Oman ਦੇ ਸ਼ੈਲਟਰ ਹਾਊਸ ਵਿੱਚ ਦੁਖਦਾਈ ਹਾਲਾਤਾਂ ਵਿੱਚ ਫਸੀਆਂ Indian ਔਰਤਾਂ
ਸੰਤ ਬਲਬੀਰ ਸਿੰਘ ਮੈਂਬਰ ਪਾਰਲੀਮੈਂਟ ਰਾਜ ਸਭਾ ਮੈਂਬਰ ਤੇ ਜਲ ਸਰੋਤਾਂ ਸਥਾਈ ਕਮੇਟੀ ਵੱਲੋਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਗਈ।
ਚੰਡੀਗੜ੍ਹ : ਸੰਤ ਬਲਬੀਰ ਸਿੰਘ ਮੈਂਬਰ ਪਾਰਲੀਮੈਂਟ ਰਾਜ ਸਭਾ ਮੈਂਬਰ ਤੇ ਜਲ ਸਰੋਤਾਂ ਸਥਾਈ ਕਮੇਟੀ ਵੱਲੋਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਗਈ। ਇਸ ਚਿੱਠੀ ਦਾ ਉਦੇਸ਼ ਓਮਾਨ ਦੇ ਸ਼ੈਲਟਰ ਹਾਊਸਾਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਤਰਸਯੋਗ ਹਾਲਾਤਾਂ ਵਿੱਚ ਰਹਿ ਰਹੀਆਂ ਕੁਝ ਭਾਰਤੀ ਔਰਤਾਂ ਵੱਲ ਦਿਵਾਉਣਾ ਚਾਹੁੰਦੇ ਹਾਂ। ਇਹ ਔਰਤਾਂ ਆਪਣੇ ਪਰਿਵਾਰਾਂ ਦੀ ਗਰੀਬੀ ਦੂਰ ਕਰਨ ਅਤੇ ਬਿਹਤਰ ਭਵਿੱਖ ਦੀ ਉਮੀਦ ਨਾਲ ਏਜੰਟਾਂ ਰਾਹੀ ਵਿਦੇਸ਼ ਗਈਆਂ ਸਨ, ਪਰ ਉੱਥੇ ਪਹੁੰਚਣ ਤੋਂ ਬਾਅਦ ਠੱਗ ਏਜੰਟਾਂ ਵੱਲੋਂ ਉਹਨਾਂ ਨੂੰ ਕਹੇ ਮੁਤਾਬਿਕ ਕੰਮ ਦੇਣ ਦੀ ਬਜਾਏ ਮਰਜ਼ੀ ਦੇ ਖਿਲਾਫ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਅਨੇਕਾਂ ਤਰ੍ਹਾਂ ਦੀ ਮਾਨਸਿਕ ਤੇ ਸਰੀਰਿਕ ਤਸੀਹਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਣ ਜਦੋਂ ਇਹ ਔਰਤਾਂ ਭਾਰਤ ਵਾਪਸ ਆਉਣ ਲਈ ਕਿਸੇ ਨਾ ਕਿਸੇ ਤਰੀਕੇ ਬਚ ਕੇ ਸ਼ੈਲਟਰ ਹਾਊਸ ਪਹੁੰਚੀਆਂ ਸਨ ਤਾਂ ਉਨ੍ਹਾਂ ਉੱਤੇ ਝੂਠੇ ਦੋਸ਼ - ਜਿਵੇਂ ਕਿ ਚੋਰੀ ਜਾਂ ਹੋਰ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਫਸਾ ਦਿੱਤਾ ਗਿਆ ਹੈ। ਹੁਣ ਇਹਨਾਂ ਭਾਰਤੀ ਔਰਤਾਂ ਦੇ ਕਈ ਮਾਮਲਿਆਂ ਵਿੱਚ ਉਨ੍ਹਾਂ ਨੂੰ ਵਾਪਸ ਜਾਣ ਦੀ ਆਗਿਆ ਦੇਣ ਲਈ ਉਹਨਾਂ ਦੇ ਸਪੌਂਸਰਾਂ ਵੱਲੋਂ ਲੱਖਾਂ ਵਿੱਚ ਵੱਡੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਉਨ੍ਹਾਂ ਦੇ ਲਈ ਦੇਣਾ ਸੰਭਵ ਨਹੀਂ ਹੈ ਕਿਉਂਕਿ ਇਹ ਪਹਿਲਾਂ ਹੀ ਕਰਜ਼ਾ ਲੈ ਕੇ ਵਿਦੇਸ਼ ਗਈਆਂ ਸਨ। ਇਹਨਾਂ ਲੜਕੀਆਂ ਵਿੱਚ ਬਹੁਤੀਆਂ ਲੜਕੀਆਂ ਬਹੁਤ ਹੀ ਗਰੀਬ ਪਰਿਵਾਰਾਂ ਨਾਲ ਸਬੰਧਤ ਰੱਖਦੀਆਂ ਹਨ, ਜੋ ਕਿਸੇ ਨਾ ਕਿਸੇ ਮਜ਼ਬੂਰੀ ਕਾਰਣ ਉੱਥੇ ਗਈਆਂ ਹਨ।
ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਦਖਲਅੰਦਾਜ਼ੀ ਕਰਦੇ ਹੋਏ ਭਾਰਤੀ ਦੂਤਾਵਾਸ ਰਾਹੀਂ ਇਨ੍ਹਾਂ ਔਰਤਾਂ ਦੀ ਜਲਦ ਤੋਂ ਜਲਦ ਸੁਰੱਖਿਅਤ ਭਾਰਤ ਵਾਪਸੀ ਯਕੀਨੀ ਬਣਾਈ ਜਾਵੇ। ਨਾਲ ਹੀ ਉਹਨਾਂ ਜਾਲਸਾਜ਼ ਏਜੰਟਾਂ ਅਤੇ ਗਿਰੋਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਗਰੀਬੀ ਅਤੇ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਸਾਡੀਆਂ ਧੀਆਂ ਨੂੰ ਇਸ ਦੁਖਦਾਈ ਹਾਲਤ ਵਿੱਚ ਧੱਕ ਦਿੱਤਾ ਹੈ।
ਸਾਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਸਰਕਾਰ ਆਪਣੀਆਂ ਧੀਆਂ ਦੀ ਪੀੜਾ ਨੂੰ ਸਮਝਦਿਆਂ ਮਨੁੱਖਤਾ ਦੇ ਨਾਤੇ ਇਸ ਮਾਮਲੇ ਨੂੰ ਪਹਿਲ ਦੇ ਅਧਾਰ 'ਤੇ ਸੁਲਝਾਉਣ ਲਈ ਜਲਦ ਕਾਰਵਾਈ ਕਰੇਗੀ ਅਤੇ ਇਨ੍ਹਾਂ ਔਰਤਾਂ ਨੂੰ ਸੁਰੱਖਿਅਤ ਤਰੀਕੇ ਨਾਲ ਆਪਣੇ ਵਤਨ ਵਾਪਸ ਲਿਆਂਦਾ ਜਾਵੇਗਾ।