ਕੇਂਦਰ ਸਰਕਾਰ ਦਾ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ, ਦਿਵਾਲੀ ਤੋਂ ਪਹਿਲਾਂ ਬੋਨਸ ਦੇਣ ਦਾ ਐਲਾਨ
ਦਿਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਆਪਣੇ ਲੱਖਾਂ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਮੋਦੀ ਸਰਕਾਰ ਨੇ ਕੇਂਦਰ ਸਰਕਾਰ ਦੇ ਗਰੁੱਪ 'C' ਅਤੇ ਗੈਰ-ਗਜ਼ਟਿਡ ਗਰੁੱਪ 'B' ਦੇ ਕਰਮਚਾਰੀਆਂ ਲਈ 30 ਦਿਨਾਂ ਦੀ ਤਨਖਾਹ ਦੇ ਬਰਾਬਰ ਐਡ-ਹਾਕ ਬੋਨਸ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਇੱਕ ਹੁਕਮ ਅਨੁਸਾਰ, ਵਿੱਤੀ ਸਾਲ 2024-25 ਲਈ ਇਹ ਬੋਨਸ ਰਾਸ਼ੀ ₹6,908 ਨਿਰਧਾਰਤ ਕੀਤੀ ਗਈ ਹੈ।
ਨਵੀਂ ਦਿੱਲੀ (ਗੁਰਪਿਆਰ ਥਿੰਦ): ਦਿਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਆਪਣੇ ਲੱਖਾਂ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਮੋਦੀ ਸਰਕਾਰ ਨੇ ਕੇਂਦਰ ਸਰਕਾਰ ਦੇ ਗਰੁੱਪ 'C' ਅਤੇ ਗੈਰ-ਗਜ਼ਟਿਡ ਗਰੁੱਪ 'B' ਦੇ ਕਰਮਚਾਰੀਆਂ ਲਈ 30 ਦਿਨਾਂ ਦੀ ਤਨਖਾਹ ਦੇ ਬਰਾਬਰ ਐਡ-ਹਾਕ ਬੋਨਸ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਇੱਕ ਹੁਕਮ ਅਨੁਸਾਰ, ਵਿੱਤੀ ਸਾਲ 2024-25 ਲਈ ਇਹ ਬੋਨਸ ਰਾਸ਼ੀ ₹6,908 ਨਿਰਧਾਰਤ ਕੀਤੀ ਗਈ ਹੈ।
ਸਿਰਫ ਯੋਗਤਾਵਾਂ ਪੂਰੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਹੀ ਮਿਲੇਗਾ ਇਹ ਬੋਨਸ, ਜਾਣੋ ਕਿਹੜੀਆਂ ਹਨ ਉਹ ਯੋਗਤਾਵਾਂ:
1. ਉਹ ਸਾਰੇ ਕਰਮਚਾਰੀ ਜੋ 31 ਮਾਰਚ, 2025 ਤੱਕ ਸੇਵਾ ਵਿੱਚ ਸਨ ਅਤੇ ਜਿਨ੍ਹਾਂ ਨੇ 2024-25 ਦੌਰਾਨ ਘੱਟੋ-ਘੱਟ ਛੇ ਮਹੀਨੇ ਤੱਕ ਲਗਾਤਾਰ ਕੰਮ ਕੀਤਾ ਹੋਵੇ। ਜੇਕਰ ਕਿਸੇ ਕਰਮਚਾਰੀ ਨੇ ਪੂਰਾ ਸਾਲ ਕੰਮ ਨਹੀਂ ਕੀਤਾ ਹੈ, ਤਾਂ ਉਸਨੂੰ ਕੰਮ ਕੀਤੇ ਗਏ ਮਹੀਨਿਆਂ ਦੇ ਅਨੁਪਾਤ ਦੇ ਆਧਾਰ ਉੱਤੇ ਹੀ ਬੋਨਸ ਦਿੱਤਾ ਜਾਵੇਗਾ।
