ਟੀ.ਟੀ.ਸੀ. ਬੱਸ ਅਤੇ ਕਾਰ ਵਿਚਾਲੇ ਜ਼ੋਰਦਾਰ ਟੱਕਰ, 9 ਜ਼ਖਮੀ
ਨੌਰਥ ਯਾਰਕ ਵਿਖੇ ਇਕ ਟੀ.ਟੀ.ਸੀ. ਬੱਸ ਅਤੇ ਚੋਰੀ ਕੀਤੀ ਗੱਡੀ ਦਰਮਿਆਨ ਹੋਈ ਟੱਕਰ ਕਾਰਨ 9 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।;
ਟੋਰਾਂਟੋ : ਨੌਰਥ ਯਾਰਕ ਵਿਖੇ ਇਕ ਟੀ.ਟੀ.ਸੀ. ਬੱਸ ਅਤੇ ਚੋਰੀ ਕੀਤੀ ਗੱਡੀ ਦਰਮਿਆਨ ਹੋਈ ਟੱਕਰ ਕਾਰਨ 9 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਟੋਰਾਂਟੋ ਪੁਲਿਸ ਦੇ ਡਿਊਟੀ ਇੰਸਪੈਕਟਰ ਬਰਾਇਨ ਮੈਸਲੋਸਕੀ ਨੇ ਦੱਸਿਆ ਕਿ ਵਿਲਸਨ ਐਵੇਨਿਊ ’ਤੇ ਦੋ ਗੱਡੀਆਂ ਬੇਹੱਦ ਤੇਜ਼ ਰਫ਼ਤਾਰ ਨਾਲ ਪੱਛਮ ਵੱਲ ਜਾ ਰਹੀਆਂ ਸਨ ਜਿਨ੍ਹਾਂ ਵਿਚੋਂ ਇਕ ਗੱਡੀ ਇੰਟਰਸੈਕਸ਼ਨ ਪਾਰ ਕਰ ਗਈ ਪਰ ਦੂਜੀ ਬੱਸ ਨਾਲ ਭਿੜ ਗਈ। ਬੱਸ ਵਿਚ ਵੱਜਣ ਵਾਲੀ ਚਿੱਟੀ ਬੀ.ਐਮ.ਡਬਲਿਊ ਦੇ ਡਰਾਈਵਰ ਨੇ ਇੰਟਰਸੈਕਸ਼ਨ ਪਾਰ ਕਰਨ ਦੀ ਕਾਹਲੀ ਵਿਚ ਰਫ਼ਤਾਰ ਹੋਰ ਵਧਾ ਦਿਤੀ ਪਰ ਇਸ ਦੇ ਸਿੱਟੇ ਵਜੋਂ ਹੋਈ ਟੱਕਰ ਐਨੀ ਖ਼ਤਰਨਾਕ ਸੀ ਕਿ ਬੱਸ ਸੜਕ ਦੇ ਇਕ ਪਾਸੇ ਮੁੜ ਗਈ। ਟੱਕਰ ਮਗਰੋਂ ਬੀ.ਐਮ.ਡਬਲਿਊ. ਵਿਚ ਅੱਗ ਵੀ ਲੱਗੀ ਜਿਸ ਨੂੰ ਐਮਰਜੰਸੀ ਕਾਮਿਆਂ ਨੇ ਬੁਝਾ ਦਿਤਾ।
ਚੋਰੀ ਕੀਤੀ ਬੀ.ਐਮ.ਡਬਲਿਊ ਵਿਚ ਜਾ ਰਹੇ ਸਨ ਜ਼ਮਾਨਤ ’ਤੇ ਰਿਹਾਅ ਸ਼ੱਕੀ
ਹਾਦਸੇ ਵਾਲੀ ਥਾਂ ਨੇੜੇ ਮੌਜੂਦ ਇਕ ਸ਼ਖਸ ਨੇ ਦੱਸਿਆ ਕਿ ਬੰਬ ਚੱਲਣ ਵਰਗੀ ਆਵਾਜ਼ ਆਈ। ਦੇਰ ਰਾਤ ਦਾ ਸਮਾਂ ਹੋਣ ਇਲਾਕਾ ਖਾਲੀ ਸੀ ਜਿਸ ਦੇ ਮੱਦੇਨਜ਼ਰ ਟੱਕਰ ਦੀ ਆਵਾਜ਼ ਦੂਰ-ਦੂਰ ਤੱਕ ਪੁੱਜੀ। ਉਧਰ ਬੱਸ ਵਿਚ ਸਵਾਰ ਮੁਸਾਫਰ ਕੰਮ ਤੋਂ ਪਰਤ ਰਹੇ ਸਨ ਅਤੇ ਟੱਕਰ ਮਗਰੋਂ ਬੁਰੀ ਤਰ੍ਹਾਂ ਘਬਰਾਅ ਗਏ। ਹਾਦਸੇ ਦੇ 9 ਜ਼ਖਮੀਆਂ ਵਿਚੋਂ ਚਾਰ ਗੱਡੀ ਵਿਚ ਸਵਾਰ ਸਨ ਜਿਨ੍ਹਾਂ ਵਿਚੋਂ ਦੋ ਜਣਿਆਂ ਦੇ ਬਚਣ ਦੀ ਸੰਭਾਵਨਾ ਘੱਟ ਹੈ। ਬੱਸ ਵਿਚ ਸਵਾਰ ਮੁਸਾਫ਼ਰ ਵੀ ਜ਼ਖਮੀ ਹੋਏ ਜਿਨ੍ਹਾਂ ਦਾ ਮੌਕੇ ’ਤੇ ਇਲਾਜ ਕਰ ਦਿਤਾ ਗਿਆ। ਹਾਦਸੇ ਮਗਰੋਂ ਕਈ ਘੰਟੇ ਤੱਕ ਇੰਟਰਸੈਕਸ਼ਨ ਨੂੰ ਬੰਦ ਰੱਖਿਆ ਗਿਆ ਅਤੇ ਫਿਲਹਾਲ ਕਿਸੇ ਵਿਰੁਧ ਕੋਈ ਦੋਸ਼ ਆਇਦ ਕਰਨ ਦਾ ਜ਼ਿਕਰ ਸਾਹਮਣੇ ਨਹੀਂ ਆਇਆ। ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਰੀ ਕੀਤੀ ਬੀ.ਐਮ.ਡਬਲਿਊ. ਵਿਚ ਸਵਾਰ ਚਾਰ ਜਣਿਆਂ ਵਿਚ ਦੋ ਜ਼ਮਾਨਤ ’ਤੇ ਬਾਹਰ ਆਏ ਹੋਏ ਸਨ ਅਤੇ ਮੁੜ ਗੱਡੀ ਚੋਰੀ ਕਰ ਲਈ। ਪੁਲਿਸ ਐਸੋਸੀਏਸ਼ਨ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਲਈ ਜ਼ਮਾਨਤੀ ਕਾਨੂੰਨ ਵਿਚ ਸੋਧ ਕੀਤੀ ਜਾਵੇ।