ਕਤਲ ਤੋਂ ਇਕ ਮਿੰਟ ਪਹਿਲਾਂ ਮਾਂ ਨਾਲ ਗੱਲ ਕਰ ਰਿਹਾ ਸੀ ਯੁਵਰਾਜ ਗੋਇਲ

ਸਰੀ ਵਿਖੇ ਕਤਲ ਕੀਤੇ ਲੁਧਿਆਣਾ ਦੇ ਯੁਵਰਾਜ ਗੋਇਲ ਦੀ ਕੈਨੇਡਾ ਰਹਿੰਦੀ ਭੈਣ ਨੂੰ ਹੁਣ ਤੱਕ ਯਕੀਨ ਨਹੀਂ ਹੋ ਰਿਹਾ ਹੈ ਕਿ ਉਸ ਦਾ ਭਰਾ ਇਸ ਦੁਨੀਆਂ ਵਿਚ ਨਹੀਂ। ਯੁਵਰਾਜ ਦੀ ਭੈਣ ਚਾਰੂ ਸਿੰਗਲਾ ਨੇ ‘ਗਲੋਬਲ ਨਿਊਜ਼’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਵਾਰ ਡੂੰਘੇ ਸਦਮੇ ਵਿਚ ਹੈ ਅਤੇ ਹੁਣ ਤੱਕ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਸ ਦਾ ਕਤਲ ਕਿਉਂ ਹੋਇਆ।

Update: 2024-06-10 12:16 GMT

ਸਰੀ : ਸਰੀ ਵਿਖੇ ਕਤਲ ਕੀਤੇ ਲੁਧਿਆਣਾ ਦੇ ਯੁਵਰਾਜ ਗੋਇਲ ਦੀ ਕੈਨੇਡਾ ਰਹਿੰਦੀ ਭੈਣ ਨੂੰ ਹੁਣ ਤੱਕ ਯਕੀਨ ਨਹੀਂ ਹੋ ਰਿਹਾ ਹੈ ਕਿ ਉਸ ਦਾ ਭਰਾ ਇਸ ਦੁਨੀਆਂ ਵਿਚ ਨਹੀਂ। ਯੁਵਰਾਜ ਦੀ ਭੈਣ ਚਾਰੂ ਸਿੰਗਲਾ ਨੇ ‘ਗਲੋਬਲ ਨਿਊਜ਼’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਵਾਰ ਡੂੰਘੇ ਸਦਮੇ ਵਿਚ ਹੈ ਅਤੇ ਹੁਣ ਤੱਕ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਸ ਦਾ ਕਤਲ ਕਿਉਂ ਹੋਇਆ। ਚਾਰੂ ਦੇ ਪਤੀ ਬਵਨਦੀਪ ਨੇ ਦੱਸਿਆ ਕਿ ਯੁਵਰਾਜ ਸਿੰਘ ਆਪਣੇ ਮਾਤਾ ਜੀ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ ਜਦੋਂ ਹਮਲਾਵਰਾਂ ਨੇ ਉਸ ਨੂੰ ਘੇਰਿਆ।

