ਉਨਟਾਰੀਓ ਦੇ ਬੇਘਰ ਸਾਬਕਾ ਵਿਧਾਇਕ ਵਾਸਤੇ ਹਜ਼ਾਰਾਂ ਡਾਲਰ ਇਕੱਤਰ
ਕੈਨੇਡਾ ਵਿਚ ਬੇਘਰ ਚਾਰ ਵਾਰ ਦੇ ਸਾਬਕਾ ਵਿਧਾਇਕ ਵਾਸਤੇ ਸਿਆਸਤਦਾਨਾਂ ਵੱਲੋਂ 30 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਕੀਤੀ ਗਈ ਹੈ;
ਟੋਰਾਂਟੋ : ਕੈਨੇਡਾ ਵਿਚ ਬੇਘਰ ਚਾਰ ਵਾਰ ਦੇ ਸਾਬਕਾ ਵਿਧਾਇਕ ਵਾਸਤੇ ਸਿਆਸਤਦਾਨਾਂ ਵੱਲੋਂ 30 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਕੀਤੀ ਗਈ ਹੈ ਜਿਸ ਦੀ ਵਰਤੋਂ ਲਾਰੈਂਜ਼ੋ ਬੈਰਾਰਡੀਨਿਟੀ ਨੂੰ ਆਪਣੀ ਰਿਹਾਇਸ਼ ਮੁਹੱਈਆ ਕਰਵਾਉਣ ਵਾਸਤੇ ਕੀਤੀ ਜਾਵੇਗੀ। ਉਨਟਾਰੀਓ ਦੇ ਸਿਆਸਤਦਾਨਾਂ ਵੱਲੋਂ ਪਾਰਟੀ ਹੱਦਾਂ ਤੋਂ ਉਪਰ ਉਠ ਕੇ ਦਾਨ ਦਿਤਾ ਗਿਆ ਅਤੇ ਲਾਰੈਂਜ਼ੋ ਵੱਲੋਂ ਉਨ੍ਹਾਂ ਦਾ ਦਿਲੋਂ ਸ਼ੁਕਰੀਆ ਅਦਾ ਕੀਤਾ ਜਾ ਰਿਹਾ ਹੈ। ਸਕਾਰਬ੍ਰੋਅ ਵਿਚ ਜੰਮੇ ਲਾਰੈਂਜ਼ੋ ਬੈਰਾਰਡੀਨਿਟੀ ਦੀ ਮੌਜੂਦਾ ਹਾਲਤ ਬਾਰੇ ਪਤਾ ਲੱਗਾ ਤਾਂ ਵੱਡੀ ਗਿਣਤੀ ਵਿਚ ਸਿਆਸਤਦਾਨ ਮਦਦ ਵਾਸਤੇ ਅੱਗੇ ਆਉਣ ਲੱਗੇ ਜਿਨ੍ਹਾਂ ਵਿਚ ਸਾਬਕਾ ਪ੍ਰੀਮੀਅਰ ਕੈਥਲੀਨ ਵਿਨ, ਟੋਰਾਂਟੋ ਦੇ ਸਾਬਕਾ ਮੇਅਰ ਜੌਹਨ ਟੋਰੀ, ਡੇਵਿਡ ਵਾਰਨਰ, ਜਾਰਜ ਸਮਿਦਰਮੈਨ, ਬਰੈਡ ਡੁਗੁਇਡ, ਕੌਂਸਲਰ ਪਾਰਥੀ ਕੰਦਾਵੇਲ ਅਤੇ ਕੌਂਸਲਰ ਬਰੈਡ ਬਰੈਡਫੋਰਡ ਦੇ ਨਾਂ ਪ੍ਰਮੁੱਖ ਤੌਰ ’ਤੇ ਲਏ ਜਾ ਸਕਦੇ ਹਨ।
ਪਾਰਟੀ ਹੱਦਾਂ ਤੋਂ ਉਪਰ ਉਠ ਕੇ ਸਿਆਸਤਦਾਨਾਂ ਨੇ ਕੀਤੀ ਮਦਦ
