America ਦਾ Visa 15000 ਡਾਲਰ ਵਿਚ
ਵਿਜ਼ਟਰ ਵੀਜ਼ਾ ’ਤੇ ਅਮਰੀਕਾ ਆਉਣ ਦੇ ਇੱਛਕ ਲੋਕਾਂ ਦੀਆਂ ਔਕੜਾਂ ਵਿਚ ਵਾਧਾ ਕਰਦਿਆਂ ਟਰੰਪ ਸਰਕਾਰ ਵੱਲੋਂ 15 ਹਜ਼ਾਰ ਡਾਲਰ ਵਾਲੇ ਬੌਂਡ ਵਾਲੀ ਸ਼ਰਤ 12 ਹੋਰ ਮੁਲਕਾਂ ’ਤੇ ਲਾਗੂ ਕੀਤੀ ਜਾ ਰਹੀ ਹੈ
ਵਾਸ਼ਿੰਗਟਨ : ਵਿਜ਼ਟਰ ਵੀਜ਼ਾ ’ਤੇ ਅਮਰੀਕਾ ਆਉਣ ਦੇ ਇੱਛਕ ਲੋਕਾਂ ਦੀਆਂ ਔਕੜਾਂ ਵਿਚ ਵਾਧਾ ਕਰਦਿਆਂ ਟਰੰਪ ਸਰਕਾਰ ਵੱਲੋਂ 15 ਹਜ਼ਾਰ ਡਾਲਰ ਵਾਲੇ ਬੌਂਡ ਵਾਲੀ ਸ਼ਰਤ 12 ਹੋਰ ਮੁਲਕਾਂ ’ਤੇ ਲਾਗੂ ਕੀਤੀ ਜਾ ਰਹੀ ਹੈ ਅਤੇ ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਜਲਦ ਹੀ ਭਾਰਤ ਅਤੇ ਪਾਕਿਸਤਾਨ ਵੀ ਇਸ ਦੇ ਦਾਇਰੇ ਵਿਚ ਆ ਸਕਦੇ ਹਨ। ਜੀ ਹਾਂ, ਆਉਂਦੀ 2 ਅਪ੍ਰੈਲ ਤੋਂ ਕੁਲ 50 ਮੁਲਕਾਂ ਦੇ ਲੋਕ ਵਾਸਤੇ ਯੂ.ਐਸ. ਵੀਜ਼ਾ ਲਈ 15 ਹਜ਼ਾਰ ਡਾਲਰ ਦਾ ਬੌਂਡ ਭਰਨਾ ਲਾਜ਼ਮੀ ਹੋ ਜਾਵੇਗਾ। ਦੂਜੇ ਪਾਸੇ 250 ਡਾਲਰ ਦੀ ਵੀਜ਼ਾ ਇੰਟੈਗਰਿਟੀ ਫੀਸ ਕਿਸੇ ਵੀ ਵੇਲੇ ਲਾਗੂ ਕੀਤੀ ਜਾ ਸਕਦੀ ਹੈ ਜਿਸ ਨਾਲ ਸਬੰਧਤ ਕਾਨੂੰਨ ਉਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੁਲਾਈ 2025 ਵਿਚ ਦਸਤਖ਼ਤ ਕੀਤੇ ਸਨ ਪਰ ਕੁਝ ਕਾਰਨਾਂ ਕਰ ਕੇ ਫੀਸ ਲਾਗੂ ਨਾ ਕੀਤੀ ਜਾ ਸਕੀ। ਅਮਰੀਕਾ ਦੇ ਵਿਦੇਸ਼ ਵਿਭਾਗ ਮੁਤਾਬਕ 15 ਹਜ਼ਾਰ ਡਾਲਰ ਬੌਂਡ ਵਾਲੇ ਘੇਰੇ ਵਿਚ ਹੁਣ ਕੰਬੋਡੀਆ, ਜਾਰਜੀਆ, ਗ੍ਰੇਨਾਡਾ, ਮੌਰਿਸ਼ਸ, ਮੌਜ਼ੰਬੀਕ, ਨਿਕਾਰਾਗੁਆ, ਪਾਪੂਆ ਨਿਊ ਗਿਨੀ, ਟਿਊਨੀਸ਼ੀਆ, ਸੇਸ਼ਲਜ਼ ਅਤੇ ਇਥੀਓਪੀਆ ਵਰਗੇ ਮੁਲਕ ਵਿਚ ਸ਼ਾਮਲ ਕੀਤੇ ਜਾ ਰਹੇ ਹਨ।
