ਕੈਨੇਡਾ ਵਿਚ 12 ਸਿੱਖਾਂ ਦੀ ਜਾਨ ’ਤੇ ਮੰਡਰਾਅ ਰਿਹੈ ਖਤਰਾ

ਕੈਨੇਡਾ ਅਤੇ ਭਾਰਤ ਵੱਲੋਂ ਇਕ-ਦੂਜੇ ਦੇ ਡਿਪਲੋਮੈਟ ਕੱਢਣ ਦਰਮਿਆਨ ‘ਵਾਸ਼ਿੰਗਟਨ ਪੋਸਟ’ ਦੀ ਇਕ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ।

Update: 2024-10-15 11:38 GMT

ਔਟਵਾ : ਕੈਨੇਡਾ ਅਤੇ ਭਾਰਤ ਵੱਲੋਂ ਇਕ-ਦੂਜੇ ਦੇ ਡਿਪਲੋਮੈਟ ਕੱਢਣ ਦਰਮਿਆਨ ‘ਵਾਸ਼ਿੰਗਟਨ ਪੋਸਟ’ ਦੀ ਇਕ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ। ਜੀ ਹਾਂ, ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਵਿਚ ਮੌਜੂਦ ਭਾਰਤੀ ਡਿਪਲੋਮੈਟ ਪਿਛਲੇ ਇਕ ਸਾਲ ਤੋਂ ਸਿੱਖ ਵੱਖਵਾਦੀਆਂ ਬਾਰੇ ਜਾਣਕਾਰੀ ਇਕੱਤਰ ਕਰ ਰਹੇ ਸਨ ਅਤੇ ਇਸ ਦੀ ਵਰਤੋਂ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਨਵੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ। ਦੂਜੇ ਪਾਸੇ ਆਰ.ਸੀ.ਐਮ.ਪੀ. ਨੇ ਕਿਹਾ ਕਿ ਇਕ ਦਰਜਨ ਤੋਂ ਵੱਧ ਖਾਲਿਸਤਾਨ ਹਮਾਇਤੀਆਂ ਦੀ ਜਾਨ ’ਤੇ ਵੱਡਾ ਖਤਰਾ ਮੰਡਰਾਅ ਰਿਹਾ ਹੈ। ਅਮਰੀਕਾ ਦੇ ਨਾਮੀ ਅਖਬਾਰ ਦੀ ਰਿਪੋਰਟ ਕਹਿੰਦੀ ਹੈ ਕਿ ਬੀਤੇ ਸ਼ਨਿੱਚਰਵਾਰ ਨੂੰ ਸਿੰਗਾਪੁਰ ਵਿਖੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਕੈਨੇਡਾ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡਰੌਨਿਨ ਵਿਚਾਲੇ ਗੁਪਤ ਮੀਟਿੰਗ ਹੋਈ ਜਿਸ ਵਿਚ ਉਪ ਵਿਦੇਸ਼ ਮੰਤਰੀ ਡੇਵਿਡ ਮੌਰਿਸਨ ਅਤੇ ਆਰ.ਸੀ.ਐਮ.ਪੀ. ਦੇ ਸੀਨੀਅਰ ਅਫਸਰ ਵੀ ਸ਼ਾਮਲ ਸਨ।

