ਪੰਜਾਬ ਦੇ ਸਾਬਕਾ ਮੰਤਰੀ ਪੁਲਿਸ ਹਿਰਾਸਤ 'ਚ, ਖੰਨਾ ਪੁਲਿਸ ਨੇ ਕੀਤੀ ਸਖ਼ਤ ਕਾਰਵਾਈ

ਪੰਜਾਬ ਦੇ ਸਾਬਕਾ ਮੰਤਰੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਦਰਅਸਲ, ਬਲਾਕ ਕਮੇਟੀ ਦੇ ਚੇਅਰਮੈਨ ਦੀ ਚੋਣ ਖ਼ਿਲਾਫ਼ ਕਾਂਗਰਸੀ ਪ੍ਰਦਰਸ਼ਨਕਾਰੀਆਂ ਦਆ ਇੱਕ ਇਕੱਠ ਬੀਡੀਪੀਓ ਦਫ਼ਤਰ ਨੂੰ ਤਾਲ਼ਾ ਲਾਉਣ ਜਾ ਰਿਹਾ ਸੀ

Update: 2026-03-16 15:14 GMT

ਬੀਡੀਪੀਓ ਦਫ਼ਤਰ ਨੂੰ ਕਰ ਰਹੇ ਸਨ ਤਾਲ਼ਾ ਲਾਉਣ ਦੀ ਕੋਸ਼ਿਸ਼

ਖੰਨਾ: ਪੰਜਾਬ ਦੇ ਸਾਬਕਾ ਮੰਤਰੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਦਰਅਸਲ, ਬਲਾਕ ਕਮੇਟੀ ਦੇ ਚੇਅਰਮੈਨ ਦੀ ਚੋਣ ਖ਼ਿਲਾਫ਼ ਕਾਂਗਰਸੀ ਪ੍ਰਦਰਸ਼ਨਕਾਰੀਆਂ ਦਆ ਇੱਕ ਇਕੱਠ ਬੀਡੀਪੀਓ ਦਫ਼ਤਰ ਨੂੰ ਤਾਲ਼ਾ ਲਾਉਣ ਜਾ ਰਿਹਾ ਸੀ। ਅੱਜ ਬਲਾਕ ਕਮੇਟੀ ਦੇ ਚੇਅਰਮੈਨ ਤੇ ਵਾਈਸ–ਚੇਅਰਮੈਨ ਦੀ ਚੋਣ ਦਾ ਵਿਰੋਧ ਕਰਦਿਆਂ ਅੱਜ ਸੋਮਵਾਰ ਨੂੰ ਖੰਨਾ ਸ਼ਹਿਰ ਵਿੱਚ ਮਾਹੌਲ ਕੁਝ ਤਣਾਅ ਵਾਲ਼ਾ ਬਣਿਆ ਰਿਹਾ।

ਪੁਲਿਸ ਨੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਹਿਰਾਸਤ 'ਚ ਲੈ ਲਿਆ। ਉਹ ਸਾਰੇ ਬੀਡੀਪੀਓ ਦੇ ਦਫ਼ਤਰ ਤਾਲ਼ਾ ਲਾਉਣ ਦੀ ਕੋਸ਼ਿਸ਼ ਕਰਦੇ ਹੋਏ ਅੱਗੇ ਵਧ ਰਹੇ ਸਨ। ਕਾਂਗਰਸ ਪਾਰਟੀ ਨੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਆਪਣੇ ਵਿਰੋਧ ਪ੍ਰਦਰਸ਼ਨ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਸੀ। ਇਸੇ ਲਈ ਖੰਨਾ ਸ਼ਹਿਰ ਦੀ ਪੁਲਿਸ ਅੱਜ ਸਵੇਰ ਵੇਲੇ ਤੋਂ ਹੀ ਹਾਈ ਅਲਰਟ 'ਤੇ ਸੀ। ਭਾਰੀ ਮਾਤਰਾ 'ਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ।