ਪੀ.ਸੀ. ਪਾਰਟੀ ਦੀ ਮੌਜੂਦਾ ਵਿਧਾਇਕ ਲਿਜ਼ਾ ਮਕਲਾਓਡ ਵੱਲੋਂ ਹੋਰਨਾਂ ਨੂੰ ਵੀ ਲਾਰੈਂਜ਼ੋ ਦੀ ਮਦਦ ਦਾ ਸੱਦਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਰਥਿਕ ਮੁਸ਼ਕਲਾਂ ਵਿਚੋਂ ਲੰਘਣ ਵਾਲੇ ਲਾਰੈਂਜ਼ੋ ਪਹਿਲੇ ਸਾਬਕਾ ਸਿਆਸਤਦਾਨ ਨਹੀਂ ਪਰ ਬੇਘਰ ਹੋਣ ਵਾਲੇ ਪਹਿਲੇ ਸਿਆਸਤਦਾਨ ਜ਼ਰੂਰ ਮੰਨੇ ਜਾ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ 2003 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਜਾਣ ਤੋਂ ਪਹਿਲਾਂ ਲੌਰੈਂਜ਼ੋ 1988 ਤੋਂ 1996 ਤੱਕ ਸਕਾਰ੍ਰਬੋਅ ਸੈਂਟਰ ਦੇ ਵਾਰਡ 37 ਤੋਂ ਕੌਂਸਲਰ ਵੀ ਰਹੇ ਅਤੇ ਫਿਰ ਸੂਬਾਈ ਸਿਆਸਤ ਵਿਚ ਕਦਮ ਰੱਖ ਦਿਤਾ। ਯੂਨੀਵਰਸਿਟੀ ਆਫ਼ ਟੋਰਾਂਟੋ ਅਤੇ ਯੂਨੀਵਰਸਿਟੀ ਆਫ਼ ਵਿੰਡਸਰ ਲਾਅ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਲੌਰੈਂਜ਼ੋ 1988 ਵਿਚ ਉਨਟਾਰੀਓ ਬਾਰ ਦਾ ਹਿੱਸਾ ਬਣੇ। ਲੌਰੈਂਜ਼ੋ ਦੇ ਪਤਨੀ ਨੇ ਵੀ ਅਕਤੂਬਰ 2010 ਵਿਚ ਟੋਰਾਂਟੋ ਸਿਟੀ ਕੌਂਸਲ ਦੀ ਚੋਣ ਜਿੱਤ ਪਰ 2021 ਵਿਚ ਦੋਹਾਂ ਦਾ ਤਲਾਕ ਹੋ ਗਿਆ। 2003 ਦੀਆਂ ਉਨਟਾਰੀਓ ਵਿਧਾਨ ਸਭਾ ਚੋਣਾਂ ਦੌਰਾਨ ਲੌਰੈਂਜ਼ੋ ਨੇ ਸਕਾਰਬ੍ਰੋਅ ਸਾਊਥ ਵੈਸਟ ਰਾਈਡਿੰਗ ਤੋਂ 6 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਪ੍ਰੀਮੀਅਰ ਡਾਲਟਨ ਮਗਿੰਟੀ ਵੱਲੋਂ ਲੌਰੈਂਜ਼ੋ ਨੂੰ ਡਿਪਟੀ ਵਿ੍ਹਪ ਨਿਯੁਕਤ ਕੀਤਾ ਗਿਆ। 2007 ਵਿਚ ਲੌਰੈਂਜ਼ੋ ਮੁੜ ਵਿਧਾਇਕ ਚੁਣੇ ਗਏ ਅਤੇ 2011 ਤੇ 2014 ਦੀਆਂ ਉਨਟਾਰੀਓ ਵਿਧਾਨ ਸਭਾ ਚੋਣਾਂ ਵਿਚ ਵੀ ਜਿੱਤ ਦਾ ਸਿਲਸਿਲਾ ਜਾਰੀ ਰਿਹਾ।
