ਲਿਬਰਲ ਲੀਡਰਸ਼ਿਪ ਦੌੜ ਵਾਸਤੇ ਐਂਟਰੀ ਫੀਸ ਭਰਨ ਦਾ ਅੱਜ ਅੰਤਮ ਦਿਨ
ਲਿਬਰਲ ਲੀਡਰਸ਼ਿਪ ਦੌੜ ਵਾਸਤੇ ਐਂਟਰੀ ਫ਼ੀਸ ਜਮ੍ਹਾਂ ਕਰਵਾਉਣ ਦਾ ਅੱਜ ਅੰਤਮ ਦਿਨ ਹੈ ਅਤੇ ਇਸ ਤੋਂ ਪਹਿਲਾਂ ਮਾਰਕ ਕਾਰਨੀ ਅਤੇ ਚੰਦਰਾ ਆਰਿਆ ਵੱਲੋਂ ਆਪੋ ਆਪਣੇ ਕਾਗਜ਼ ਦਾਖਲ ਕਰ ਦਿਤੇ ਗਏ।;
ਟੋਰਾਂਟੋ : ਲਿਬਰਲ ਲੀਡਰਸ਼ਿਪ ਦੌੜ ਵਾਸਤੇ ਐਂਟਰੀ ਫ਼ੀਸ ਜਮ੍ਹਾਂ ਕਰਵਾਉਣ ਦਾ ਅੱਜ ਅੰਤਮ ਦਿਨ ਹੈ ਅਤੇ ਇਸ ਤੋਂ ਪਹਿਲਾਂ ਮਾਰਕ ਕਾਰਨੀ ਅਤੇ ਚੰਦਰਾ ਆਰਿਆ ਵੱਲੋਂ ਆਪੋ ਆਪਣੇ ਕਾਗਜ਼ ਦਾਖਲ ਕਰ ਦਿਤੇ ਗਏ। ਕਰੀਨਾ ਗੂਲਡ ਵੱਲੋਂ ਅੱਜ ਕਾਗਜ਼ ਦਾਖਲ ਕੀਤੇ ਜਾ ਸਕਦੇ ਹਨ ਪਰ ਕ੍ਰਿਸਟੀਆ ਫਰੀਲੈਂਡ ਦੇ ਕੈਂਪੇਨ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਦੱਸ ਦੇਈਏ ਕਿ ਮਾਰਕ ਕਾਰਨੀ ਦੇ ਹੱਕ ਵਿਚ ਨਿੱਤਰੇ ਲਿਬਰਲ ਐਮ.ਪੀਜ਼ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਪਲੜਾ ਵਜ਼ਨੀ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਸਾਬਕਾ ਐਮ.ਪੀ. ਰੂਬੀ ਢੱਲਾ ਵੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦੇ ਸੰਕੇਤ ਦੇ ਚੁੱਕੇ ਹਨ।
ਮਾਰਕ ਕਾਰਨੀ ਅਤੇ ਚੰਦਰਾ ਆਰਿਆ ਵੱਲੋਂ ਕਾਗਜ਼ ਦਾਖਲ
ਲਿਬਰਲ ਪਾਰਟੀ ਵੱਲੋਂ ਐਲਾਨੇ ਖਰਚੇ ਨਾਲ ਸਬੰਧਤ ਨਿਯਮਾਂ ਮੁਤਾਬਕ ਹਰ ਉਮੀਦਵਾਰ 50 ਲੱਖ ਡਾਲਰ ਤੱਕ ਖਰਚ ਕਰ ਸਕਦਾ ਹੈ ਪਰ ਕਰਜ਼ਾ ਲੈਣ ਦੀ ਹੱਦ ਸਿਰਫ਼ 2 ਲੱਖ ਡਾਲਰ ਤੱਕ ਸੀਮਤ ਰੱਖੀ ਗਈ ਹੈ। ਇਸ ਤੋਂ ਇਲਾਵਾ ਐਂਟਰੀ ਫ਼ੀਸ ਦੇ ਸਾਢੇ ਤਿੰਨ ਲੱਖ ਡਾਲਰ ਵਿਚੋਂ 50 ਹਜ਼ਾਰ ਡਾਲਰ ਦੀ ਮੋੜਨਯੋਗ ਰਕਮ 23 ਜਨਵਰੀ ਤੱਕ ਜਮ੍ਹਾਂ ਕਰਵਾਉਣੀ ਹੈ ਜਦਕਿ 50 ਹਜ਼ਾਰ ਡਾਲਰ ਦੀ ਨਾਮੋੜਨਯੋਗ ਰਕਮ 30 ਜਨਵਰੀ ਤੱਕ ਜਮ੍ਹਾਂ ਕਰਵਾਉਣ ਦੀ ਹਦਾਇਤ ਦਿਤੀ ਗਈ ਹੈ। ਸਵਾ ਲੱਖ ਡਾਲਰ ਦੀ ਨਾਮੋੜਨਯੋਗ ਰਕਮ 7 ਫ਼ਰਵਰੀ ਤੱਕ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਸਵਾ ਲੱਖ ਡਾਲਰ ਦੀ ਨਾਮੋੜਨਯੋਗ ਰਕਮ 17 ਫਰਵਰੀ ਤੱਕ ਜਮ੍ਹਾਂ ਕਰਵਾਉਣ ਵਾਸਤੇ ਆਖਿਆ ਗਿਆ ਹੈ। ਨਵੇਂ ਲੀਡਰ ਦੀ ਚੋਣ ਲਈ ਵੋਟਾਂ 9 ਮਾਰਚ ਨੂੰ ਪੈਣਗੀਆਂ ਅਤੇ ਉਸੇ ਦਿਨ ਦੇਰ ਸ਼ਾਮ ਤੱਕ ਨਵੇਂ ਆਗੂ ਦਾ ਐਲਾਨ ਕਰ ਦਿਤਾ ਜਾਵੇਗਾ।