Canada ਵਿਚ ਹਜ਼ਾਰਾਂ ਲੋਕ ਹੋਣਗੇ unemployed

ਕੈਨੇਡਾ ਵਿਚ ਸੈਂਕੜੇ ਪੰਜਾਬੀ ਨੌਜਵਾਨ ਇਕ ਨਵੀਂ ਮੁਸ਼ਕਲ ਵਿਚ ਘਿਰਦੇ ਨਜ਼ਰ ਆ ਰਹੇ ਹਨ ਜੋ ਨੇੜ ਭਵਿੱਖ ਵਿਚ ਰੁਜ਼ਗਾਰ ਤੋਂ ਵਾਂਝੇ ਹੋ ਜਾਣਗੇ ਅਤੇ ਆਰਥਿਕ ਔਕੜਾਂ ਦੇ ਨਾਲ-ਨਾਲ ਇੰਮੀਗ੍ਰੇਸ਼ਨ ਸਮੱਸਿਆਵਾਂ ਦਾ ਟਾਕਰਾ ਕਰਨਾ ਪੈ ਸਕਦਾ ਹੈ

Update: 2026-01-12 14:10 GMT

ਟੋਰਾਂਟੋ : ਕੈਨੇਡਾ ਵਿਚ ਸੈਂਕੜੇ ਪੰਜਾਬੀ ਨੌਜਵਾਨ ਇਕ ਨਵੀਂ ਮੁਸ਼ਕਲ ਵਿਚ ਘਿਰਦੇ ਨਜ਼ਰ ਆ ਰਹੇ ਹਨ ਜੋ ਨੇੜ ਭਵਿੱਖ ਵਿਚ ਰੁਜ਼ਗਾਰ ਤੋਂ ਵਾਂਝੇ ਹੋ ਜਾਣਗੇ ਅਤੇ ਆਰਥਿਕ ਔਕੜਾਂ ਦੇ ਨਾਲ-ਨਾਲ ਇੰਮੀਗ੍ਰੇਸ਼ਨ ਸਮੱਸਿਆਵਾਂ ਦਾ ਟਾਕਰਾ ਕਰਨਾ ਪੈ ਸਕਦਾ ਹੈ। ਜੀ ਹਾਂ, ਕੈਨੇਡਾ ਵਿਚ ਨਵੇਂ ਵਰ੍ਹੇ ਦੌਰਾਨ ਘੱਟੋ ਘੱਟ 4 ਹਜ਼ਾਰ ਰੈਸਟੋਰੈਂਟ ਬੰਦ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਅਤੇ ਇਥੇ ਕੰਮ ਕਰਨ ਵਾਲਿਆਂ ਨੂੰ ਨਵੀਆਂ ਨੌਕਰੀਆਂ ਤਲਾਸ਼ ਕਰਨੀਆਂ ਹੋਣਗੀਆਂ। ਡਲਹੌਜ਼ੀ ਯੂਨੀਵਰਸਿਟੀ ਦੇ ਤਾਜ਼ਾ ਸਰਵੇਖਣ ਮੁਤਬਕ ਮਹਿੰਗਾਈ ਤੋਂ ਤੰਗ ਆਏ ਲੋਕਾਂ ਨੇ ਘਰੋਂ ਬਾਹਰ ਖਾਣ ਦੀ ਆਦਤ ਘਟਾ ਦਿਤੀ ਹੈ ਅਤੇ ਗਾਹਕਾਂ ਦੀ ਕਮੀ ਦੇ ਮੱਦੇਨਜ਼ਰ ਰੈਸਟੋਰੈਂਟ ਮਾਲਕ ਆਪਣਾ ਕੰਮਕਾਜ ਸਮੇਟਣ ਲਈ ਮਜਬੂਰ ਹੋ ਰਹੇ ਹਨ। ਡਲਹੌਜ਼ੀ ਯੂਨੀਵਰਸਿਟੀ ਦੀ ਐਗਰੀ ਫੂਡ ਐਨਾਲਿਟਿਕਸ ਲੈਬ ਦੇ ਡਾਇਰੈਕਟਰ ਸਿਲਵੈਨ ਚਾਰਲਬੌਇਸ ਨੇ ਦੱਸਿਆ ਕਿ ਪਿਛਲੇ ਸਾਲ 7 ਹਜ਼ਾਰ ਰੈਸਟੋਰੈਂਟਸ ਦੇ ਦਰਵਾਜ਼ੇ ਬੰਦ ਹੋਏ ਅਤੇ ਮੌਜੂਦਾ ਵਰ੍ਹੇ ਦੌਰਾਨ ਅੰਕੜਾ ਚਾਰ ਹਜ਼ਾਰ ਦੇ ਨੇੜੇ-ਤੇੜੇ ਰਹਿ ਸਕਦਾ ਹੈ।

