ਉਨਟਾਰੀਓ ਵਿਚ ਸ਼ਰਾਬ ਦੇ ਠੇਕਿਆਂ ’ਤੇ ਮੰਡਰਾਇਆ ਹੜਤਾਲ ਦਾ ਖਤਰਾ
ਉਨਟਾਰੀਓ ਵਿਚ ਸ਼ਰਾਬ ਦੇ ਠੇਕੇ ਬੰਦ ਹੋਣ ਦੀ ਨੌਬਤ ਆ ਸਕਦੀ ਹੈ। ਜੀ ਹਾਂ, ਸੂਬਾ ਸਰਕਾਰ ਵੱਲੋਂ ਬੀਅਰ ਸਟੋਰ ਨੂੰ ਲਾਟਰੀ ਟਿਕਟਾਂ ਵੇਚਣ ਦੀ ਇਜਾਜ਼ਤ ਦੇਣ ਅਤੇ ਹੋਰ ਕਈ ਫੈਸਲਿਆਂ ਤੋਂ ਨਾਰਾਜ਼ ਐਲ.ਸੀ.ਬੀ.ਓ. ਕਾਮੇ ਹੜਤਾਲ ਕਰਨ ’ਤੇ ਵਿਚਾਰ ਕਰ ਰਹੇ ਹਨ।;
ਟੋਰਾਂਟੋ : ਉਨਟਾਰੀਓ ਵਿਚ ਸ਼ਰਾਬ ਦੇ ਠੇਕੇ ਬੰਦ ਹੋਣ ਦੀ ਨੌਬਤ ਆ ਸਕਦੀ ਹੈ। ਜੀ ਹਾਂ, ਸੂਬਾ ਸਰਕਾਰ ਵੱਲੋਂ ਬੀਅਰ ਸਟੋਰ ਨੂੰ ਲਾਟਰੀ ਟਿਕਟਾਂ ਵੇਚਣ ਦੀ ਇਜਾਜ਼ਤ ਦੇਣ ਅਤੇ ਹੋਰ ਕਈ ਫੈਸਲਿਆਂ ਤੋਂ ਨਾਰਾਜ਼ ਐਲ.ਸੀ.ਬੀ.ਓ. ਕਾਮੇ ਹੜਤਾਲ ਕਰਨ ’ਤੇ ਵਿਚਾਰ ਕਰ ਰਹੇ ਹਨ। ਐਲ.ਸੀ.ਬੀ.ਓ. ਕਾਮਿਆਂ ਦੀ ਯੂਨੀਅਨ ਨੇ ਕਿਹਾ ਕਿ ਪਹਿਲਾਂ ਹੀ ਬੀਅਰ ਦੀ ਵਿਕਰੀ ਕਨਵੀਨੀਐਂਸ ਸਟੋਰਾਂ ’ਤੇ ਕੀਤੀ ਜਾ ਰਹੀ ਹੈ ਅਤੇ ਹੁਣ ਲਾਟਰੀ ਵਾਲਾ ਫੈਸਲਾ ਕਈ ਐਲ.ਸੀ.ਬੀ.ਓ. ਸਟੋਰ ਬੰਦ ਹੋਣ ਦਾ ਕਾਰਨ ਬਣ ਸਕਦਾ ਹੈ।
‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਸੂਬਾ ਸਰਕਾਰ ਵੱਲੋਂ ਬੀਅਰ ਸਟੋਰ ਨਾਲ ਕੀਤੇ ਸਮਝੌਤੇ ਤਹਿਤ ਬੀਅਰ ਤੋਂ ਇਲਾਵਾ ਸਾਈਡਰ ਅਤੇ ਲਾਟਰੀ ਟਿਕਟਾਂ ਵੇਚਣ ਦੀ ਇਜਾਜ਼ਤ ਦਿਤੀ ਗਈ ਹੈ। ਦੂਜੇ ਪਾਸੇ ਸੂਬੇ ਵਿਚ ਮੌਜੂਦ 8,500 ਕਨਵੀਨੀਐਂਸ ਅਤੇ ਗਰੌਸਰੀ ਸਟੋਰਾਂ ਵਿਚ ਵੀ ਜਲਦ ਹੀ ਬੀਅਰ ਮਿਲਣੀ ਸ਼ੁਰੂ ਹੋ ਜਾਵੇਗੀ। ਵਿੱਤ ਮੰਤਰੀ ਪੀਟਰ ਬੈਥਲਨਫੌਲਵੀ ਦਾਅਵਾ ਕਰ ਰਹੇ ਹਨ ਕਿ ਸਾਧਾਰਣ ਸਟੋਰਾਂ ’ਤੇ ਬੀਅਰ ਦੀ ਵਿਕਰੀ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਆਰਥਿਕ ਸਰਗਰਮੀਆਂ ਵਿਚ ਵਾਧਾ ਹੋਵੇਗਾ। ਇਸ ਦੇ ਉਲਟ ਐਲ.ਸੀ.ਬੀ.ਓ. ਕਾਮਿਆਂ ਦੀ ਯੂਨੀਅਨ ਵਿੱਤ ਮੰਤਰੀ ਦੀ ਦਲੀਲ ਨਾਲ ਬਿਲਕੁਲ ਵੀ ਸਹਿਮਤ ਨਹੀਂ।