2. ਕੇਂਦਰੀ ਪੈਰਾ-ਮਿਲਟਰੀ ਬਲਾਂ ਅਤੇ ਹਥਿਆਰਬੰਦ ਬਲਾਂ ਦੇ ਯੋਗ ਕਰਮਚਾਰੀ ਵੀ ਇਸ ਬੋਨਸ ਦੇ ਦਾਇਰੇ ਵਿੱਚ ਆਉਣਗੇ। ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਹ ਕਰਮਚਾਰੀ ਜੋ ਕੇਂਦਰ ਸਰਕਾਰ ਦੇ ਤਨਖਾਹ ਢਾਂਚੇ ਉੱਤੇ ਕੰਮ ਕਰਦੇ ਹਨ ਅਤੇ ਕਿਸੇ ਹੋਰ ਬੋਨਸ ਦੇ ਯੋਗ ਨਹੀਂ ਹਨ, ਉਨ੍ਹਾਂ ਨੂੰ ਵੀ ਇਹ ਲਾਭ ਮਿਲੇਗਾ।
3. ਬਿਨਾਂ ਕਿਸੇ ਬ੍ਰੇਕ ਦੇ ਸੇਵਾ ਦੇਣ ਵਾਲੇ ਐਡ-ਹਾਕ ਕਰਮਚਾਰੀ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਨਿਰਧਾਰਤ ਦਿਨਾਂ ਤੱਕ ਕੰਮ ਕਰਨ ਵਾਲੇ ਆਰਜ਼ੀ ਮਜ਼ਦੂਰ ਵੀ ਇਸ ਬੋਨਸ ਦੇ ਯੋਗ ਹੋਣਗੇ। ਆਰਜ਼ੀ ਮਜ਼ਦੂਰਾਂ ਲਈ ਇਹ ਬੋਨਸ ਰਾਸ਼ੀ ₹1,184 ਤੈਅ ਕੀਤੀ ਗਈ ਹੈ।
ਕਿਵੇਂ ਕੀਤੀ ਜਾਵੇਗੀ ਬੋਨਸ ਦੀ ਗਣਨਾ:
ਇਸ ਐਡ-ਹਾਕ ਬੋਨਸ ਦੀ ਗਣਨਾ ₹7,000 ਦੀ ਵੱਧ ਤੋਂ ਵੱਧ ਮਾਸਿਕ ਤਨਖਾਹ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ।
ਜਿਹੜੇ ਕਰਮਚਾਰੀ 31 ਮਾਰਚ, 2025 ਤੋਂ ਪਹਿਲਾਂ ਸੇਵਾਮੁਕਤ ਹੋਏ, ਅਸਤੀਫ਼ਾ ਦਿੱਤਾ ਜਾਂ ਜਿਨ੍ਹਾਂ ਦੀ ਮੌਤ ਹੋ ਗਈ, ਉਹ ਵੀ ਪ੍ਰੋ-ਰਾਟਾ ਆਧਾਰ ਉੱਤੇ ਬੋਨਸ ਦੇ ਯੋਗ ਹੋਣਗੇ, ਬਸ਼ਰਤੇ ਉਨ੍ਹਾਂ ਨੇ ਘੱਟੋ-ਘੱਟ ਛੇ ਮਹੀਨੇ ਦੀ ਸੇਵਾ ਪੂਰੀ ਕੀਤੀ ਹੋਵੇ। ਜਿਹੜੇ ਕਰਮਚਾਰੀ ਡੈਪੂਟੇਸ਼ਨ 'ਤੇ ਕਿਸੇ ਹੋਰ ਸੰਸਥਾ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਬੋਨਸ ਦਾ ਭੁਗਤਾਨ ਉਨ੍ਹਾਂ ਦੀ ਮੌਜੂਦਾ ਸੰਸਥਾ ਦੁਆਰਾ ਕੀਤਾ ਜਾਵੇਗਾ, ਜੇਕਰ ਉੱਥੇ ਅਜਿਹੇ ਨਿਯਮ ਲਾਗੂ ਹੋਣ।
ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਕੇਂਦਰੀ ਕਰਮਚਾਰੀਆਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਸਿੱਧੇ ਤੌਰ 'ਤੇ ਆਰਥਿਕ ਲਾਭ ਹੋਵੇਗਾ, ਜਿਸ ਨਾਲ ਤਿਉਹਾਰੀ ਸੀਜ਼ਨ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।