India America Tariff Issue: ਅਮਰੀਕਾ ਲਈ ਭਾਰਤੀ ਡਾਕ ਨੇ ਬੰਦ ਕੀਤੀਆਂ ਸਾਰੀਆਂ ਡਾਕ ਸੇਵਾਵਾਂ, ਵਿਭਾਗ ਨੇ ਨਿਯਮਾਂ ਦੀ ਅਸਪੱਸ਼ਟਤਾ ਦਾ ਦਿੱਤਾ ਹਵਾਲਾ
ਅਮਰੀਕਾ ਵੱਲੋਂ ਭਾਰਤ ਤੇ 50 ਫ਼ੀਸਦੀ ਟੈਰਿਫ ਲਾਉਣ ਤੋਂ ਬਾਅਦ ਆਇਆ ਫ਼ੈਸਲਾ
India USA Tariff Row: ਨਵੇਂ ਅਮਰੀਕੀ ਕਸਟਮ ਨਿਯਮਾਂ ਦੀ ਅਸਪਸ਼ਟਤਾ ਦੇ ਕਾਰਨ, ਇੰਡੀਆ ਪੋਸਟ ਨੇ ਅਮਰੀਕਾ ਜਾਣ ਵਾਲੀਆਂ ਸਾਰੀਆਂ ਡਾਕ ਸੇਵਾਵਾਂ ਦੀ ਬੁਕਿੰਗ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਹੈ। ਡਾਕ ਵਿਭਾਗ ਨੇ ਐਤਵਾਰ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਹੁਣ ਨਾ ਤਾਂ ਪੱਤਰ, ਨਾ ਦਸਤਾਵੇਜ਼ ਅਤੇ ਨਾ ਹੀ ਤੋਹਫ਼ੇ ਦੀਆਂ ਚੀਜ਼ਾਂ ਅਮਰੀਕਾ ਭੇਜੀਆਂ ਜਾ ਸਕਦੀਆਂ ਹਨ।
ਇਸ ਤੋਂ ਪਹਿਲਾਂ, ਇੰਡੀਆ ਪੋਸਟ ਨੇ ਸਿਰਫ 100 ਅਮਰੀਕੀ ਡਾਲਰ ਤੋਂ ਵੱਧ ਮੁੱਲ ਦੀਆਂ ਤੋਹਫ਼ੇ ਦੀਆਂ ਚੀਜ਼ਾਂ ਦੀ ਬੁਕਿੰਗ 'ਤੇ ਪਾਬੰਦੀ ਲਗਾਈ ਸੀ। ਪਰ ਹੁਣ ਸਥਿਤੀ ਹੋਰ ਗੰਭੀਰ ਹੋ ਗਈ ਹੈ ਕਿਉਂਕਿ ਅਮਰੀਕੀ ਕਸਟਮ ਵਿਭਾਗ ਦੀ ਨਵੀਂ ਪ੍ਰਕਿਰਿਆ ਬਾਰੇ ਅਜੇ ਸਪੱਸ਼ਟ ਨਿਯਮ ਤੈਅ ਨਹੀਂ ਕੀਤੇ ਗਏ ਹਨ। ਇਸ ਕਾਰਨ, ਏਅਰਲਾਈਨਾਂ ਵੀ ਅਮਰੀਕਾ ਪਾਰਸਲ ਲਿਜਾਣ ਲਈ ਤਿਆਰ ਨਹੀਂ ਹਨ।
ਇੰਡੀਆ ਪੋਸਟ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਫੈਸਲਾ 22 ਅਗਸਤ ਨੂੰ ਜਾਰੀ ਨੋਟਿਸ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਗਿਆ ਹੈ। ਕਿਉਂਕਿ ਅਮਰੀਕਾ ਜਾਣ ਵਾਲੀਆਂ ਡਾਕ ਦੀ ਆਵਾਜਾਈ ਵਿੱਚ ਲਗਾਤਾਰ ਸਮੱਸਿਆਵਾਂ ਆ ਰਹੀਆਂ ਹਨ ਅਤੇ ਨਿਯਮ ਸਪੱਸ਼ਟ ਨਹੀਂ ਹਨ, ਇਸ ਲਈ ਸਾਰੀਆਂ ਸ਼੍ਰੇਣੀਆਂ ਦੀ ਡਾਕ ਸੇਵਾ ਨੂੰ ਫਿਲਹਾਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ਡਾਕ ਵਿਭਾਗ ਨੇ ਗਾਹਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਿਨ੍ਹਾਂ ਦਾ ਸਾਮਾਨ ਬੁੱਕ ਕੀਤਾ ਗਿਆ ਹੈ ਪਰ ਭੇਜਿਆ ਨਹੀਂ ਜਾ ਸਕਿਆ, ਉਨ੍ਹਾਂ ਨੂੰ ਪੂਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਵਿਭਾਗ ਦਾ ਕਹਿਣਾ ਹੈ ਕਿ ਉਹ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਜਿਵੇਂ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ, ਸੇਵਾ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ।
ਕਾਬਿਲੇਗੌਰ ਹੈ ਕਿ 30 ਜੁਲਾਈ ਨੂੰ, ਟਰੰਪ ਪ੍ਰਸ਼ਾਸਨ ਨੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ, ਜਿਸ ਦੇ ਤਹਿਤ 29 ਅਗਸਤ ਤੋਂ 100 ਡਾਲਰ ਤੋਂ ਵੱਧ ਮੁੱਲ ਦੇ ਸਮਾਨ 'ਤੇ ਅਮਰੀਕਾ ਵਿੱਚ ਕਸਟਮ ਡਿਊਟੀ ਲਾਜ਼ਮੀ ਕਰ ਦਿੱਤੀ ਗਈ ਸੀ। ਇਸ ਦੇ ਨਾਲ, ਕੈਰੀਅਰਾਂ ਅਤੇ ਯੋਗ ਧਿਰਾਂ ਨੂੰ ਡਿਊਟੀ ਇਕੱਠੀ ਕਰਨ ਅਤੇ ਇਸਨੂੰ ਅਮਰੀਕੀ ਕਸਟਮ ਵਿਭਾਗ ਵਿੱਚ ਜਮ੍ਹਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਹਾਲਾਂਕਿ, 15 ਅਗਸਤ ਨੂੰ, ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਨੇ ਇਸ ਬਾਰੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਪਰ ਇਸ ਵਿੱਚ, ਯੋਗ ਧਿਰਾਂ ਦੀ ਨਿਯੁਕਤੀ ਅਤੇ ਡਿਊਟੀ ਇਕੱਠੀ ਕਰਨ ਲਈ ਤਕਨੀਕੀ ਪ੍ਰਬੰਧਾਂ ਵਰਗੀਆਂ ਕਈ ਮਹੱਤਵਪੂਰਨ ਪ੍ਰਕਿਰਿਆਵਾਂ ਨੂੰ ਸਪੱਸ਼ਟ ਨਹੀਂ ਕੀਤਾ ਗਿਆ ਸੀ। ਇਹੀ ਕਾਰਨ ਸੀ ਕਿ ਏਅਰਲਾਈਨਾਂ ਨੇ 25 ਅਗਸਤ ਤੋਂ ਪਾਰਸਲ ਲਿਜਾਣ ਤੋਂ ਇਨਕਾਰ ਕਰ ਦਿੱਤਾ।