4 ਹਜ਼ਾਰ ਰੈਸਟੋਰੈਂਟਸ ਬੰਦ ਹੋਣ ਦੀ ਪੇਸ਼ੀਨਗੋਈ

ਉਧਰ ਰੈਸਟੋਰੈਂਟਸ ਕੈਨੇਡਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ, ਕਿਰਾਇਆ ਅਤੇ ਬੀਮੇ ਦਾ ਖਰਚਾ ਕੱਢਣਾ ਔਖਾ ਹੋ ਗਿਆ ਹੈ। 40 ਫ਼ੀ ਸਦੀ ਤੋਂ ਵੱਧ ਰੈਸਟੋਰੈਂਟ ਘਾਟੇ ਵਿਚ ਚੱਲ ਰਹੇ ਹਨ ਜਾਂ ਸਿਰਫ਼ ਖਰਚਾ ਹੀ ਪੂਰਾ ਹੋ ਰਿਹਾ ਹੈ ਅਤੇ ਮੁਨਾਫ਼ੇ ਦਾ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ ਪਰ ਦੂਜੇ ਪਾਸੇ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਪਕਵਾਨਾਂ ਦੀਆਂ ਕੀਮਤਾਂ ਵਿਚ ਬਹੁਤਾ ਵਾਧਾ ਨਹੀਂ ਕੀਤਾ ਜਾ ਸਕਦਾ। ਕਿਸੇ ਵੇਲੇ ਰੈਸਟੋਰੈਂਟਸ ਵਿਚ ਖੁੱਲ੍ਹ ਕੇ ਖਰਚਾ ਕਰਨ ਵਾਲੇ ਕੈਨੇਡੀਅਨਜ਼ ਨੇ ਹੁਣ ਹੱਥ ਘੁੱਟ ਲਿਆ ਹੈ ਜਿਸ ਦਾ ਸਿੱਧਾ ਅਸਰ ਰੈਸਟੋਰੈਂਟ ਇੰਡਸਟਰੀ ਉਤੇ ਪੈ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ 14 ਦਸੰਬਰ 2024 ਤੋਂ 15 ਫ਼ਰਵਰੀ 2025 ਦਰਮਿਆਨ ਉਨਟਾਰੀਓ ਦੇ ਲੋਕਾਂ ਨੂੰ ਰੈਸਟੋਰੈਂਟਸ ਵਿਚ ਲੱਗਣ ਵਾਲੇ ਜੀ.ਐਸ.ਟੀ./ਐਚ.ਐਸ.ਟੀ. ਟੈਕਸ ਤੋਂ ਰਾਹਤ ਮਿਲੀ ਤਾਂ ਗਾਹਕਾਂ ਦੀ ਗਿਣਤੀ ਵਿਚ ਵਾਧਾ ਜ਼ਰੂਰ ਹੋਇਆ। ਰੈਸਟੋਰੈਂਟਸ ਕੈਨੇਡਾ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਫ਼ਸਰ ਕੈਲੀ ਹਿਗਿਨਸਨ ਵੱਲੋਂ ਟੈਕਸਾਂ ਵਿਚ ਰਿਆਇਤ ਪੱਕੇ ਤੌਰ ’ਤੇ ਲਾਗੂ ਕਰਨ ਦੀ ਆਵਾਜ਼ ਉਠਾਈ ਗੲਂ ਹੈ। ਉਨ੍ਹਾਂ ਕਿਹਾ ਕਿ ਜਦੋਂ ਅਫ਼ੌਰਡੇਬੀਲਿਟੀ ਦਾ ਮੁੱਦਾ ਗੁੰਝਲਦਾਰ ਹੋ ਗਿਆ ਹੈ ਤਾਂ ਖੁਰਾਕੀ ਵਸਤਾਂ ਤੋਂ ਟੈਕਸ ਹਟ ਜਾਣਾ ਚਾਹੀਦਾ ਹੈ।