50 ਮੁਲਕਾਂ ’ਤੇ ਲਾਗੂ ਹੋਇਆ ਨਵਾਂ ਨਿਯਮ
ਇਸ ਤੋਂ ਪਹਿਲਾਂ ਬੀ-1 ਜਾਂ ਬੀ-2 ਵੀਜ਼ਾ ਲਈ 38 ਮੁਲਕਾਂ ਦੇ ਲੋਕਾਂ ਨੂੰ 15 ਹਜ਼ਾਰ ਡਾਲਰ ਦਾ ਬੌਂਡ ਦਾਖਲ ਕਰਨਾ ਪੈ ਰਿਹਾ ਹੈ ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਬੰਗਲਾਦੇਸ਼, ਕਿਊਬਾ, ਮਲਾਵੀ, ਨੇਪਾਲ, ਭੂਟਾਨ, ਜ਼ਿੰਬਾਬਵੇ, ਵੈਨੇਜ਼ੁਏਲਾ ਅਤੇ ਜ਼ਾਂਬੀਆ ਦੇ ਨਾਂ ਲਏ ਜਾ ਸਕਦੇ ਹਨ। ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲਿਆਂ ਦਾ ਕਹਿਣਾ ਹੈ ਕਿ ਵਿਜ਼ਟਰ ਵੀਜ਼ਾ ਜਾਂ ਬਿਜ਼ਨਸ ਵੀਜ਼ਾ ’ਤੇ ਆਉਣ ਵਾਲੇ ਕੁਝ ਆਪਣੇ ਮੁਲਕ ਵਾਪਸੀ ਨਹੀਂ ਕਰਦੇ ਅਤੇ ਅਮਰੀਕਾ ਦੀਆਂ ਸਮਾਜਿਕ ਸੇਵਾਵਾਂ ਉਤੇ ਬੋਝ ਬਣ ਜਾਂਦੇ ਹਨ। ਅਜਿਹੇ ਲੋਕਾਂ ਨੂੰ ਫੜ ਕੇ ਡਿਪੋਰਟ ਕਰਨ ਦਾ ਔਸਤ ਖਰਚਾ 18 ਹਜ਼ਾਰ ਡਾਲਰ ਤੋਂ ਵੱਧ ਬਣਦਾ ਹੈ ਜਿਸ ਦੇ ਮੱਦੇਨਜ਼ਰ 15 ਹਜ਼ਾਰ ਡਾਲਰ ਦਾ ਬੌਂਡ ਭਰਵਾਇਆ ਜਾ ਰਿਹਾ ਹੈ। ਵਿਦੇਸ਼ ਵਿਭਾਗ ਨੇ ਦੱਸਿਆ ਕਿ ਬੌਂਡ ਭਰਨ ਤੋਂ ਬਾਅਦ ਵਿਜ਼ਟਰ ਵੀਜ਼ਾ ਜਾਂ ਬਿਜ਼ਨਸ ਵੀਜ਼ਾ ’ਤੇ ਅਮਰੀਕਾ ਪੁੱਜੇ 97 ਫ਼ੀ ਸਦੀ ਨਾਗਰਿਕ ਤੈਅ ਸਮੇਂ ਦੇ ਅੰਦਰ ਵਾਪਸ ਚਲੇ ਗਏ ਪਰ ਇਸ ਦੇ ਉਲਟ ਇਨ੍ਹਾਂ ਮੁਲਕਾਂ ਦੇ ਹੀ 45 ਹਜ਼ਾਰ ਨਾਗਰਿਕਾਂ ਨੇ ਬਾਇਡਨ ਸਰਕਾਰ ਵੇਲੇ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਆਪਣੇ ਮੁਲਕ ਵਾਪਸੀ ਨਾ ਕੀਤੀ। ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਅਮਰੀਕਾ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ’ਤੇ 800 ਮਿਲੀਅਨ ਡਾਲਰ ਸਾਲਾਨਾ ਖਰਚ ਕਰ ਰਹੀ ਸੀ ਜਦਕਿ ਹੁਣ ਬਜਟ ਵਧਾ ਦਿਤਾ ਗਿਆ ਹੈ।
