ਕੈਨੇਡਾ ਦੇ 5 ਰਾਜਾਂ ਵਿਚ ਕਿਰਤੀਆਂ ਦੀ ਆਮਦਨ ਵਧੀ

ਉਨਟਾਰੀਓ, ਨੋਵਾ ਸਕੋਸ਼ੀਆ, ਮੈਨੀਟੋਬਾ, ਸਸਕੈਚਵਨ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਿਚ 1 ਅਕਤੂਬਰ ਤੋਂ ਘੱਟੋ ਘੱਟ ਉਜਰਤਾਂ ਵਿਚ ਵਾਧਾ ਲਾਗੂ ਕਰ ਦਿਤਾ ਗਿਆ ਹੈ

Update: 2025-10-01 12:53 GMT

ਟੋਰਾਂਟੋ : ਕੈਨੇਡਾ ਦੇ ਪੰਜ ਰਾਜਾਂ ਦੇ ਕਿਰਤੀਆਂ ਦੀ ਆਮਦਨ ਵਿਚ ਅੱਜ ਤੋਂ ਵਾਧਾ ਹੋ ਗਿਆ। ਜੀ ਹਾਂ, ਉਨਟਾਰੀਓ, ਨੋਵਾ ਸਕੋਸ਼ੀਆ, ਮੈਨੀਟੋਬਾ, ਸਸਕੈਚਵਨ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਿਚ 1 ਅਕਤੂਬਰ ਤੋਂ ਘੱਟੋ ਘੱਟ ਉਜਰਤਾਂ ਵਿਚ ਵਾਧਾ ਲਾਗੂ ਕਰ ਦਿਤਾ ਗਿਆ ਹੈ। ਉਨਟਾਰੀਓ ਦੇ ਕਿਰਤੀਆਂ ਦੀ ਘੱਟੋ ਘੱਟ ਉਜਰਤ ਦਰ 40 ਸੈਂਟ ਦੇ ਵਾਧੇ ਨਾਲ 17.60 ਡਾਲਰ ਪ੍ਰਤੀ ਘੰਟਾ ਹੋ ਗਈ ਜਦਕਿ ਬਾਕੀ ਰਾਜਾਂ ਵਿਚ ਵੱਖੋ ਵਖਰਾ ਵਾਧਾ ਹੋਇਆ ਹੈ। ਕਿਰਤ ਮੰਤਰਾਲੇ ਨੇ ਕਿਹਾ ਕਿ ਰਹਿਣ-ਸਹਿਣ ਦੇ ਵਧਦੇ ਖਰਚਿਆਂ ਨਾਲ ਨਜਿੱਠਣ ਵਿਚ ਪਰਵਾਰਾਂ ਨੂੰ ਮਦਦ ਮਿਲੇਗੀ ਅਤੇ ਕਾਰੋਬਾਰੀਆਂ ਉਤੇ ਵੀ ਜ਼ਿਆਦਾ ਬੋਝ ਨਹੀਂ ਪਵੇਗਾ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਮਹਿੰਗਾਈ ਦਰ ਵਿਚ 2.4 ਫ਼ੀ ਸਦੀ ਵਾਧਾ ਹੋਣ ਦੇ ਹਿਸਾਬ ਨਾਲ ਉਜਰਤਾਂ ਨੂੰ ਵਧਾਇਆ ਗਿਆ ਹੈ ਅਤੇ ਹਫ਼ਤੇ ਵਿਚ 40 ਘੰਟੇ ਕੰਮ ਕਰਨ ਵਾਲੇ ਕਿਰਤੀ ਨੂੰ ਸਾਲਾਨਾ 835 ਡਾਲਰ ਦਾ ਫਾਇਦਾ ਹੋਵੇਗਾ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 5 ਲੱਖ 3 ਹਜ਼ਾਰ ਉਨਟਾਰੀਓ ਵਾਸੀ ਘੱਟੋ ਘੱਟ ਉਜਰਤ ਦਰ ’ਤੇ ਕੰਮ ਕਰ ਰਹੇ ਹਨ। ਇਹ ਅੰਕੜਾ ਸੂਬੇ ਦੇ 71 ਲੱਖ ਕਿਰਤੀਆਂ ਦਾ ਸੱਤ ਫ਼ੀ ਸਦੀ ਬਣਦਾ ਹੈ।