ਲਾਰੈਂਸ ਬਿਸ਼ਨੋਈ ਕਿਤੇ ਵੀ ਕਰਵਾ ਸਕਦੈ ਵਾਰਦਾਤ : ਵਾਸ਼ਿੰਗਟਨ ਪੋਸਟ

ਮੀਟਿੰਗ ਦੌਰਾਨ ਕੈਨੇਡੀਅਨ ਧਿਰ ਨੇ ਕਥਿਤ ਸਬੂਤ ਪੇਸ਼ ਕੀਤੇ ਕਿ ਕਿਵੇਂ ਭਾਰਤ ਸਰਕਾਰ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੂੰ ਦਿਤੀ ਗਈ। ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਮੀਟਿੰਗ ਦੌਰਾਨ ਅਜੀਤ ਡੋਵਾਲ ਨੇ ਮੰਨਿਆ ਕਿ ਬਿਸ਼ਨੋਈ ਜੇਲ ਵਿਚੋਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹਿੰਸਾ ਕਰਵਾ ਸਕਦਾ ਹੈ ਪਰ ਨਿੱਜਰ ਕਤਲਕਾਂਡ ਨਾਲ ਕੋਈ ਸਬੰਧ ਹੋਣ ਤੋਂ ਨਾਂਹ ਕਰ ਦਿਤੀ। ਇਹ ਮੀਟਿੰਗ ਪੰਜ ਘੰਟੇ ਚੱਲੀ ਅਤੇ ਅਜੀਤ ਡੋਵਾਲ ਨੇ ਆਪਣੇ ਹਮਰੁਤਬਾ ਕੈਨੇਡੀਅਨ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਗੱਲ ਮੰਨ ਕੇ ਚੱਲਣ ਕਿ ਅੱਜ ਦੀ ਮੀਟਿੰਗ ਕਦੇ ਹੋਈ ਹੀ ਨਹੀਂ। ਵਾਸ਼ਿੰਗਟਨ ਪੋਸਟ ਵੱਲੋਂ ਕੈਨੇਡੀਅਨ ਅਧਿਕਾਰੀਆਂ ਦੇ ਹਵਾਲੇ ਨਾਲ ਕੀਤੇ ਦਾਅਵੇ ਦੀ ਤਸਦੀਕ ਹੁੰਦੇ ਨਜ਼ਰ ਆਈ ਜਦੋਂ ਆਰ.ਸੀ.ਐਮ.ਪੀ. ਦੇ ਕਮਿਸ਼ਨਰ ਮਾਈਕ ਡਹੀਮ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ ਸਰਕਾਰ ਦੇ ਏਜੰਟਾਂ ਵੱਲੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਸ਼ਾਮਲ ਹੋਣ ਦੇ ਸਬੂਤ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਾਰਵਾਈ ਦੇ ਬਾਵਜੂਦ ਕੈਨੇਡਾ ਵਿਚ ਲੋਕ ਸੁਰੱਖਿਆ ਵਾਸਤੇ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਇਕ ਦਰਜਨ ਤੋਂ ਵੱਧ ਮੈਂਬਰਾਂ ਦੀ ਜਾਨ ਖਤਰੇ ਵਿਚ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਖਾਲਿਸਤਾਨ ਹਮਾਇਤੀ ਹਨ। ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਭਾਰਤੀ ਡਿਪਲੋਮੈਟ ਅਤੇ ਕੌਂਸਲੇਟ ਦੇ ਅਧਿਕਾਰੀ ਆਪਣੇ ਅਹੁਦੇ ਦਾ ਫ਼ਾਇਦਾ ਉਠਾਉਂਦਿਆਂ ਭਾਰਤ ਸਰਕਾਰ ਵਾਸਤੇ ਗੁਪਤ ਜਾਣਕਾਰੀ ਇਕੱਤਰ ਕਰ ਰਹੇ ਸਨ। ਇਨ੍ਹਾਂ ਸਾਰੇ ਦਾਅਵਿਆਂ ਦੇ ਸਬੂਤ ਭਾਰਤ ਸਰਕਾਰ ਨੂੰ ਸਿੱਧੇ ਤੌਰ ’ਤੇ ਸੌਂਪੇ ਗਏ। ਸਭ ਤੋਂ ਪਹਿਲਾਂ ਆਰ.ਸੀ.ਐਮ.ਪੀ. ਦੇ ਡਿਪਟੀ ਕਮਿਸ਼ਨਰ ਮਾਰਕ ਫਲਿਨ ਵੱਲੋਂ ਆਪਣੇ ਭਾਰਤੀ ਹਮਰੁਤਬਾ ਅਧਿਕਾਰੀਆਂ ਨਾਲ ਮੁਲਾਕਾਤ ਦਾ ਯਤਨ ਕੀਤਾ ਗਿਆ ਪਰ ਸਫ਼ਲ ਨਾ ਹੋ ਸਕੇ। ਇਸ ਮਗਰੋਂ ਮਾਰਕ ਫਲਿਨ ਕੈਨੇਡਾ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡਰੌਨਿਨ ਅਤੇ ਹੋਰਨਾਂ ਸਣੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲੇ। ਭਾਰਤ ਨੂੰ ਸਾਫ ਤੌਰ ’ਤੇ ਕਿਹਾ ਗਿਆ ਕਿ ਜਾਂਚ ਵਿਚ ਸਹਿਯੋਗ ਕਰਦਿਆਂ ਡਿਪਲੋਮੈਟਸ ਨੂੰ ਮਿਲੀ ਇਮਿਊਨਿਟੀ ਆਰਜ਼ੀ ਤੌਰ ’ਤੇ ਹਟਾ ਲਈ ਜਾਵੇ ਪਰ ਅਜਿਹਾ ਨਾ ਹੋ ਸਕਿਆ। ਇਸੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਕਿਹਾ ਕਿ ਕੈਨੇਡਾ ਨੂੰ ਸਖਤ ਕਾਰਵਾਈ ਕਰਨੀ ਪਈ ਕਿਉਂਕਿ ਮੁਲਕ ਵਿਚ ਮੌਜੂਦ ਡਿਪਲੋਮੈਟਸ ਹਿੰਸਕ ਸਰਗਰਮੀਆਂ ਵਿਚ ਸ਼ਾਮਲ ਰਹੇ।

Tags:    

Similar News