ਕੈਨੇਡਾ ਤੋਂ ਭਾਰਤ ਜਾਣ ਵਾਲੇ ‘ਸਾਵਧਾਨ’
ਕੈਨੇਡਾ ਤੋਂ ਭਾਰਤ ਜਾਣ ਵਾਲੇ ਸੁਚੇਤ ਜਾਣ। ਜੀ ਹਾਂ, ਫੈਡਰਲ ਸਰਕਾਰ ਵੱਲੋਂ ਨਵੇਂ ਸੁਰੱਖਿਆ ਨਿਯਮ ਲਿਆਂਦੇ ਗਏ ਹਨ ਜਿਨ੍ਹਾਂ ਦੀ ਪਾਲਣਾ ਕਰਦਿਆਂ ਭਾਰਤ ਜਾਣ ਵਾਲੇ ਮੁਸਾਫਰਾਂ ਦੀ ਬਾਰੀਕੀ ਨਾਲ ਪੁਣ-ਛਾਣ ਕੀਤੀ ਜਾਵੇਗੀ;
ਔਟਵਾ : ਕੈਨੇਡਾ ਤੋਂ ਭਾਰਤ ਜਾਣ ਵਾਲੇ ਸੁਚੇਤ ਜਾਣ। ਜੀ ਹਾਂ, ਫੈਡਰਲ ਸਰਕਾਰ ਵੱਲੋਂ ਨਵੇਂ ਸੁਰੱਖਿਆ ਨਿਯਮ ਲਿਆਂਦੇ ਗਏ ਹਨ ਜਿਨ੍ਹਾਂ ਦੀ ਪਾਲਣਾ ਕਰਦਿਆਂ ਭਾਰਤ ਜਾਣ ਵਾਲੇ ਮੁਸਾਫਰਾਂ ਦੀ ਬਾਰੀਕੀ ਨਾਲ ਪੁਣ-ਛਾਣ ਕੀਤੀ ਜਾਵੇਗੀ ਅਤੇ ਬਾਰਡਰ ਅਫ਼ਸਰ ਉਨ੍ਹਾਂ ਦੇ ਸਮਾਨ ਦੀ ਡੂੰਘਾਈ ਨਾਲ ਤਲਾਸ਼ੀ ਵੀ ਲੈਣਗੇ। ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਸੁਰੱਖਿਆ ਜਾਂਚ ਬਾਰੇ ਨਵੇਂ ਮਾਪਦੰਡ ਆਰਜ਼ੀ ਤੌਰ ’ਤੇ ਲਾਗੂ ਕੀਤੇ ਗਏ ਹਨ। ਨਵੇਂ ਨਿਯਮਾਂ ਦੇ ਚਲਦਿਆਂ ਮੁਸਾਫ਼ਰਾਂ ਨੂੰ ਹਵਾਈ ਅੱਡਿਆਂ ’ਤੇ ਸਕ੍ਰੀਨਿੰਗ ਦੌਰਾਨ ਵਾਧੂ ਸਮਾਂ ਲੱਗ ਸਕਦਾ ਹੈ ਅਤੇ ਖੱਜਲ ਖੁਆਰ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਇਕ ਸਰਕਾਰੀ ਅਫ਼ਸਰ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਟੀ ਨੂੰ ਸੌਂਪੀ ਗਈ ਹੈ।
ਹਵਾਈ ਅੱਡਿਆਂ ’ਤੇ ਹੋਵੇਗੀ ਪੁੱਛ-ਪੜਤਾਲ ਅਤੇ ਡੂੰਘਾਈ ਨਾਲ ਤਲਾਸ਼ੀ
ਕੈਨੇਡੀਅਨ ਹਵਾਈ ਅੱਡਿਆਂ ਦੇ ਖਾਸ ਖੇਤਰਾਂ ਵਿਚ ਮੁਸਾਫ਼ਰਾਂ ਦੇ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲੈਣ ਦਾ ਕੰਮ ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਟੀ ਵੱਲੋਂ ਹੀ ਕੀਤਾ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਮੁਸਾਫਰਾਂ ਦੀ ਸਕ੍ਰੀਨਿੰਗ ਦਾ ਮਕਸਦ ਇਹ ਵੀ ਹੈ ਕਿ ਕਿਤੇ ਸਬੰਧਤ ਮੁਸਾਫ਼ਰ ਕਿਸੇ ਮਾਮਲੇ ਵਿਚ ਲੋੜੀਂਦਾ ਤਾਂ ਨਹੀਂ। ਇਸ ਤੋਂ ਇਲਾਵਾ ਕੈਰੀ ਬੈਗਜ਼ ਨੂੰ ਐਕਸਰੇਅ ਮਸ਼ੀਨਾਂ ਵਿਚੋਂ ਲੰਘਾਉਣਾ ਅਤੇ ਹੱਥਾਂ ਨਾਲ ਮੁਸਾਫ਼ਰਾਂ ਦੀ ਤਲਾਸ਼ੀ ਵੀ ਲਈ ਜਾਂਦੀ ਹੈ। ਚੇਤੇ ਰਹੇ ਕਿ ਪਿਛਲੇ ਮਹੀਨੇ ਨਵੀਂ ਦਿੱਲੀ ਤੋਂ ਸ਼ਿਕਾਗੋ ਵਾਸਤੇ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੇ ਖ਼ਤਰੇ ਕਾਰਨ ਕੈਨੇਡਾ ਦੇ ਨੂਨਾਵਤ ਇਲਾਕੇ ਵਿਚ ਉਤਾਰਨਾ ਪਿਆ। ਜਹਾਜ਼ ਦੀ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਸੀ ਮਿਲਿਆ ਪਰ ਮੁਸਾਫਰਾਂ ਨੂੰ ਕੈਨੇਡੀਅਨ ਹਵਾਈ ਫੌਜ ਦੇ ਜਹਾਜ਼ ਰਾਹੀਂ ਸ਼ਿਕਾਗੋ ਪਹੁੰਚਾਇਆ ਗਿਆ। ਅਨੀਤਾ ਆਨੰਦ ਵੱਲੋਂ ਜਾਰੀ ਬਿਆਨ ਨੂੰ ਕਿਸੇ ਘਟਨਾਕ੍ਰਮ ਨਾਲ ਨਹੀਂ ਜੋੜਿਆ ਗਿਆ ਪਰ ਮਾਹਰਾਂ ਦਾ ਮੰਨਣਾ ਹੈ ਕਿ ਬਰੈਂਪਟਨ ਵਿਖੇ ਮੰਦਰ ਅਤੇ ਗੁਰਦਵਾਰੇ ਦੇ ਬਾਹਰ ਵਾਪਰਿਆ ਘਟਨਾਕ੍ਰਮ ਅਤੇ ਇਸ ਮਾਮਲੇ ਵਿਚ ਜਾਰੀ ਕੀਤੇ ਗ੍ਰਿਫ਼ਤਾਰੀ ਵਾਰੰਟ ਨਵੇਂ ਸੁਰੱਖਿਆ ਨਿਯਮਾਂ ਦਾ ਕਾਰਨ ਹੋ ਸਕਦੇ ਹਨ। ਗ੍ਰਿਫ਼ਤਾਰੀ ਵਾਰੰਟ ਅਧੀਨ ਲੋੜੀਂਦੇ ਭਾਰਤੀ ਮੂਲ ਦੇ ਸ਼ੱਕੀ ਕੈਨੇਡਾ ਛੱਡ ਕੇ ਫਰਾਰ ਹੋਣ ਦਾ ਯਤਨ ਕਰ ਸਕਦੇ ਹਨ ਅਤੇ ਅਜਿਹੇ ਵਿਚ ਸੁਰੱਖਿਆ ਜਾਂਚ ਦਾ ਘੇਰਾ ਹੋਰ ਸਖ਼ਤ ਕੀਤਾ ਜਾ ਰਿਹਾ ਹੈ।
ਕੈਨੇਡਾ ਸਰਕਾਰ ਨੇ ਲਿਆਂਦੇ ਨਵੇਂ ਨਿਯਮ
ਸਿਰਫ ਐਨਾ ਹੀ ਨਹੀਂ ਆਰ.ਸੀ.ਐਮ.ਪੀ. ਵੱਲੋਂ ਇਕ ਮਹੀਨਾ ਪਹਿਲਾਂ ਭਾਰਤ ਸਰਕਾਰ ’ਤੇ ਲਾਏ ਗੰਭੀਰ ਦੋਸ਼ ਵੀ ਨਵੇਂ ਨਿਯਮਾਂ ਦਾ ਆਧਾਰ ਹੋ ਸਕਦੇ ਹਨ। ਆਰ.ਸੀ.ਐਮ.ਪੀ. ਨੇ ਦੋਸ਼ ਲਾਇਆ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿਚ ਕਤਲ, ਜਬਰੀ ਵਸੂਲੀ ਅਤੇ ਡਰਾਉਣ-ਧਮਕਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕੈਨੇਡਾ ਸਰਕਾਰ ਵੱਲੋਂ ਉਸੇ ਦਿਨ 6 ਭਾਰਤੀ ਡਿਪਲੋਮੈਟਸ ਨੂੰ ਕੱਢਣ ਦਾ ਐਲਾਨ ਕੀਤਾ ਗਿਆ ਜਿਸ ਦਿਨ ਆਰ.ਸੀ.ਐਮ.ਪੀ ਦੇ ਕਮਿਸ਼ਨਰ ਮਾਈਕ ਡਹੀਮ ਨੇ ਕੈਨੇਡਾ ਵਿਚ ਮੌਜੂਦ ਖਾਲਿਸਤਾਨ ਹਮਾਇਤੀਆਂ ਦੀ ਜਾਨ ਨੂੰ ਖਤਰਾ ਹੋਣ ਦਾ ਵੱਡਾ ਖੁਲਾਸਾ ਕੀਤਾ। ਭਾਰਤ ਸਰਕਾਰ ਵੱਲੋਂ ਆਰ.ਸੀ.ਪੀ.ਐਮ. ਦੇ ਦੋਸ਼ਾਂ ਨੂੰ ਸਿੱਧੇ ਤੌਰ ’ਤੇ ਰੱਦ ਕਰ ਦਿਤਾ ਗਿਆ। ਇਸੇ ਦੌਰਾਨ ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਨਿਯਮ ਵੀ ਸਖ਼ਤ ਕੀਤੇ ਜਾ ਚੁੱਕੇ ਹਨ ਅਤੇ ਵਿਜ਼ਟਰ ਵੀਜ਼ਾ ਤੇ ਸਟੱਡੀ ਵੀਜ਼ਾ ਦੀ ਗਿਣਤੀ ਬੇਹੱਦ ਘਟਾਈ ਜਾ ਚੁੱਕੀ ਹੈ।