ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਵਿਚੋਂ ਇਕ ਸ਼ੱਕੀ ਵੱਲੋਂ ਟਰੂਡੋ ਤੋਂ ਇਲਾਵਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਵੀ ਜਾਨੋ ਮਾਰਨ ਦੀ ਧਮਕੀ ਦਿਤੀ ਗਈ।;

Update: 2024-07-23 11:51 GMT

ਐਡਮਿੰਟਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਵਿਚੋਂ ਇਕ ਸ਼ੱਕੀ ਵੱਲੋਂ ਟਰੂਡੋ ਤੋਂ ਇਲਾਵਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਵੀ ਜਾਨੋ ਮਾਰਨ ਦੀ ਧਮਕੀ ਦਿਤੀ ਗਈ। ਆਰ.ਸੀ.ਐਮ.ਪੀ. ਵੱਲੋਂ ਦੋਹਾਂ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਧਮਕੀਆਂ ਦੇਣ ਵਾਲਿਆਂ ਵਿਚੋਂ ਇਕ ਦੀ ਉਮਰ 67 ਸਾਲ ਅਤੇ ਦੂਜੇ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਐਡਮਿੰਟਨ ਦੇ ਵਸਨੀਕ 67 ਸਾਲਾ ਸ਼ੱਕੀ ਵਿਰੁੱਧ ਧਮਕੀਆਂ ਦੇਣ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ। ਜਾਨੋ ਮਾਰਨ ਦੀਆਂ ਕਥਿਤ ਧਮਕੀਆਂ ਦੀ ਸ਼ਿਕਾਇਤ ਬੀਤੀ 7 ਜੂਨ ਨੂੰ ਆਰ.ਸੀ.ਐਮ.ਪੀ. ਕੋਲ ਪੁੱਜੀ ਅਤੇ 13 ਜੂਨ ਨੂੰ ਸ਼ੱਕੀ ਵਿਰੁੱਧ ਦੋਸ਼ ਆਇਦ ਕੀਤੇ ਗਏ ਜੋ ਵੀਰਵਾਰ ਨੂੰ ਐਡਮਿੰਟਨ ਦੀ ਅਦਾਲਤ ਵਿਚ ਪੇਸ਼ ਹੋਵੇਗਾ।

ਜਗਮੀਤ ਸਿੰਘ ਅਤੇ ਕ੍ਰਿਸਟੀਆ ਫਰੀਲੈਂਡ ਵੀ ਨਾ ਬਖਸ਼ੇ

ਇਕ ਵੱਖਰੇ ਮਾਮਲੇ ਤਹਿਤ ਕੈਲਗਰੀ ਦੇ 23 ਸਾਲਾ ਸ਼ਖਸ ਵਿਰੁੱਧ 6 ਜੂਨ ਨੂੰ ਕਾਰਵਾਈ ਕੀਤੀ ਗਈ ਜਿਸ ਵੱਲੋਂ ਟਵਿਟਰ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋ ਮਾਰਨ ਦੀ ਧਮਕੀ ਦਿਤੀ ਗਈ। ਉਹ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਹੋਵੇਗਾ। ਆਰ.ਸੀ.ਐਮ.ਪੀ. ਦੇ ਇੰਸਪੈਕਟਰ ਮੈਥਿਊ ਜੌਹਨਸਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜੋਕੇ ਡਿਜੀਟਲ ਯੁਗ ਵਿਚ ਆਨਲਾਈਨ ਰਾਬਤਾ ਆਮ ਗੱਲ ਹੋ ਗਈ ਅਤੇ ਕੁਝ ਲੋਕ ਆਪਣੀ ਪਛਾਣ ਜ਼ਾਹਰ ਨਹੀਂ ਹੋਣ ਦਿੰਦੇ ਜਿਨ੍ਹਾਂ ਦਾ ਮੰਨਣਾ ਹੈ ਕਿ ਵਰਚੁਅਲ ਤਰੀਕੇ ਨਾਲ ਕੀਤੀ ਹਰਕਤ ਦਾ ਕੋਈ ਸਿੱਟਾ ਭੁਗਤਣਾ ਨਹੀਂ ਪਵੇਗਾ ਪਰ ਜਦੋਂ ਅਜਿਹੀਆਂ ਹਰਕਤਾਂ ਜਾਂ ਸ਼ਬਦ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ ਤਾਂ ਅਪਰਾਧਕ ਸਰਗਰਮੀ ਦਾ ਜਨਮ ਹੁੰਦਾ ਹੈ।