ਬਵਨਦੀਪ ਮੁਤਾਬਕ ਯੁਵਰਾਜ ਰੋਜ਼ਾਨਾ ਵਾਂਗ ਕਸਰਤ ਕਰ ਕੇ ਜਿੰਮ ਤੋਂ ਘਰ ਪਰਤ ਰਿਹਾ ਸੀ ਜਦੋਂ 7 ਜੂਨ ਨੂੰ ਸਵੇਰੇ 8.45 ’ਤੇ ਉਸ ਨੇ ਆਪਣੇ ਮਾਤਾ ਜੀ ਨਾਲ ਗੱਲਬਾਤ ਖਤਮ ਹੋਣ ਮਗਰੋਂ ਫੋਨ ਡਿਸਕੁਨੈਕਟ ਕੀਤਾ ਅਤੇ 8.46 ’ਤੇ ਗੋਲੀਆਂ ਚੱਲ ਗਈਆਂ। ਯੁਵਰਾਜ ਗੋਇਲ ਜਦੋਂ ਕੰਮ ’ਤੇ ਨਾ ਗਿਆ ਤਾਂ ਉਸ ਦਾ ਦੋਸਤ ਅਤੇ ਕੰਮ ਵਾਲੀ ਥਾਂ ਦਾ ਸਾਥੀ ਘਰ ਪਹੁੰਚ ਗਿਆ ਜਿਥੇ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਚਾਰੂ ਸਿੰਗਲਾ ਕੋਲ ਪੁਲਿਸ ਦਾ ਫੋਨ ਆ ਗਿਆ ਅਤੇ ਉਹ ਯੁਵਰਾਜ ਦੇ ਘਰ ਪੁੱਜ ਗਈ। ਪੁਲਿਸ ਵੱਲੋਂ ਮੁਢਲੇ ਤੌਰ ’ਤੇ ਉਨ੍ਹਾਂ ਨੂੰ ਵਿਸਤਾਰਤ ਜਾਣਕਾਰੀ ਨਾ ਦਿਤੀ ਗਈ ਅਤੇ ਉਡੀਕ ਕਰਦਿਆਂ ਕਈ ਘੰਟੇ ਲੰਘ ਗਏ। ਆਖਰਕਾਰ ਜਦੋਂ ਬਵਨਦੀਪ ਅਤੇ ਚਾਰੂ ਘਰ ਦੇ ਅੰਦਰ ਦਾਖਲ ਹੋਏ ਤਾਂ ਕਈ ਖਿਡੌਣੇ ਅਤੇ ਗਿਫਟ ਨਜ਼ਰ ਆਏ ਜੋ ਯੁਵਰਾਜ ਨੇ ਸੰਭਾਵਤ ਤੌਰ ’ਤੇ ਆਪਣੇ ਭਾਣਜੇ-ਭਾਣਜੀ ਵਾਸਤੇ ਖਰੀਦੇ ਸਨ।

ਬੱਚਿਆਂ ਵਾਸਤੇ ਚਾਅ ਨਾਲ ਖਿਡੌਣੇ ਖਰੀਦਣ ਵਾਲਾ ਹੁਣ ਇਸ ਦੁਨੀਆਂ ਵਿਚ ਨਹੀਂ ਸੀ। ਚਾਰੂ ਨੇ ਦੱਸਿਆ ਕਿ ਉਸ ਦਾ ਭਰਾ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਵਿਚ ਪੱਕਾ ਹੋਇਆ ਸੀ ਅਤੇ ਇਕ ਸਫਲ ਜ਼ਿੰਦਗੀ ਦੇ ਸੁਪਨੇ ਦੇਖ ਰਿਹਾ ਸੀ। ਉਧਰ ਬੀ.ਸੀ. ਦੀ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਕਿ ਕਤਲ ਦਾ ਮਕਸਦ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਨੇ ਚਾਰ ਜਣਿਆਂ ਨੂੰ ਵਾਰਦਾਤ ਵਾਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਸ਼ਨਾਖਤ 23 ਸਾਲ ਦੇ ਮਨਵੀਰ ਬਸਰਾਮ, 20 ਸਾਲ ਦੇ ਸਾਹਬ ਬਸਰਾ, 23 ਸਾਲ ਦੇ ਹਰਕੀਰਤ ਝੁਟੀ ਅਤੇ 20 ਸਾਲ ਦੇ ਕੀਲੌਨ ਫਰਾਂਸਵਾ ਵਜੋਂ ਕੀਤੀ ਗਈ ਹੈ। ਤਿੰਨ ਜਣੇ ਸਰੀ ਨਾਲ ਸਬੰਧਤ ਹਨ ਜਦਕਿ ਚੌਥਾ ਉਨਟਾਰੀਓ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਚਾਰੇ ਜਣਿਆਂ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਯੁਵਰਾਜ ਗੋਇਲ ਦਾ ਕਦੇ ਕਿਸੇ ਮਾਮਲੇ ’ਤੇ ਪੁਲਿਸ ਨਾਲ ਕੋਈ ਸੰਪਰਕ ਨਹੀਂ ਸੀ ਹੋਇਆ।

Tags:    

Similar News