ਖਾਣ-ਪੀਣ ਵਾਲੀਆਂ ਵਸਤਾਂ ਤੋਂ ਟੈਕਸ ਹਟਾਉਣ ਦੀ ਆਵਾਜ਼ ਉਠੀ

ਹਿਗਿਨਸਨ ਨੇ ਸਵਾਲ ਉਠਾਇਆ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਟੈਕਸ ਕਿਉਂ ਵਸੂਲ ਕੀਤਾ ਜਾ ਰਿਹਾ ਹੈ? ਇਹ ਬੇਹੱਦ ਨਿਕੰਮੀ ਸਰਕਾਰੀ ਨੀਤੀ ਮੰਨੀ ਜਾ ਸਕਦੀ ਹੈ। ਉਧਰ ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਸਿਲਵੈਨ ਚਾਰਲਬੌਇਸ ਨੇ ਵੀ ਖੁਰਾਕੀ ਵਸਤਾਂ ਉਤੇ ਲਾਗੂ ਟੈਕਸ ਹਟਾਏ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ। ਉਨ੍ਹਾਂ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਰੈਸਟੋਰੈਂਟਸ ਵਿਚ ਸ਼ਰਾਬ ਜਾਂ ਵਾਈਨ ਦੀ ਵਿਕਰੀ ਘਟ ਰਹੀ ਹੈ ਪਰ ਇਸ ਦੇ ਨਾਲ ਹੀ ਸ਼ਰਾਬ ਦੇ ਠੇਕਿਆਂ ’ਤੇ ਹੋਣ ਵਾਲੀ ਵਿਕਰੀ ਵਿਚ ਲੰਘੇ ਅਕਤੂਬਰ ਮਹੀਨੇ ਦੌਰਾਨ 10.6 ਫ਼ੀ ਸਦੀ ਕਮੀ ਦਰਜ ਕੀਤੀ ਗਈ। ਚਾਰਲਬੌਇਸ ਨੇ ਰੈਸਟੋਰੈਂਟਸ ਵਿਚ ਗਾਹਕਾਂ ਦੀ ਗਿਣਤੀ ਘਟਣ ਵਿਚ ਪਿੱਛੇ ਟਿਪ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕਿਸੇ ਰੈਸਟੋਰੈਂਟ ਵਿਚ ਬੈਠ ਕੇ ਖਾਣ ਵਾਲਿਆਂ ਤੋਂ ਟਿਪ ਮੰਗੀ ਜਾਵੇ ਤਾਂ ਜਾਇਜ਼ ਮੰਨਿਆ ਜਾ ਸਕਦਾ ਹੈ ਪਰ ਫਾਸਟ ਫ਼ੂਡ ਆਊਟਲੈਟਸ ਦੇ ਕਾਊਂਟਰ ਤੋਂ ਬਾਹਰੋ-ਬਾਹਰ ਆਰਡਰ ਲਿਜਾਣ ਵਾਲੇ ਗਾਹਕਾਂ ਤੋਂ ਵੀ ਟਿਪ ਮੰਗੀ ਜਾਂਦੀ ਹੈ। ਦੱਸ ਦੇਈਏ ਕਿ ਕੈਨੇਡਾ ਵਿਚ ਦਸੰਬਰ ਮਹੀਨੇ ਦੌਰਾਨ 8,200 ਨਵੀਆਂ ਨੌਕਰੀਆਂ ਪੈਦਾ ਹੋਈਆਂ ਪਰ ਰੁਜ਼ਗਾਰ ਦੀ ਭਾਲ ਵਿਚ ਨਿਕਲਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 6.8 ਫ਼ੀ ਸਦੀ ਹੋ ਗਈ।

Tags:    

Similar News