4 ਵਾਰ ਵਿਧਾਇਕ ਰਹਿ ਚੁੱਕੇ ਨੇ ਲਾਰੈਂਜ਼ੋ ਬੈਰਾਰਡੀਨਿਟੀ
2018 ਤੱਕ ਰਹੀ ਲਿਬਰਲ ਸਰਕਾਰ ਵਿਚ ਲੌਰੈਂਜ਼ੋ ਕਿਰਤ ਮੰਤਰੀ ਦੇ ਪਾਰਲੀਮਾਨੀ ਸਹਾਇਕ ਰਹੇ ਜਦਕਿ ਅਟਾਰਨੀ ਜਨਰਲ ਦੇ ਪੀ.ਏ. ਦੀਆਂ ਸੇਵਾਵਾਂ ਵੀ ਨਿਭਾਈਆਂ। 2018 ਦੀਆਂ ਚੋਣਾਂ ਵਿਚ ਡਗ ਫੋਰਡ ਦੀ ਅਗਵਾਈ ਹੇਠ ਪੀ.ਸੀ. ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਤਾਂ ਲੌਰੈਂਜ਼ੋ ਆਪਣੀ ਸੀਟ ਹਾਰ ਗਏ। 2022 ਵਿਚ ਉਨ੍ਹਾਂ ਵੱਲੋਂ ਟੋਰਾਂਟੋ ਸਿਟੀ ਕੌਂਸਲ ਦੀਆਂ ਚੋਣਾਂ ਰਾਹੀਂ ਸਿਆਸਤ ਵਿਚ ਵਾਪਸੀ ਕਰਨ ਦਾ ਯਤਨ ਕੀਤਾ ਗਿਆ ਪਰ ਚੌਥੇ ਸਥਾਨ ’ਤੇ ਰਹੇ। ਮਿਊਂਸਪਲ ਚੋਣਾਂ ਵਿਚ ਹਾਰ ਮਗਰੋਂ ਅਜਿਹਾ ਦੌਰਾ ਪਿਆ ਕਿ ਇਕ ਮਹੀਨਾ ਕੋਮਾ ਵਿਚ ਰਹੇ। 2018 ਵਿਚ ਮਿਲੀ ਹਾਰ ਤੋਂ ਬਾਅਦ ਹੀ ਲੌਰੈਂਜ਼ੋ ਨੂੰ ਢੁਕਵਾਂ ਕੰਮ ਨਾ ਮਿਲਿਆ ਅਤੇ ਕੋਮਾ ਵਿਚ ਜਾਣ ਮਗਰੋਂ ਹਾਲਾਤ ਹੋਰ ਜ਼ਿਆਦਾ ਉਲਝ ਗਏ। ਸਾਰੀ ਬੱਚਤ ਖਤਮ ਹੋ ਚੁੱਕੀ ਸੀ ਅਤੇ ਆਖਰਕਾਰ ਉਹ ਅਜੈਕਸ ਵਿਖੇ ਆਪਣੇ ਭਰਾ ਦੇ ਘਰ ਰਹਿਣ ਲੱਗੇ ਪਰ 2023 ਵਿਚ ਪੈਸੇ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਭਰਾ ਦਾ ਘਰ ਵੀ ਛੱਡਣਾ ਪਿਆ ਅਤੇ ਆਖਰਕਾਰ ਬੇਘਰਾਂ ਦੇ ਰੈਣ ਬਸੇਰੇ ਵਿਚ ਪੁੱਜ ਗਏ। ਲੰਘੀਆਂ ਗਰਮੀਆਂ ਦੌਰਾਨ ਨਿਊਰੋਲੌਜਿਸਟ ਵੱਲੋਂ ਲੌਰੈਂਜ਼ੋ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿਤੀ ਗਈ ਅਤੇ ਉਹ ਕਨੂੰਨ ਦੀ ਪ੍ਰੈਕਟਿਸ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੇ ਹਨ।