ਕਾਂਗਰਸੀ ਆਗੂ ਤੇ ਹੋਰ ਪਾਰਟੀ ਕਾਰਕੁੰਨ ਪਹਿਲਾਂ ਸਮਰਾਲ਼ਾ ਚੌਕ 'ਚ ਇਕੱਠੇ ਹੋਏ। ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਕਾਰਕੁੰਨਾਂ ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਬਲਾਕ ਕਮੇਟੀ ਚੋਣਾਂ ਬਿਲਕੁਲ ਵੀ ਜਮਹੂਰੀ ਢੰਗ ਨਾਲ਼ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਮੈਂਬਰ ਸਿਰਫ਼ ਛੇ ਸਨ ਪਰ ਫਿਰ ਵੀ ਚੇਅਰਮੈਨ ਅਤੇ ਵਾਈਸ–ਚੇਅਰਮੈਨਦੇ ਅਹੁਦਿਆਂ ਲਈ ਆਪਣੇ ਉਮੀਦਵਾਰਾਂ ਨੂੰ ਜ਼ਬਰਦਸਤੀ ਬਿਠਾਇਆ ਗਿਆ। ਦੋਸ਼ ਹੈ ਕਿ ਇਹ ਘਟਨਾ 16 ਮੈਂਬਰਾਂ ਦੀ ਮੌਜੂਦਗੀ ਵਿੱਚ ਵਾਪਰੀ। ਆਮ ਆਦਮੀ ਪਾਰਟੀ ਕੋਲ਼ ਬਹੁਮੱਤ ਵੀ ਨਹੀਂ ਹੈ।

ਗੁਰਕੀਰਤ ਸਿੰਘ ਕੋਟਲੀ ਤੇ ਹੋਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮਾਮਲੇ ਉਤੇ ਹੁਣ ਚੁੱਪ ਨਹੀਂ ਬੈਠੇਗੀ। ਜਮਹੂਰੀਅਤ ਦੀ ਰਾਖੀ ਲਈ ਸੰਘਰਸ਼ ਚਲਾਇਆ ਜਾਵੇਗਾ। ਅਜਿਹੇ ਮੁੱਦਿਆਂ ਨੂੰ ਲੈ ਕੇ ਜਦੋਂ ਸ੍ਰੀ ਕੋਟਲੀ ਤੇ ਉਨ੍ਹਾਂ ਦੇ ਸਮਰਥਕ ਅੱਗੇ ਵਧਣ ਲੱਗੇ, ਤਾਂ ਪੁਲਿਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਘੇਰ ਕੇ ਰੋਕ ਲਿਆ। ਪੁਲਿਸ ਨੇ ਸਭ ਤੋਂ ਪਹਿਲਾਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਆਪਣੀ ਹਿਰਾਸਤ ਵਿੱਚ ਲਿਆ।

ਫਿਰ ਦੋ ਬੱਸਾਂ ਰਾਹੀਂ ਉਨ੍ਹਾਂ ਨੂੰ ਕਿਤੇ ਦੂਰ ਲਿਜਾਂਦਾ ਗਿਆ। ਇੰਝ ਬੀਡੀਪੀਓ ਦਫ਼ਤਰ ਨੂੰ ਜਿੰਦਰਾ ਲਾਉਣ ਦੀ ਕਾਂਗਰਸ ਦੀ ਕੋਸ਼ਿਸ਼ ਪੂਰੀ ਤਰ੍ਹਾਂ ਨਾਕਾਮ ਕਰ ਦਿੱਤੀ ਗਈ। ਮੌਕੇ 'ਤੇ ਭਾਰੀ ਪੁਲਿਸ ਤਾਇਨਾਤ ਰਹੇ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਾਬਕਾ ਮੰਤਰੀ ਨੂੰ ਜੇ ਹਿਰਾਸਤ 'ਚ ਨਾ ਲਿਆ ਜਾਂਦਾ, ਤਾਂ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਖ਼ਤਰਾ ਵੀ ਪੈਦਾ ਹੋ ਸਕਦਾ ਸੀ।

ਉਧਰ ਗੁਰਕੀਰਤ ਸਿੰਘ ਕੋਟਲੀ ਨੇ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਕਿਹਾ ਕਿ ਉਹ ਕਦੇ ਵੀ ਅਜਿਹੀਆਂ ਸਰਕਾਰੀ ਕਾਰਵਾਈਆਂ ਤੋਂ ਡਰਨ ਵਾਲ਼ੇ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਲਾਕ ਕਮੇਟੀ ਜਿਹੀਆਂ ਚੋਣਾਂ ਦੌਰਾਨ ਵੀ ਜਮਹੂਰੀਅਤ ਦਾ ਕਤਲ ਕਰ ਦਿੱਤਾ ਹੈ। ਕਾਂਗਰਸ ਪਾਰਟੀ ਅਜਿਹੀ ਸਥਿਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਜੇ ਲੋੜ ਪਈ, ਤਾਂ ਕਾਨੂੰਨੀ ਜੰਗ ਵੀ ਲੜੀ ਜਾਵੇਗੀ।

Tags:    

Similar News