ਸੋਨੇ ਦਾ ਕਾਰੋਬਾਰ ਕਰਨ ਵਾਲ਼ਿਆਂ ਲਈ ਵੱਡਾ ਝਟਕਾ, ਭਾਰਤ 'ਚ ਹਜ਼ਾਰਾਂ ਰੁਪਏ ਘਟ ਗਿਆ ਸੋਨੇ ਦਾ ਰੇਟ

ਭਾਰਤ ਦੇ ਸਰਾਫ਼ਾ ਬਾਜ਼ਾਰ ਵਿੱਚ ਅੱਜ ਨਿਵੇਸ਼ਕਾਂ ਲਈ ਭਿਆਨਕ ਦਿਨ ਰਿਹਾ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅਚਾਨਕ ਤੇਜ਼ ਗਿਰਾਵਟ ਦਰਜ ਹੋਈ। ਸੋਨੇ ਦੀ ਕੀਮਤ ਲਗਭਗ 11,000 ਰੁਪਏ ਪ੍ਰਤੀ 10 ਗ੍ਰਾਮ ਘਟ ਗਈ

Update: 2026-03-19 15:10 GMT

ਚਾਂਦੀ ਦੇ ਵਪਾਰੀਆਂ ਨੂੰ ਵੀ ਪੈ ਗਏ ਵੱਡੇ ਘਾਟੇ

ਨਵੀਂ ਦਿੱਲੀ: ਭਾਰਤ ਦੇ ਸਰਾਫ਼ਾ ਬਾਜ਼ਾਰ ਵਿੱਚ ਅੱਜ ਨਿਵੇਸ਼ਕਾਂ ਲਈ ਭਿਆਨਕ ਦਿਨ ਰਿਹਾ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅਚਾਨਕ ਤੇਜ਼ ਗਿਰਾਵਟ ਦਰਜ ਹੋਈ। ਸੋਨੇ ਦੀ ਕੀਮਤ ਲਗਭਗ 11,000 ਰੁਪਏ ਪ੍ਰਤੀ 10 ਗ੍ਰਾਮ ਘਟ ਗਈ, ਜਦਕਿ ਚਾਂਦੀ ਵਿੱਚ 34,000 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਵੱਡੀ ਕਮੀ ਆਈ। ਇਸ ਗਿਰਾਵਟ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਦੋਵਾਂ ਧਾਤਾਂ ਨੇ ਲੋਅਰ ਸਰਕਟ (ਹੇਠਲੀ ਸੀਮਾ) ਛੂਹ ਲਿਆ ਅਤੇ ਟ੍ਰੇਡਿੰਗ ਰੋਕਣੀ ਪਈ। ਇਹ ਘਟਨਾ ਇੱਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸਰਾਫ਼ਾ ਬਾਜ਼ਾਰ ਅਸਥਿਰਤਾ ਅਤੇ ਵਿਸ਼ਵ–ਪੱਧਰੀ ਤੱਤਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ।

ਇਸ ਵੱਡੀ ਗਿਰਾਵਟ ਦਾ ਮੁੱਖ ਕਾਰਨ ਅਮਰੀਕੀ ਡਾਲਰ ਦੀ ਮਜ਼ਬੂਤੀ, ਵਿਆਜ ਦਰਾਂ ਵਿੱਚ ਵਾਧੇ ਦੀ ਉਮੀਦ ਅਤੇ ਲਾਭ ਬੁੱਕਿੰਗ ਹੈ। ਹਾਲਾਂਕਿ ਪੱਛਮੀ ਏਸ਼ੀਆ ਵਿੱਚ ਤਣਾਅ (ਈਰਾਨ-ਇਜ਼ਰਾਈਲ-ਅਮਰੀਕਾ ਵਿਵਾਦ) ਅਤੇ ਤੇਲ ਦੀਆਂ ਵਧੀਆਂ ਕੀਮਤਾਂ ਨਾਲ਼ ਸੋਨੇ ਤੇ ਚਾਂਦੀ ਦਾ ਰੇਟ ਵੀ ਵਧਣਾ ਚਾਹੀਦਾ ਸੀ, ਪਰ ਹੋਇਆ ਇਸ ਦੇ ਉਲਟ। ਰਿਟੇਲ ਨਿਵੇਸ਼ਕਾਂ ਅਤੇ ਲੈਵਰੇਜਡ ਈਟੀਐਫਜ਼ ਵੱਲੋਂ ਤੇਜ਼ ਵਿਕਰੀ ਨੇ ਬਾਜ਼ਾਰ ਨੂੰ ਹੋਰ ਡਿੱਗਣ ਲਈ ਮਜਬੂਰ ਕੀਤਾ। ਇਸ ਤੋਂ ਇਲਾਵਾ ਫੈਡਰਲ ਰਿਜ਼ਰਵ ਦੀਆਂ ਦਰਾਂ ਘਟਾਉਣ ਦੀਆਂ ਉਮੀਦਾਂ ਘੱਟ ਹੋਣ ਅਤੇ ਡਾਲਰ ਇੰਡੈਕਸ ਵਧਣ ਨੇ ਵੀ ਗੈਰ-ਉਪਜਾਊ ਐਸੈਟਸ (ਸੋਨਾ-ਚਾਂਦੀ) ਉੱਤੇ ਦਬਾਅ ਪਾਇਆ। ਇਸ ਨਾਲ ਇੱਕ ਦਿਨ ਵਿੱਚ ਹੀ ਹਜ਼ਾਰਾਂ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ।