250 ਡਾਲਰ ਫ਼ੀਸ ਵੀ ਜਲਦ ਹੋ ਰਹੀ ਲਾਗੂ
ਦੂਜੇ ਪਾਸੇ ਵੀਜ਼ਾ ਇੰਟੈਗਰਿਟੀ ਫ਼ੀਸ ਦੀ ਗੱਲ ਕੀਤੀ ਜਾਵੇ ਵੰਨ ਬਿਗ ਬਿਊਟੀਫੁਲ ਐਕਟ ਅਧੀਨ ਵਿਜ਼ਟਰ ਵੀਜ਼ਾ ਅਤੇ ਬਿਜ਼ਨਸ ਵੀਜ਼ਾ ਵਾਲਿਆਂ ਤੋਂ ਇਲਾਵਾ ਸਟੱਡੀ ਵੀਜ਼ਾ ਅਤੇ ਐਚ-1ਬੀ ਵੀਜ਼ਾ ਵਾਲਿਆਂ ਨੂੰ ਵੀ ਇਹ ਫ਼ੀਸ ਅਦਾ ਕਰਨੀ ਹੋਵੇਗੀ। ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਹੁਣ ਤੱਕ ਚਾਰ ਜੀਆਂ ਵਾਲੇ ਇਕ ਪਰਵਾਰ ਨੂੰ 740 ਡਾਲਰ ਫ਼ੀਸ ਦੇਣੀ ਪੈ ਰਹੀ ਹੈ ਪਰ ਨਵੀਂ ਫ਼ੀਸ ਸ਼ਾਮਲ ਹੋਣ ਮਗਰੋਂ ਖ਼ਰਚਾ ਵਧ ਕੇ 1,740 ਡਾਲਰ ਹੋ ਜਾਵੇਗਾ। ਇਥੋਂ ਤੱਕ ਕਿ ਐਚ-4 ਵੀਜ਼ਾ ਸ਼੍ਰੇਣੀ ਵਿਚ ਇੰਟੈਗਰਿਟੀ ਫ਼ੀਸ ਇਕ ਹਜ਼ਾਰ ਡਾਲਰ ਰੱਖੀ ਗਈ ਹੈ। ਐਚ-4 ਵੀਜ਼ਾ ਜ਼ਿਆਦਾਤਰ ਉਨ੍ਹਾਂ ਔਰਤਾਂ ਵੱਲੋਂ ਮੰਗਿਆ ਜਾਂਦਾ ਹੈ ਜੋ ਐਚ-1ਬੀ ਵੀਜ਼ਾ ’ਤੇ ਕੰਮ ਕਰ ਰਹੇ ਆਪਣੇ ਪਤੀ ਨਾਲ ਅਮਰੀਕਾ ਪੁੱਜੀਆਂ। ਕੈਨੇਡੀਅਨ ਅਤੇ ਬਰਮੂਡਾ ਦੇ ਨਾਗਰਿਕਾਂ ਨੂੰ ਇਸ ਫ਼ੀਸ ਤੋਂ ਛੋਟ ਦਿਤੀ ਗਈ ਹੈ। ਬਗੈਰ ਇੰਟੈਗਰਿਟੀ ਫ਼ੀਸ ਤੋਂ ਵੀ ਇਸ ਵੇਲੇ ਅਮਰੀਕਾ ਦਾ ਵੀਜ਼ਾ ਸਭ ਤੋਂ ਮਹਿੰਗਾ ਪੈਂਦਾ ਅਤੇ ਬਿਨੈਕਾਰ ਨੂੰ 185 ਡਾਲਰ ਅਦਾ ਕਰਨੇ ਪੈਂਦੇ ਹਨ ਜਦਕਿ ਕੈਨੇਡੀਅਨ ਵੀਜ਼ਾ ਵਾਸਤੇ ਸਿਰਫ਼ 125 ਡਾਲਰ ਫ਼ੀਸ ਲਗਦੀ ਹੈ। ਯੂ.ਕੇ. ਦੀ ਵੀਜ਼ਾ ਫੀਸ 163 ਡਾਲਰ ਅਤੇ ਆਸਟ੍ਰੇਲੀਆ ਦੇ 125 ਡਾਲਰ ਅਦਾ ਕਰਨੀ ਪੈਂਦੀ ਹੈ।