ਸੰਤ ਢੱਡਰੀਆਂ ਵਾਲ਼ੇ ਦੀ ਵਧੀ ਮੁਸੀਬਤ, ਫ਼ਤਹਿਗੜ੍ਹ ਸਾਹਿਬ ਅਦਾਲਤ ਵੱਲੋਂ ਸੰਮਨ ਜਾਰੀ
ਉਘੇ ਸਿੱਖ ਪ੍ਰਚਾਰਕ ਅਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ, ਪਟਿਆਲਾ ਦੇ ਮੁਖੀ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਲਈ ਮੁਸੀਬਤਾਂ ਹੁਣ ਵਧਦੀਆਂ ਜਾ ਰਹੀਆਂ ਹਨ। ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ ਮਾਣਹਾਨੀ ਦੇ ਇੱਕ ਪੁਰਾਣੇ ਮਾਮਲੇ ਵਿੱਚ ਉਨ੍ਹਾਂ ਖਿਲਾਫ਼ ਸੰਮਨ ਜਾਰੀ ਹੋ ਗਏ ਹਨ
ਅਦਾਲਤ 'ਚ ਪੇਸ਼ ਹੋ ਕੇ ਲੈਣੀ ਪੈ ਸਕਦੀ ਹੈ ਜ਼ਮਾਨਤ
ਫ਼ਤਹਿਗੜ੍ਹ ਸਾਹਿਬ: ਉਘੇ ਸਿੱਖ ਪ੍ਰਚਾਰਕ ਅਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ, ਪਟਿਆਲਾ ਦੇ ਮੁਖੀ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਲਈ ਮੁਸੀਬਤਾਂ ਹੁਣ ਵਧਦੀਆਂ ਜਾ ਰਹੀਆਂ ਹਨ। ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ ਮਾਣਹਾਨੀ ਦੇ ਇੱਕ ਪੁਰਾਣੇ ਮਾਮਲੇ ਵਿੱਚ ਉਨ੍ਹਾਂ ਖਿਲਾਫ਼ ਸੰਮਨ ਜਾਰੀ ਹੋ ਗਏ ਹਨ। ਇਸ ਨਾਲ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਜ਼ਮਾਨਤ ਲੈਣੀ ਪੈ ਸਕਦੀ ਹੈ। ਅਗਲੀ ਸੁਣਵਾਈ 24 ਮਾਰਚ ਨੂੰ ਹੋਣੀ ਤੈਅ ਹੋਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਫਤਿਹਗੜ੍ਹ ਸਾਹਿਬ) ਨੇ 2019 ਵਿੱਚ ਢੱਡਰੀਆਂਵਾਲੇ ਖਿਲਾਫ਼ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਸੀ। ਰੰਧਾਵਾ ਅਨੁਸਾਰ, ਢੱਡਰੀਆਂਵਾਲੇ ਨੇ ਆਪਣੇ ਚਲਦੇ ਦੀਵਾਨਾਂ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਅਤੇ ਸਿੱਖ ਪ੍ਰਚਾਰਕ ਭਾਈ ਹਰੀ ਸਿੰਘ ਰੰਧਾਵਾ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ।
ਦੋਸ਼ਾਂ ਦੇ ਜਵਾਬ ਵਿੱਚ ਰੰਧਾਵਾ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਭਾਈ ਹਰੀ ਸਿੰਘ ਰੰਧਾਵਾ ਨੇ ਗੁਰੂ ਗ੍ਰੰਥ ਸਾਹਿਬ ਦੀ ‘ਸਟੀਕ’ ਵਿਆਖਿਆ ਲਿਖੀ ਹੈ ਅਤੇ ਉਨ੍ਹਾਂ ਦੇ ਬਹੁਤ ਸਾਰੇ ਵਿਦਵਾਨ ਚੇਲੇ ਹਨ। ਸੰਤ ਢੱਡਰੀਆਂਵਾਲੇ ਉਤੇ ਰੰਧਾਵਾ ਹੁਰਾਂ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਗਿਆ ਹੈ।
ਢੱਡਰੀਆਂਵਾਲੇ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਤਰਕਪੂਰਨ ਗੱਲਾਂ ਕਰਦੇ ਹਨ ਅਤੇ ਕੁਝ ਪ੍ਰਚਾਰਕ ਸਿੱਖੀ ਨੂੰ ਗ਼ਲਤ ਰੂਪ ਵਿੱਚ ਪੇਸ਼ ਕਰਦੇ ਹਨ।
