ਼ਤ ਜਾਂ ਮਨੁੱਖ ਵੱਲੋਂ ਲਿਆਂਦੀ ਗਈ ਆਫ਼ਤ ਰਾਹੀਂ ਤਬਾਹ ਹੋਈ ਵਿਰਾਸਤਾਂ ਨੂੰ ਬਹਾਲ ਕਰਨ ਤੇ ਰੱਖਣ ਲਈ ਹੀ 'ਗਿਆਨ ਭਾਰਤਮ ਮਿਸ਼ਨ' ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਹੈ।

ਮੰਤਰੀ ਨੇ ਇਸ ਤੱਥ ਉਤੇ ਦੁੱਖ ਪ੍ਰਗਟਾਇਆ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਜਿਹੀ ਧਾਰਮਿਕ ਵਿਰਾਸਤ ਤੱਕ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ ਗਿਆ ਸੀ। ਸਰਕਾਰ ਹੁਣ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਵਿਰਾਸਤਾਂ ਨੂੰ ਸੰਭਾਲਣ, ਉਨ੍ਹਾਂ ਨੂੰ ਬਹਾਲ ਕਰਨ ਤੇ ਉਨ੍ਹਾਂ ਦਾ ਰੱਖ–ਰਖਾਅ ਕਰਨ ਦੇ ਵੱਡੇ ਉਪਰਾਲੇ ਕਰ ਰਹੀ ਹੈ। ਅਜਿਹੀਆਂ ਚੀਜ਼ਾਂ ਨੂੰ ਡਿਜੀਟਾਈਜ਼ ਵੀ ਕੀਤਾ ਜਾ ਰਿਹਾ ਹੈ ਤੇ ਨਾਲ਼ ਹੀ ਉਨ੍ਹਾਂ ਦੀ ਇਮੇਜਿੰਗ ਵਿੱਚ ਸੁਧਾਰ ਵੀ ਲਿਆਂਦਾ ਜਾ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਨੇੜ ਭਵਿੱਖ 'ਚ MP ਸਤਨਾਮ ਸਿੰਘ ਸੰਧੂ ਨਾਲ਼ ਵਿਚਾਰ–ਵਟਾਂਦਰਾ ਕਰ ਕੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਬਹਾਲ ਕਰਨ ਦਾ ਕੰਮ ਵੀ ਅਰੰਭ ਕੀਤਾ ਜਾ ਸਕਦਾ ਹੈ।

Tags:    

Similar News