ਪਿਛਲੇ ਦੋ ਸਾਲਾਂ ਵਿੱਚ ਸੋਨਾ ਅਤੇ ਚਾਂਦੀ ਨੇ ਅਸਾਧਾਰਣ ਉਛਾਲ ਮਾਰਿਆ ਸੀ, ਪਰ ਮਾਰਚ 2026 ਵਿੱਚ ਇੱਕ ਵਾਰ ਫਿਰ ਤੇਜ਼ ਗਿਰਾਵਟ ਆਈ ਹੈ। ਇੱਥੇ ਮੁੱਖ ਅੰਕੜੇ ਦਿੱਤੇ ਗਏ ਹਨ। ਮਾਰਚ 2024 ਦੌਰਾਨ ਸੋਨੇ ਦਾ ਰੇਟ 85 ਹਜ਼ਾਰ ਰੁਪਏ ਪ੍ਰਤੀ ਤੋਲ਼ਾ ਸੀ; ਜਦ ਕਿ ਚਾਂਦੀ 95 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸਾਲ 2024 ਦੌਰਾਨ ਸੋਨਾ 90 ਹਜ਼ਾਰ ਤੋਂ ਅਤੇ ਚਾਂਦੀ ਇੱਕ ਲੱਖ ਰੁਪਏ ਤੋਂ ਜ਼ਿਆਦਾ ਉਤੇ ਨਹੀਂ ਗਿਆ ਸੀ।

ਇਸ ਦੇ ਮੁਕਾਬਲੇ ਪਿਛਲੇ ਸਾਲ 2025 ਦੌਰਾਨ ਸੋਨਾ ਵੱਧ ਤੋਂ ਵੱਧ 1 ਲੱਖ 55 ਹਜ਼ਾਰ ਰੁਪਏ ਫੀ ਤੋਲ਼ਾ ਅਤੇ ਚਾਂਦੀ 2 ਲੱਖ 62 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਕਰੀਬ ਰਿਹਾ ਸੀ। ਪਿਛਲੇ ਵਰ੍ਹੇ ਹੀ ਸੋਨੇ ਦਾ ਘੱਟ ਤੋਂ ਘੱਟ ਰੇਟ ਇੱਕ ਲੱਖ ਰੁਪਏ ਪ੍ਰਤੀ 10 ਗ੍ਰਾਮ ਭਾਵ ਤੋਲ਼ਾ ਰਿਹਾ ਸੀ। ਜਦ ਕਿ ਚਾਂਦੀ ਡੇਢ ਲੱਖ ਰੁਪਏ ਫੀ ਕਿਲੋਗ੍ਰਾਮ ਰਹੀ ਸੀ। ਜਨਵਰੀ 2026 ਦੌਰਾਨ ਸੋਨਾ 1 ਲੱਖ 83 ਹਜ਼ਾਰ ਰੁਪਏ ਪ੍ਰਤੀ ਤੋਲ਼ਾ ਦੇ ਰੇਟ ਤੱਕ ਚੜ੍ਹ ਗਿਆ ਸੀ; ਜਦ ਕਿ ਚਾਂਦੀ ਦਾ ਰੇਟ 2 ਲੱਖ 90 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਸੀ।

2025-26 ਵਿੱਚ ਸੋਨਾ 50% ਤੋਂ ਵੱਧ ਅਤੇ ਚਾਂਦੀ 100% ਤੋਂ ਵੱਧ ਚੜ੍ਹੀ ਸੀ, ਪਰ ਮਾਰਚ 2026 ਵਿੱਚ ਇੱਕ ਮਹੀਨੇ ਵਿੱਚ ਹੀ 9-17% ਗਿਰਾਵਟ ਆ ਚੁੱਕੀ ਹੈ।

ਵਿਸ਼ਲੇਸ਼ਕਾਂ ਅਨੁਸਾਰ ਇਹ ਗਿਰਾਵਟ ਥੋੜ੍ਹੀ ਮਿਆਦੀ ਹੈ ਅਤੇ ਲੰਬੇ ਸਮੇਂ ਵਿੱਚ ਸਰਾਫ਼ਾ ਇੱਕ ਮਜ਼ਬੂਤ ਆਸਰਾ ਬਣਿਆ ਰਹੇਗਾ। ਹਾਲਾਂਕਿ ਡਾਲਰ ਮਜ਼ਬੂਤ ਰਹਿਣ ਅਤੇ ਵਿਆਜ ਦਰਾਂ ਉੱਚੀਆਂ ਰਹਿਣ ਤੱਕ ਔਖੀ ਘੜੀ ਜਾਰੀ ਰਹਿ ਸਕਦੀ ਹੈ। ਨਿਵੇਸ਼ਕਾਂ ਨੂੰ ਸਲਾਹ ਹੈ ਕਿ ਇਸ ਗਿਰਾਵਟ ਵਿੱਚ ਖਰੀਦਦਾਰੀ ਤੋਂ ਪਹਿਲਾਂ ਗਲੋਬਲ ਤਣਾਅ ਅਤੇ ਡਾਲਰ ਇੰਡੈਕਸ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ। ਘਰੇਲੂ ਖਪਤਕਾਰਾਂ ਲਈ ਵੀ ਇਹ ਸਮਾਂ ਖਰੀਦਦਾਰੀ ਲਈ ਠੀਕ ਹੋ ਸਕਦਾ ਹੈ, ਪਰ ਲਾਲਚ ਵਿੱਚ ਨਹੀਂ ਪੈਣਾ ਚਾਹੀਦਾ।

Tags:    

Similar News