ਸਤੰਬਰ 2019 'ਚ ਫਤਿਹਗੜ੍ਹ ਸਾਹਿਬ ਦੀ ਹੇਠਲੀ ਅਦਾਲਤ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਸੀ। ਰੰਧਾਵਾ ਪਰਿਵਾਰ ਵੱਲੋਂ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਰਨੀ ਨੇ ਇਹ ਮੁਕੱਦਮਾ ਦਾਇਰ ਕੀਤਾ ਸੀ।
ਸਤੰਬਰ 2021 'ਚ ਰੰਧਾਵਾ ਨੇ ਹੇਠਲੀ ਅਦਾਲਤ ਦੀ ਕਾਰਵਾਈ ਤੋਂ ਅਸੰਤੁਸ਼ਟ ਹੋ ਕੇ ਫਤਿਹਗੜ੍ਹ ਸਾਹਿਬ ਦੀ ਸੈਸ਼ਨ ਅਦਾਲਤ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ।
ਦਸੰਬਰ 2024 ਤੱਕ ਇਸ ਕੇਸ ਉਤੇ ਬਹਿਸ ਚੱਲ ਰਹੀ ਸੀ। ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਜਸਟਿਸ ਜਗਵੀਰ ਸਿੰਘ ਮਹਿੰਦੀ ਰੱਤਾ ਨੇ ਰਿਵੀਜ਼ਨ ਪਟੀਸ਼ਨ ਮਨਜ਼ੂਰ ਕਰਦਿਆਂ ਹੇਠਲੀ ਅਦਾਲਤ ਨੂੰ ਹੁਕਮ ਦਿੱਤੇ ਕਿ ਸੰਤ ਢੱਡਰੀਆਂਵਾਲੇ ਨੂੰ ਸੰਮਨ ਜਾਰੀ ਕਰਕੇ ਕੇਸ ਚਲਾਇਆ ਜਾਵੇ ਅਤੇ ਅਦਾਲਤ ਵਿੱਚ ਤਲਬ ਕੀਤਾ ਜਾਵੇ।
ਐਡਵੋਕੇਟ ਧਰਨੀ ਨੇ ਕਿਹਾ ਕਿ “ਹੇਠਲੀ ਅਦਾਲਤ ਨੇ ਪਹਿਲਾਂ ਸੰਮਨ ਜਾਰੀ ਨਹੀਂ ਕੀਤੇ ਸਨ। ਰਿਵੀਜ਼ਨ ਰਾਹੀਂ ਇਸ ਨੂੰ ਚੈਲੇਂਜ ਕੀਤਾ ਗਿਆ ਅਤੇ ਹੁਣ ਹੁਕਮ ਹੋ ਗਏ ਹਨ।” ਸੰਮਨ ਜਾਰੀ ਹੋਣ ਤੋਂ ਬਾਅਦ ਢੱਡਰੀਆਂਵਾਲੇ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਜ਼ਮਾਨਤ ਲੈਣੀ ਪਵੇਗੀ, ਨਹੀਂ ਤਾਂ ਅਦਾਲਤ ਸਖ਼ਤ ਕਾਰਵਾਈ ਕਰ ਸਕਦੀ ਹੈ।
ਭਾਈ ਹਰੀ ਸਿੰਘ ਰੰਧਾਵਾ ਇੱਕ ਮਸ਼ਹੂਰ ਸਿੱਖ ਪ੍ਰਚਾਰਕ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਲਿਖੀ। ਉਨ੍ਹਾਂ ਦੇ ਚੇਲੇ ਬਹੁਤ ਸਾਰੇ ਵਿਦਵਾਨ ਹਨ। ਪੁੱਤਰ ਗੁਰਪ੍ਰੀਤ ਸਿੰਘ SGPC ਮੈਂਬਰ ਹਨ ਅਤੇ ਇਸ ਮਾਮਲੇ ਵਿੱਚ ਆਪਣੀ ਤੇ ਪਿਤਾ ਦੀ ਸਾਖ ਦੀ ਰੱਖਿਆ ਲਈ ਅਦਾਲਤ ਗਏ ਹਨ।
ਇਸ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਚਰਚਾ ਤੇਜ਼ ਕਰ ਦਿੱਤੀ ਹੈ। ਇੱਕ ਪਾਸੇ ਢੱਡਰੀਆਂਵਾਲੇ ਦੇ ਸਮਰਥਕ ਇਸ ਨੂੰ ‘ਰਾਜਨੀਤਿਕ ਤੇ ਵਿਰੋਧੀਆਂ ਵੱਲੋਂ ਤੰਗ ਕਰਨ’ ਵਾਲੀ ਸਾਜ਼ਿਸ਼ ਕਹਿ ਰਹੇ ਹਨ, ਤਾਂ ਦੂਜੇ ਪਾਸੇ ਰੰਧਾਵਾ ਪਰਿਵਾਰ ਤੇ SGPC ਵਾਲੇ ਇਸ ਨੂੰ ਸਾਖ ਰੱਖਿਆ ਦਾ ਮਾਮਲਾ ਬਣਾ ਰਹੇ ਹਨ। ਕਾਨੂੰਨੀ ਮਾਹਿਰਾਂ ਅਨੁਸਾਰ ਜੇ ਢੱਡਰੀਆਂਵਾਲੇ ਸੰਮਨ ‘ਤੇ ਪੇਸ਼ ਨਾ ਹੋਏ ਤਾਂ ਵਾਰੰਟ ਜਾਰੀ ਹੋ ਸਕਦੇ ਹਨ।
ਇਸ ਵੇਲੇ ਸਾਰੀਆਂ ਨਜ਼ਰਾਂ ਆਉਂਦੀ 24 ਮਾਰਚ ਵਾਲੀ ਸੁਣਵਾਈ ‘ਤੇ ਹਨ, ਜਿਸ ਵਿੱਚ ਕੇਸ ਦੀ ਅਗਲੀ ਰੂਪ–ਰੇਖਾ ਤੈਅ ਹੋਵੇਗੀ।