ਐਲਬਰਟਾ ਦੇ 2 ਸ਼ੱਕੀਆਂ ਵਿਰੁੱਧ ਕਾਰਵਾਈ

ਇਨ੍ਹਾਂ ਅਪਰਾਧਕ ਸਰਗਰਮੀਆਂ ਦੀ ਵਿਸਤਾਰਤ ਪੜਤਾਲ ਕੀਤੀ ਜਾਂਦੀ ਹੈ ਅਤੇ ਦੋਸ਼ੀਆਂ ਨੂੰ ਜਵਾਬਦੇਹ ਬਣਾਇਆ ਜਾਂਦਾ ਹੈ। ਇਥੇ ਦਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਨੂੰ ਆਨਲਾਈਨ ਧਮਕੀਆਂ ਦੇਣ ਵਾਲੇ ਕਈ ਜਣਿਆਂ ਵਿਰੁੱਧ ਕਾਰਵਾਈ ਹੋ ਚੁੱਕੀ ਹੈ। ਆਖਰੀ ਮਾਮਲਾ ਫਰਵਰੀ 2024 ਵਿਚ ਸਾਹਮਣੇ ਆਇਆ ਸੀ ਜਦੋਂ ਮੌਂਟਰੀਅਲ ਦੇ ਇਕ ਸ਼ਖਸ ਵਿਰੁੱਧ ਦੋਸ਼ ਆਇਦ ਕੀਤੇ ਗਏ। ਦੂਜੇ ਪਾਸੇ ਹਾਊਸ ਆਫ ਕਾਮਨਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਰਲੀਮੈਂਟ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲਿਆਂ ਵਿਚ ਪਿਛਲੇ ਪੰਜ ਸਾਲ ਦੌਰਾਨ 800 ਫੀ ਸਦੀ ਵਾਧਾ ਹੋ ਚੁੱਕਾ ਹੈ। ਆਰ.ਸੀ.ਐਮ.ਪੀ. ਦੇ ਸਹਾਇਕ ਕਮਿਸ਼ਨਰ ਵੱਲੋਂ ਹਾਲ ਹੀ ਵਿਚ ਦੱਸਿਆ ਗਿਆ ਕਿ ਸੁਰੱਖਿਆ ਮੰਗਣ ਵਾਲੇ ਐਮ.ਪੀਜ਼ ਦੀ ਗਿਣਤੀ 2018 ਮਗਰੋਂ ਦੁੱਗਣੀ ਹੋ ਚੁੱਕੀ ਹੈ। ਇਸੇ ਦੌਰਾਨ ਔਟਵਾ ਦੀ ਕਾਰਲਟਨ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਅਤੇ ਸਾਬਕਾ ਕੌਮੀ ਸੁਰੱਖਿਆ ਵਿਸ਼ਲੇਸ਼ਕ ਸਟੈਫਨੀ ਕਾਰਵਨ ਨੇ ਕਿਹਾ ਕਿ ਸਿਆਸਤਦਾਨਾਂ ਜਾਂ ਉਚੇ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਆਨਲਾਈਨ ਧਮਕੀਆਂ ਵਿਚ ਵਾਧਾ ਬਹੁਤੀ ਹੈਰਾਨੀ ਪੈਦਾ ਨਹੀਂ ਕਰਦਾ। ਅਸਲੀਅਤ ਇਹ ਹੈ ਕਿ ਕਿਸੇ ਕਿਸੇ ਮਾਮਲੇ ਵਿਚ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ।

Tags:    

Similar News