ਉਨਟਾਰੀਓ ਵਿਚ ਘੱਟੋ ਘੱਟ ਉਜਰਤ ਦਰ 17.60 ਡਾਲਰ ਹੋਈ

ਜ਼ਿਆਦਾਤਰ ਕਿਰਤੀਆਂ ਦੀ ਉਮਰ 15 ਸਾਲ ਤੋਂ 24 ਸਾਲ ਦਰਮਿਆਨ ਹੈ ਅਤੇ ਵਿਦਿਆਰਥੀਆਂ ਦੀ ਘੱਟੋ ਘੱਟ ਉਜਰਤ ਦਰ ਵਿਚ ਵੀ ਅੱਜ ਤੋਂ 40 ਸੈਂਟ ਦਾ ਵਾਧਾ ਹੋ ਰਿਹਾ ਹੈ। ਹੁਣ ਵਿਦਿਆਰਥੀਆਂ ਨੂੰ ਘੱਟੋ ਘੱਟ 16.60 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲੇਗਾ। ਉਧਰ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਰੋਟਮੈਨ ਸਕੂਲ ਆਫ਼ ਮੈਨੇਜਮੈਂਟ ਦੇ ਸਾਬਕਾ ਪ੍ਰੋਫੈਸਰ ਅਤੇ ਉਨਟਾਰੀਓ ਦੇ ਮਿਨੀਮਮ ਵੇਜ ਐਡਵਾਇਜ਼ਰੀ ਪੈਨਲ ਦੇ ਮੁਖੀ ਅਨਿਲ ਵਰਮਾ ਨੇ ਦੱਸਿਆ ਕਿ ਜੂਨ 2013 ਵਿਚ ਪੈਨਲ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਕਈ ਕਈ ਸਾਲ ਤੱਕ ਮਿਹਨਤਾਨੇ ਵਿਚ ਵਾਧਾ ਨਹੀਂ ਸੀ ਹੁੰਦਾ। ਪੈਨਲ ਗਠਤ ਕੀਤੇ ਜਾਣਮੌਕੇ ਉਨਟਾਰੀਓ ਵਿਚ ਘੱਟੋ ਘੱਟ ਉਜਰਤ ਦਰ 10.25 ਡਾਲਰ ਸੀ ਅਤੇ ਪਿਛਲੇ ਤਿੰਨ ਸਾਲ ਤੋਂ ਕੋਈ ਵਾਧਾ ਨਹੀਂ ਸੀ ਹੋਇਆ। ਉਸ ਵੇਲੇ ਲਿਬਰਲ ਸਰਕਾਰ ਵੱਲੋਂ 11 ਡਾਲਰ ਪ੍ਰਤੀ ਘੰਟਾ ਉਜਰਤ ਦਰ ਕੀਤੀ ਗਈ ਅਤੇ ਬਾਅਦ ਵਿਚ ਲਗਾਤਾਰ ਵਕਫ਼ੇ ’ਤੇ ਵਾਧਾ ਹੋਣ ਲੱਗਾ। ਇਸ ਦੇ ਉਲਟ ਉਨਟਾਰੀਓ ਲੇਬਰ ਫੈਡਰੇਸ਼ਨ ਦੀ ਮੁਖੀ ਲੌਰਾ ਵਾਲਟਨ ਦਾ ਕਹਿਣਾ ਸੀ ਕਿ ਵਾਧੇ ਤੋਂ ਬਾਅਦ ਵੀ ਘੱਟੋ ਘੱਟ ਉਜਰਤ ਦਰ ਨਾਕਾਫ਼ੀ ਹੈ ਅਤੇ ਕਿਰਤੀਆਂ ਨੂੰ 20 ਡਾਲਰ ਦਾ ਘੱਟੋ ਘੱਟ ਮਿਹਨਤਾਨਾ ਮਿਲਣਾ ਚਾਹੀਦਾ ਹੈ।

ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਿਚ 16.50 ਡਾਲਰ ਮਿਲਣਗੇ

ਜੇ ਟੋਰਾਂਟੋ ਵਿਖੇ ਇਕ ਕਮਰੇ ਵਾਲਾ ਮਕਾਨ ਕਿਰਾਏ ’ਤੇ ਲੈ ਕੇ ਰਹਿਣਾ ਹੈ ਤਾਂ ਘੱਟੋ ਘੱਟ ਉਜਰਤ ਦਰ 38 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਪਰ ਤਾਜ਼ਾ ਵਾਧੇ ਤੋਂ ਬਾਅਦ ਹਰ ਹਫ਼ਤੇ 40 ਘੰਟੇ ਕੰਮ ਕਰਨ ਵਾਲੇ ਕਿਰਤੀਆਂ ਨੂੰ 33,790 ਡਾਲਰ ਪ੍ਰੀ ਟੈਕਸ ਸਾਲਾਨਾ ਆਮਦਨ ਮਿਲੇਗੀ ਅਤੇ ਇਸ ਵਿਚੋਂ 80 ਫੀ ਸਦੀ ਹਿੱਸਾ ਤਾਂ ਮਕਾਨ ਕਿਰਾਏ ਦੇ ਰੂਪ ਵਿਚ ਹੀ ਚਲਾ ਜਾਵੇਗਾ। ਦੱਸ ਦੇਈਏ ਕਿ ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਿਚ ਘੱਟੋ ਘੱਟ ਮਿਹਨਤਾਨਾ 16.50 ਡਾਲਰ ਪ੍ਰਤੀ ਘੰਟਾ ਹੋ ਗਿਆ ਹੈ ਜਦਕਿ ਸਸਕੈਚਵਨ ਵਿਚ ਹੁਣ ਇਕ ਘੰਟੇ ਦੀ ਮਿਹਨਤ ਦੇ ਘੱਟੋ ਘੱਟ 16 ਡਾਲਰ ਮਿਲਣਗੇ ਜਦਕਿ ਸਸਕੈਚਵਨ ਵਿਚ 15.34 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲੇਗੀ।

Tags:    

Similar News