ਯੂਨੀਅਨ ਨੇ ਦੋਸ਼ ਲਾਇਆ ਹੈ ਕਿ ਪ੍ਰੀਮੀਅਰ ਡਗ ਫੋਰਡ ਐਲ.ਸੀ.ਬੀ.ਓ. ਦਾ ਮੁਨਾਫਾ ਖੋਹ ਦੇ ਹੋਰਨਾਂ ਦੇ ਹੱਥਾਂ ਵਿਚ ਸੌਂਪ ਰਹੇ ਹਨ। ਬਿਨਾਂ ਸ਼ੱਕ ਉਨਟਾਰੀਓ ਵਿਚ ਐਲ.ਸੀ.ਬੀ.ਓ. ਸਟੋਰ ਬੰਦ ਹੋਣਗੇ ਅਤੇ ਕਾਮਿਆਂ ਦੇ ਬੇਰੁਜ਼ਗਾਰ ਹੋਣ ਦਾ ਸਿਲਸਿਲਾ ਸ਼ੁਰੂ ਹੋਵੇਗਾ। ਯੂਨੀਅਨ ਨੇ ਅੱਗੇ ਕਿਹਾ ਕਿ 8,500 ਸਟੋਰਾਂ ਰਾਹੀਂ ਸ਼ੁਰੂ ਹੋਣ ਵਾਲੀ ਨਵੀਂ ਵਿਕਰੀ ਦਾ ਮੁਕਾਬਲਾ ਕੋਈ ਨਹੀਂ ਕਰ ਸਕੇਗਾ ਅਤੇ ਸਿਰਫ ਸ਼ਰਾਬ ਵੇਚ ਕੇ ਐਲ.ਸੀ.ਬੀ.ਓ. ਸਟੋਰਾਂ ਦਾ ਗੁਜ਼ਾਰਾ ਨਹੀਂ ਚੱਲਣਾ। ਐਲ.ਸੀ.ਬੀ.ਓ. ਯੂਨੀਅਨ 15 ਜੂਨ ਤੱਕ ਹੜਤਾਲ ਬਾਰੇ ਅੰਦਰੂਨੀ ਵਿਚਾਰ ਵਟਾਂਦਰ ਕਰੇਗੀ ਅਤੇ ਇਸ ਤੋਂ ਬਾਅਦ ਸਰਬਸੰਮਤੀ ਨਾਲ ਹੀ ਕੋਈ ਫੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਡਗ ਫੋਰਡ ਸਰਕਾਰ ਵੱਲੋਂ 2026 ਤੋਂ ਕਨਵੀਨੀਐਂਸ ਸਟੋਰਜ਼, ਸੁਪਰਮਾਰਕਿਟਸ ਅਤੇ ਗੈਸ ਸਟੇਸ਼ਨਾਂ ’ਤੇ ਬੀਅਰ ਅਤੇ ਵਾਈਨ ਦੀ ਵਿਕਰੀ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਪਰ ਸੰਭਾਵਤ ਤੌਰ ’ਤੇ ਤੇਜ਼ੀ ਨਾਲ ਕਦਮ ਅੱਗੇ ਵਧਾਉਂਦਿਆਂ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਨਵੀਂ ਨੀਤੀ ਲਾਗੂ ਕੀਤੀ ਜਾ ਰਹੀ ਹੈ। ਬੀਅਰ ਜਾਂ ਵਾਈਨ ਵੇਚਣ ਵਾਸਤੇ ਲਾਇਸੰਸ ਲੈਣਾ ਲਾਜ਼ਮੀ ਹੋਵੇਗਾ ਅਤੇ ਇਸ ਵਾਸਤੇ ਆਉਣ ਵਾਲੇ ਕੁਝ ਹਫਤਿਆਂ ਵਿਚ ਅਰਜ਼ੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ।